‘ਇਮਰਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼’ ਪਾਕਿਸਤਾਨ ਖਾਨਾਜੰਗੀ ਵੱਲ

11/04/2022 12:57:27 AM

10 ਅਪ੍ਰੈਲ, 2022 ਨੂੰ ਪਾਕਿਸਤਾਨ ’ਚ ਇਮਰਾਨ ਖਾਨ ਦੀ ਅਗਵਾਈ ਵਾਲੀ ਪੀ. ਟੀ. ਆਈ. ਸਰਕਾਰ  ਡਿੱਗਣ ਅਤੇ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ’ਚ ਪੀ. ਐੱਮ. ਐੱਲ. (ਐੱਨ.)  ਦੇ ਸੱਤਾ ’ਚ ਆਉਣ ਦੇ ਸਮੇਂ ਤੋਂ ਹੀ ਇਮਰਾਨ ਖਾਨ ਨੇ ਅੰਦੋਲਨ ਸ਼ੁਰੂ ਕਰ ਰੱਖਿਆ ਹੈ। ਇਸੇ ਸਿਲਸਿਲੇ ’ਚ  ਦੇਸ਼ ’ਚ ਜਲਦੀ ਚੋਣਾਂ ਕਰਾਉਣ ਦੀ ਮੰਗ ’ਤੇ ਜ਼ੋਰ ਦੇਣ  ਦੇ ਲਈ ਉਨ੍ਹਾਂ ਨੇ 28 ਅਕਤੂਬਰ  ਤੋਂ ਲਾਹੌਰ ਤੋਂ ਇਸਲਾਮਾਬਾਦ ਤੱਕ ‘ਹਕੀਕੀ (ਅਸਲੀ) ਆਜ਼ਾਦੀ ਮਾਰਚ’ ਸ਼ੁਰੂ ਕੀਤਾ ਜਿਸ ਨੂੰ  ਲੋਕਾਂ ਦਾ ਅਪਾਰ ਸਮਰਥਨ ਪ੍ਰਾਪਤ ਹੋ ਰਿਹਾ ਸੀ। ਪਹਿਲਾਂ ਇਸ ਨੇ 4 ਨਵੰਬਰ ਨੂੰ ਇਸਲਾਮਾਬਾਦ ਪਹੁੰਚਣਾ ਸੀ ਪਰ ਬਾਅਦ ’ਚ ਇਸ ਦੀ ਮਿਤੀ ਅੱਗੇ ਵਧਾ ਕੇ 8 ਨਵੰਬਰ ਕਰ ਦਿੱਤੀ  ਗਈ। ‘ਆਜ਼ਾਦੀ ਮਾਰਚ’ ਤੋਂ ਪਹਿਲਾਂ ਇਮਰਾਨ ਖਾਨ ਨੇ ਕਿਹਾ ਸੀ ਕਿ ਇਹ ‘ਮਾਰਚ’ ਸਿਆਸੀ ਜਾਂ ਨਿੱਜੀ ਹਿੱਤ ਲਈ ਨਹੀਂ ਸਗੋਂ ਦੇਸ਼ ਨੂੰ ਸੱਚੀ ਆਜ਼ਾਦੀ ਦਿਵਾਉਣ ਦੇ ਲਈ ਹੈ। 

8 ਅਕਤੂਬਰ ਨੂੰ ਇਮਰਾਨ ਖਾਨ ਨੇ ਦੋਸ਼ ਲਾਇਆ ਸੀ ਕਿ 4 ਵਿਅਕਤੀ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਵਿਰੋਧੀ ਕਹਿ ਰਹੇ ਹਨ ਕਿ ਉਹ ਉਨ੍ਹਾਂ ਨੂੰ ‘ਆਜ਼ਾਦੀ ਮਾਰਚ’ ਪੂਰਾ ਕਰ ਕੇ ਇਸਲਾਮਾਬਾਦ ਪਹੁੰਚਣ ਨਹੀਂ ਦੇਣਗੇ। ਇਮਰਾਨ ਨੇ ਪਹਿਲਾਂ ਪਾਕਿਸਤਾਨ ਦੀ ਫੌਜ ’ਤੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜ਼ਿਸ਼ ਰਚਣ ਦੀ ਗੱਲ ਕਹੀ ਸੀ ਪਰ 30 ਅਕਤੂਬਰ ਨੂੰ ਉਨ੍ਹਾਂ ਨੇ ਮੁਆਫੀ ਮੰਗਦੇ ਹੋਏ ਕਹਿ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਫੌਜ ਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਆਲੋਚਨਾ ਦਾ ਮਕਸਦ ਫੌਜ ਨੂੰ ਬਿਹਤਰ ਬਣਾਉਣਾ ਹੈ। ਸ਼ਾਹਬਾਜ਼ ਸਰਕਾਰ ’ਚ ਮੰਤਰੀ ਰਾਣਾ ਸਨਾਉੱਲਾ ਨੇ ਪਹਿਲਾਂ ਹੀ ਕਾਨੂੰਨ ਤੋੜਨ ਅਤੇ ਰਾਜਧਾਨੀ ਇਸਲਾਮਾਬਾਦ ’ਚ ਕਾਨੂੰਨ ਵਿਵਸਥਾ ਵਿਗਾੜਣ ਦੀ ਕੋਸ਼ਿਸ਼ ਕਰਨ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੋਈ ਸੀ। 

ਇਸ ਦੇ ਜਵਾਬ ’ਚ ਪੀ. ਟੀ. ਆਈ. ਦੇ ਜਨਰਲ ਸਕੱਤਰ ਅਸਰ ਉਮਰ ਨੇ ਕਿਹਾ ਸੀ ਕਿ ਵਿਰੋਧ ਸ਼ਾਂਤੀਪੂਰਨ ਹੋਵੇਗਾ ਪਰ  3 ਨਵੰਬਰ ਨੂੰ ਸਾਰੇ ਦਾਅਵੇ ਧਰੇ ਦੇ ਧਰੇ ਰਹਿ ਗਏ ਜਦੋਂ ਇਮਰਾਨ ਪੰਜਾਬ ਸੂਬੇ ਦੇ ਗੁਜਰਾਂਵਾਲਾ ਦੇ ਅੱਲਾਵਾਲਾ ਚੌਕ ’ਚ ਕੰਟੇਨਰ ’ਤੇ ਖੜ੍ਹੇ ਹੋ ਕੇ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ’ਤੇ ਗੋਲੀ ਚਲਾਈ ਗਈ। ਗੁਜਰਾਂਵਾਲਾ ਸ਼ਾਹਬਾਜ਼ ਸ਼ਰੀਫ ਦਾ ਚੋਣ ਹਲਕਾ ਹੈ। ਹਮਲੇ ’ਚ ਇਮਰਾਨ ਖਾਨ ਸਮੇਤ 7 ਵਿਅਕਤੀ ਜ਼ਖਮੀ ਹੋ ਗਏ ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਇਮਰਾਨ ਖਾਨ ਦੇ ਦੋਵਾਂ ਪੈਰਾਂ ’ਚ ਗੋਲੀਆਂ ਲੱਗੀਆਂ ਹਨ ਪਰ ਉਹ ਠੀਕ ਹਨ ਅਤੇ ਉਨ੍ਹਾਂ ਨੂੰ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ’ਚ ਦਾਖਲ ਕਰਾ  ਦਿੱਤਾ ਗਿਆ ਹੈ। ਇਮਰਾਨ ਦੀ ਪਾਰਟੀ ਨੇ ਇਸ ਨੂੰ ਉਨ੍ਹਾਂ ਦੀ ਹੱਤਿਆ  ਦੀ ਕੋਸ਼ਿਸ਼ ਦੱਸਿਆ  ਹੈ। 

ਚਸ਼ਮਦੀਦਾਂ  ਦੇ ਅਨੁਸਾਰ ਦੋ ਹਮਲਾਵਰਾਂ ’ਚੋਂ ਇਕ ਨੇ ਇਮਰਾਨ ਖਾਨ ਦੇ ਕੰਟੇਨਰ ’ਤੇ ਗੋਲੀ ਚਲਾਈ। ਭੀੜ  ਵੱਲੋਂ ਦਬੋਚੇ ਜਾਣ ਦੇ ਬਾਅਦ ਪੁਲਸ ਉਨ੍ਹਾਂ ਨੂੰ ਅਗਿਆਤ ਥਾਂ ’ਤੇ ਲੈ ਗਈ। ਹਮਲਾਵਰਾਂ  ’ਚੋਂ ਇਕ ਦਾ ਨਾਂ ਫੈਸਲਬੱਟ ਅਤੇ ਦੂਜੇ ਦੀ ਪਛਾਣ ਮੁਹੰਮਦ ਨਵੀਦ ਦੇ  ਰੂਪ ’ਚ ਹੋਈ ਹੈ। ਇਸੇ  ਦਰਮਿਆਨ ਇਮਰਾਨ ਖਾਨ ’ਤੇ ਗੋਲੀ ਚਲਾਉਣ ਵਾਲੇ ਬੰਦੂਕਧਾਰੀ ਮੁਹੰਮਦ ਨਵੀਦ ਨੂੰ ਪਾਰਟੀ ਦੇ  ਸਮਰਥਕਾਂ ਨੇ ਫੜ ਲਿਆ ਜਿਸ ਨੂੰ ਬਾਅਦ ’ਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਕ ਵੀਡੀਓ ’ਚ  ਉਹ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ‘‘ਇਮਰਾਨ ਖਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ  ਸੀ। ਮੈਂ ਸੋਚ ਲਿਆ ਸੀ ਕਿ ਉਸ ਨੂੰ ਗੋਲੀ ਮਾਰਨੀ ਹੈ। ਮੈਂ ਇਕੱਲਾ ਹਾਂ ਤੇ ਮੇਰੇ ਪਿੱਛੇ  ਕੋਈ ਨਹੀਂ ਹੈ।’’
ਇਮਰਾਨ  ਦੀ ਪਾਰਟੀ ਦੇ ਇਕ ਮੈਂਬਰ ਦਾ ਕਹਿਣਾ ਹੈ ਕਿ ਗੋਲੀ ਏ. ਕੇ.  47 ਤੋਂ ਚੱਲੀ ਹੈ, ਪਿਸਟਲ ਤੋਂ ਨਹੀਂ। ਏ. ਐੱਫ. ਪੀ. ਦੇ ਅਨੁਸਾਰ ਇਕ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ। 

ਇਸ ਘਟਨਾ ਦੇ ਸਬੰਧ ’ਚ ਸਰਕਾਰ ਵੱਲੋਂ  ਕਿਹਾ ਗਿਆ ਹੈ ਕਿ ਉਸ ਨੇ ਇਮਰਾਨ  ਨੂੰ ਇਹ ਮਾਰਚ ਨਾ ਕੱਢਣ ਦੇ ਲਈ ਸੁਚੇਤ ਕੀਤਾ ਸੀ ਕਿਉਂਕਿ ਇਹ  ਖਤਰਨਾਕ ਇਲਾਕਾ ਹੈ ਪਰ  ਇਮਰਾਨ ਨੇ ਆਪਣੀ ਸੁਰੱਖਿਆ ’ਤੇ ਧਿਆਨ ਨਹੀਂ ਦਿੱਤਾ। ਇਸ ਲਈ ਇਹ ਹਮਲਾ ਹੋਇਆ ਹੈ। ਇਮਰਾਨ  ਖਾਨ ਨੇ  ਕਿਹਾ ਹੈ ਕਿ ਅੱਲ੍ਹਾ ਦੀ ਕਿਰਪਾ ਨਾਲ ਉਹ ਬਚ ਗਏ ਹਨ  ਅਤੇ ਉਹ ਇਸ ਦਾ ਬਦਲਾ ਜ਼ਰੂਰ ਲੈਣਗੇ ਅਤੇ ‘ਮਾਰਚ’ ਜਾਰੀ ਰਹੇਗਾ। ਜਿੱਥੇ ਪ੍ਰਧਾਨ ਮੰਤਰੀ  ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਉੱਥੇ ਹੀ ਸ਼ਾਹਬਾਜ਼  ਸਰਕਾਰ ’ਚ ਮੰਤਰੀ ਮਰੀਅਮ ਔਰੰਗਜ਼ੇਬ ਨੇ ਲੋਕਾਂ ਨੂੰ ਇਸ ਮਾਮਲੇ ਨੂੰ ਸਿਆਸੀ ਰੰਗਤ ਨਾ  ਦੇਣ ਦੀ ਅਪੀਲ ਕੀਤੀ ਹੈ। 
ਇਮਰਾਨ ਖਾਨ ’ਤੇ ਹਮਲੇ ਦੀ ਖਬਰ ਆਉਂਦੇ ਹੀ ਪਾਕਿਸਤਾਨ ’ਚ  ਲੋਕਾਂ ’ਚ ਭਾਰੀ ਗੁੱਸਾ ਭੜਕ ਉੱਠਿਆ ਹੈ। ਰਾਵਲਪਿੰਡੀ, ਕਰਾਚੀ, ਲਾਹੌਰ, ਵਜ਼ੀਰਾਬਾਦ,  ਕਵੇਟਾ ਆਦਿ ਵੱਡੇ ਸ਼ਹਿਰਾਂ ’ਚ ਲੋਕ ਸੜਕਾਂ ’ਤੇ ਉਤਰ ਆਏ ਹਨ ਅਤੇ  ਹਿੰਸਕ ਰੋਸ ਵਿਖਾਵੇ  ਸ਼ੁਰੂ ਹੋ ਗਏ ਹਨ।

ਇਹੀ ਨਹੀਂ, ਤੇਜ਼ੀ ਨਾਲ ਬਦਲਦੇ ਹਾਲਾਤ ਦੇ ਦਰਮਿਆਨ ਜਿੱਥੇ ਇਮਰਾਨ  ਦੇ ਆਜ਼ਾਦੀ ਮਾਰਚ ਦੇ ਜਾਰੀ ਰਹਿਣ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਉੱਥੇ ਹੀ  ਪਾਕਿਸਤਾਨ ’ਚ ਭਾਰੀ ਸਿਆਸੀ ਉਥਲ-ਪੁਥਲ  ਅਤੇ ਖਾਨਾਜੰਗੀ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਜੋ  ਵੀ ਹੋਵੇ ਇੰਨਾ ਤਾਂ ਤੈਅ ਹੈ ਕਿ ਇਮਰਾਨ ’ਤੇ ਹਮਲੇ ਦੇ ਬਾਅਦ ਸ਼ਾਹਬਾਜ਼ ਸ਼ਰੀਫ ਸਰਕਾਰ  ਬੈਕਫੁੱਟ ’ਤੇ ਆ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਨੂੰ ਇਸ ਤਰ੍ਹਾਂ   ਸਟੇਜ ਕੀਤਾ ਗਿਆ ਲੱਗਦਾ ਹੈ ਕਿ ਸਾਰੀ  ਬਦਇੰਤਜ਼ਾਮੀ ਦੇ ਲਈ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ  ਜ਼ਿੰਮੇਵਾਰ ਦਿਖਾਇਆ ਜਾ ਸਕੇ ਪਰ ਸ਼ੱਕ ਦੀ ਸੂਈ ਫੌਜ ਵੱਲ  ਵੀ ਜਾਂਦੀ ਹੈ ਕਿਉਂਕਿ ਉਸ ਦੀ  ਇਜਾਜ਼ਤ, ਪਲਾਨਿੰਗ ਅਤੇ ਮਿਲੀਭੁਗਤ ਦੇ ਬਿਨਾਂ  ਇਹ ਹਮਲਾ ਨਹੀਂ ਹੋ ਸਕਦਾ ਸੀ। ਜੋ  ਵੀ ਹੋਵੇ, ਇਸ ਹਮਲੇ ਨੇ ਪਾਕਿਸਤਾਨ ਦੀ ਸਿਆਸੀ ਸਥਿਤੀ ਨੂੰ ਹੋਰ ਵੱਧ ਧਮਾਕਾਖੇਜ਼ ਬਣਾ  ਦਿੱਤਾ ਹੈ ਜਿਸ ’ਚ  ਕਹਿਣਾ ਔਖਾ ਹੈ ਕਿ ਉੱਥੇ ਕਦੋਂ ਕੀ ਹੋ ਜਾਵੇ।

   -ਵਿਜੇ ਕੁਮਾਰ

Mandeep Singh

This news is Content Editor Mandeep Singh