ਪਾਕਿਸਤਾਨ ਨੇ ਪੰਜਾਬ ''ਚ ਵੀ ਸ਼ੁਰੂ ਕੀਤੀਆਂ ਅੱਤਵਾਦੀ ਸਰਗਰਮੀਆਂ

07/28/2015 4:31:21 AM

ਹੋਂਦ ''ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਅਤੇ ਉਥੋਂ ਦੀ ਫੌਜ ਨੇ ਭਾਰਤ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ। ਭਾਰਤ ਹੱਥੋਂ 1947, 1965, 1971 ਅਤੇ 1999 (ਕਾਰਗਿਲ) ਦੀਆਂ ਜੰਗਾਂ ''ਚ ਮੂੰਹ ਦੀ ਖਾਣ ਦੇ ਬਾਵਜੂਦ ਪਾਕਿ ਫੌਜ ਤੇ ਹਾਕਮ ਆਪਣੀਆਂ ਭਾਰਤ ਵਿਰੋਧੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। 
ਇਕ ਪਾਸੇ ਪਾਕਿਸਤਾਨ ਸਰਕਾਰ ਭਾਰਤ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਲਈ ਭਾਰਤ ''ਚ ਜਾਅਲੀ ਕਰੰਸੀ ਭੇਜ ਰਹੀ ਹੈ ਅਤੇ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਕਰਵਾ ਕੇ ਭਾਰਤ ਦੀ ਨੌਜਵਾਨ ਪੀੜ੍ਹੀ ਦੀ ਸਿਹਤ ਬਰਬਾਦ ਕਰ ਰਹੀ ਹੈ ਤਾਂ ਦੂਜੇ ਪਾਸੇ ਭਾਰਤ ''ਚ ਅੱਤਵਾਦੀ ਸਰਗਰਮੀਆਂ ਨੂੰ ਲਗਾਤਾਰ ਸ਼ਹਿ ਦੇ ਰਹੀ ਹੈ।
ਇਸ ਤੋਂ ਇਲਾਵਾ ਮਕਬੂਜ਼ਾ ਕਸ਼ਮੀਰ ''ਚ 40 ਤੋਂ ਜ਼ਿਆਦਾ ਕੈਂਪ ਚੱਲ ਰਹੇ ਹਨ, ਜਿਨ੍ਹਾਂ ''ਚ ਘੱਟੋ-ਘੱਟ 300 ਅੱਤਵਾਦੀ ਟ੍ਰੇਨਿੰਗ ਲੈ ਰਹੇ ਹਨ। ਇਸੇ ਲਈ ਕਸ਼ਮੀਰ ''ਚ 1990 ਦੇ ਦਹਾਕੇ ''ਚ ਸ਼ੁਰੂ ਹੋਇਆ ਅੱਤਵਾਦ ਅਜੇ ਵੀ ਜਾਰੀ ਹੈ।
ਜੰਮੂ-ਕਸ਼ਮੀਰ ''ਚ ਜਾਰੀ ਅੱਤਵਾਦ ਦੇ ਨਾਲ-ਨਾਲ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਵਲੋਂ ਪੰਜਾਬ ''ਚ ਵੀ ਲੱਗਭਗ ਦੋ ਦਹਾਕਿਆਂ ਬਾਅਦ ਹੁਣ ਇਕ ਵਾਰ ਫਿਰ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ ਹਨ।
27 ਜੁਲਾਈ ਨੂੰ ਸਵੇਰੇ ਸਾਢੇ ਪੰਜ ਵਜੇ ਸੂਬੇ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਦੀਨਾਨਗਰ ਕਸਬੇ ''ਚ ਅੱਤਵਾਦੀਆਂ ਨੇ ਇਕ ਹਮਲੇ ''ਚ ਸੁਰੱਖਿਆ ਬਲਾਂ ਦੇ 4 ਜਵਾਨਾਂ ਸਮੇਤ 7 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਫੌਜੀ ਵਰਦੀ ''ਚ ਏ. ਕੇ. 47 ਰਾਈਫਲਾਂ ਨਾਲ ਲੈਸ 3 ਅੱਤਵਾਦੀਆਂ ਦੇ ਸੰਬੰਧ ''ਚ ਸ਼ੱਕ ਹੈ ਕਿ ਇਹ ਜੰਮੂ ਅਤੇ ਪਠਾਨਕੋਟ ਦਰਮਿਆਨ ਬਿਨਾਂ ਵਾੜ ਦੀ ਹੱਦ ਦੇ ਜ਼ਰੀਏ ਜਾਂ ਜੰਮੂ ਜ਼ਿਲੇ ਦੇ ਚੱਕਹੀਰਾ ਵਾਲੇ ਰਸਤੇ ਭਾਰਤ ''ਚ ਚੋਰੀ-ਛਿਪੇ ਵੜ ਆਏ ਸਨ।
ਇਹ ਵੀ ਸੰਭਵ ਹੈ ਕਿ ਉਨ੍ਹਾਂ ਨੇ ਹੀਰਾਨਗਰ ਦੇ ਦੱਖਣ ਤੋਂ ਪੰਜਾਬ ਦੀ ਸਰਹੱਦ ''ਚ ਘੁਸਪੈਠ ਕੀਤੀ ਹੋਵੇ, ਜਿਥੇ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਕਈ ਨਦੀਆਂ-ਨਾਲੇ ਪੈਂਦੇ ਹਨ। ਉਥੋਂ ਬਰਸਾਤ ਦੀ ਰੁੱਤ ''ਚ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਪਿੱਛੇ ਹਟਣਾ ਪੈਂਦਾ ਹੈ ਅਤੇ ਇਸ ਨਾਲ ਘੁਸਪੈਠ ਦੀ ਸੰਭਾਵਨਾ ਵਧ ਜਾਂਦੀ ਹੈ। 
ਭਾਰਤ ਦੀ ਸਰਹੱਦ ''ਚ ਘੁਸਪੈਠ ਕਰਕੇ ਇਕ ਬੱਸ ਰਾਹੀਂ ਇਥੇ ਪੁੱਜਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਰੋਡਵੇਜ਼ ਦੀ ਇਕ ਬੱਸ ''ਤੇ ਫਾਇਰਿੰਗ ਕਰਕੇ 5 ਵਿਅਕਤੀਆਂ ਨੂੰ ਜ਼ਖ਼ਮੀ ਕੀਤਾ ਤੇ ਫਿਰ ਇਕ ਕਾਰ ਡਰਾਈਵਰ ''ਤੇ ਫਾਇਰਿੰਗ ਕਰਕੇ ਉਸ ਤੋਂ ਕਾਰ ਖੋਹ ਕੇ ਫਾਇਰਿੰਗ ਕਰਦਿਆਂ ਦੀਨਾਨਗਰ ਥਾਣੇ ''ਚ ਵੜ ਕੇ ਫਾਇਰਿੰਗ ਕਰਨ ਲੱਗੇ। ਇਸ ਦਰਮਿਆਨ ਅੰਮ੍ਰਿਤਸਰ-ਪਠਾਨਕੋਟ ਸੈਕਸ਼ਨ ''ਤੇ 5 ਜ਼ਿੰਦਾ ਬੰਬ ਵੀ ਬਰਾਮਦ ਹੋਏ, ਜਿਸ ਕਾਰਨ ਅੰਮ੍ਰਿਤਸਰ-ਪਠਾਨਕੋਟ ਰੂਟ ''ਤੇ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। 
ਉੱਤਰੀ ਖੇਤਰ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਐੱਮ. ਐੱਲ. ਛਿੱਬੜ ਨੂੰ ਖਦਸ਼ਾ ਹੈ ਕਿ ਭਾਰਤ ''ਚ ਪਹਿਲਾਂ ਤੋਂ ਹੀ ਇਨ੍ਹਾਂ ਅੱਤਵਾਦੀਆਂ ਦੇ ਸਲੀਪਰ ਸੈੱਲ ਮੌਜੂਦ ਸਨ, ਜਿਸ ਦੀ ਵਜ੍ਹਾ ਕਰਕੇ ਉਹ ਇੰਨੀ ਆਸਾਨੀ ਨਾਲ ਇਥੋਂ ਤਕ ਪਹੁੰਚ ਸਕੇ। ਪਹਿਲਾਂ ਸਰਹੱਦੀ ਇਲਾਕਿਆਂ ''ਚ ਠੀਕਰੀ ਪਹਿਰੇ ਲੱਗਦੇ ਹੁੰਦੇ ਸਨ, ਜਿਸ ਕਾਰਨ ਉਥੇ ਕਿਸੇ ਬਾਹਰਲੇ ਜਾਂ ਸ਼ੱਕੀ ਆਦਮੀ ਦੇ ਆਉਣ ਦਾ ਪਤਾ ਲੱਗ ਜਾਂਦਾ ਸੀ ਪਰ ਹੁਣ ਇਨ੍ਹਾਂ ਦੇ ਬੰਦ ਹੋ ਜਾਣ ਨਾਲ ਘੁਸਪੈਠ ਆਸਾਨ ਹੋ ਗਈ ਹੈ।
ਇਸੇ ਤਰ੍ਹਾਂ ਫੌਜ ਦੇ ਸਾਬਕਾ ਮੁਖੀ ਜਨਰਲ ਵੀ. ਪੀ. ਮਲਿਕ ਅਨੁਸਾਰ ਭਾਰਤੀ ਸੁਰੱਖਿਆ ਬਲਾਂ ''ਚ ''ਪੇਸ਼ੇਵਰਾਨਾ ਨਜ਼ਰੀਏ'' ਦੀ ਕਮੀ ਆ ਰਹੀ ਹੈ ਤੇ ਸਿਆਸੀ ਦਖਲ ਵਧਣ ਕਰਕੇ ਸਾਡੇ ਸੁਰੱਖਿਆ ਬਲਾਂ ਦੀ ਕਾਰਜ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ।
ਅੱਜ ਵੀ ਸਾਡੀਆਂ ਸਰਹੱਦਾਂ ਕਮਜ਼ੋਰ ਹਨ। ਉਨ੍ਹਾਂ ਨੂੰ ਇਸਰਾਈਲ ਦੀ ਸਹਾਇਤਾ ਨਾਲ ਮਜ਼ਬੂਤ ਕਰਨ ਦੀ ਯੋਜਨਾ ਅਜੇ ਵੀ ਅੱਧ ''ਚ ਲਟਕੀ ਹੋਈ ਹੈ। ਨਾ ਸਿਰਫ ਸੁਰੱਖਿਆ ਬਲਾਂ ''ਚ ਹੇਠਲੇ ਅਤੇ ਉੱਚ ਪੱਧਰ ਦੇ ਸਟਾਫ ਸਗੋਂ ਆਧੁਨਿਕ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵੀ ਘਾਟ ਹੈ, ਜਿਸ ਕਾਰਨ ਉਹ ਦੁਸ਼ਮਣ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ''ਚ ਸਫਲ ਨਹੀਂ ਹੁੰਦੇ। ਇਸ ਦੇ ਉਲਟ ਅੱਤਵਾਦੀ ਲਗਾਤਾਰ ਆਪਣੇ ਆਪ ਨੂੰ ਆਧੁਨਿਕ ਸਾਧਨਾਂ ਨਾਲ ਲੈਸ ਕਰ ਰਹੇ ਹਨ। 
ਸਪੱਸ਼ਟ ਤੌਰ ''ਤੇ ਇਹ ਹਮਲਾ ਭਾਰਤੀ ਖੁਫੀਆ ਤੰਤਰ ਅਤੇ ਭਾਰਤੀ ਕੂਟਨੀਤੀ ਦੀ ਅਸਫਲਤਾ ਦਾ ਨਤੀਜਾ ਹੈ, ਜਿਸ ਬਾਰੇ ਕਾਂਗਰਸ ਦੇ ਬੁਲਾਰੇ ਆਰ. ਪੀ. ਐੱਨ. ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ''''ਪਾਕਿਸਤਾਨ ਬਾਰੇ ਭਾਰਤ ਦੀ ਵਿਦੇਸ਼ ਨੀਤੀ ਕੌਮਾਂਤਰੀ ਮਜ਼ਾਕ ਬਣ ਕੇ ਰਹਿ ਗਈ ਹੈ।''''
ਕਿਉਂਕਿ ਲੈ. ਜ. ਛਿੱਬੜ ਅਤੇ ਜਨਰਲ ਮਲਿਕ ਨੇ ਪਾਕਿਸਤਾਨ ਦੇ ਵਿਰੁੱਧ ਜੰਗਾਂ ''ਚ ਹਿੱਸਾ ਲੈ ਕੇ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ''ਤੇ ਇਹ ਟਿੱਪਣੀਆਂ ਕੀਤੀਆਂ ਹਨ, ਇਸ ਲਈ ਇਨ੍ਹਾਂ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ। ਪਿਛਲੀ ਯੂ. ਪੀ. ਏ. ਸਰਕਾਰ ਤੇ ਮੌਜੂਦਾ ਐੱਨ. ਡੀ. ਏ. ਸਰਕਾਰ ਦੇ ਬੁਲੰਦ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਰੱਖਿਆ ਨੀਤੀ ''ਚ ਕੋਈ ਜ਼ਿਕਰਯੋਗ ਤਰੱਕੀ ਦੇਖਣ ਨੂੰ ਨਹੀਂ ਮਿਲ ਰਹੀ। 
-ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra