ਪੰਜਾਬ ਦੇ ਫਿਰਕੂ ਕਤਲਾਂ ਪਿੱਛੇ ਪਾਕਿਸਤਾਨ ਦਾ ਹੱਥ

11/09/2017 6:49:40 AM

ਪਿਛਲੇ 2 ਸਾਲਾਂ ਦੌਰਾਨ ਪੰਜਾਬ 'ਚ ਹੋਏ ਹਾਈ-ਪ੍ਰੋਫਾਈਲ ਕਤਲਾਂ ਕਾਰਨ ਸੂਬੇ 'ਚ ਫਿਰਕੂ ਸਦਭਾਵਨਾ ਖਤਰੇ 'ਚ ਪੈਂਦੀ ਦਿਖਾਈ ਦੇ ਰਹੀ ਸੀ। ਅਪਰਾਧੀਆਂ ਦੇ ਨਾ ਫੜੇ ਜਾਣ ਕਾਰਨ ਲੋਕਾਂ ਨੂੰ ਇਸ ਗੱਲ 'ਤੇ ਭਾਰੀ ਹੈਰਾਨੀ ਹੋ ਰਹੀ ਸੀ ਕਿ ਅੱਤਵਾਦ ਦੇ ਦੌਰ 'ਚ ਅੱਤਵਾਦੀਆਂ ਨਾਲ ਡਟ ਕੇ ਲੋਹਾ ਲੈਣ ਵਾਲੇ ਸਮਰੱਥ ਪੁਲਸ ਅਧਿਕਾਰੀ ਹੋਣ ਦੇ ਬਾਵਜੂਦ ਇਹ ਸਿਲਸਿਲਾ ਰੁਕ ਕਿਉਂ ਨਹੀਂ ਰਿਹਾ। 2016 'ਚ 3 ਅਪ੍ਰੈਲ ਨੂੰ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ, 23 ਅਪ੍ਰੈਲ ਨੂੰ ਖੰਨਾ 'ਚ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ ਲਲਹੇੜੀ ਰੋਡ ਚੌਕ 'ਚ, 6 ਅਗਸਤ ਨੂੰ ਜਲੰਧਰ 'ਚ ਆਰ. ਐੱਸ. ਐੱਸ. ਦੇ ਆਗੂ ਜਗਦੀਸ਼ ਗਗਨੇਜਾ ਦੀ ਸੜਕ 'ਤੇ ਹੱਤਿਆ ਕੀਤੀ ਗਈ।
ਇਸੇ ਤਰ੍ਹਾਂ 2017 'ਚ 14 ਜਨਵਰੀ ਨੂੰ ਲੁਧਿਆਣਾ ਵਿਖੇ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਦੁਰਗਾ ਮਾਤਾ ਮੰਦਿਰ ਨੇੜੇ, 25 ਫਰਵਰੀ ਨੂੰ ਅਹਿਮਦਗੜ੍ਹ ਦੇ ਨਾਮ ਚਰਚਾ ਘਰ ਦੀ ਕੰਟੀਨ 'ਚ ਡੇਰਾ ਪ੍ਰੇਮੀ ਸੱਤਪਾਲ ਅਤੇ ਉਸ ਦੇ ਬੇਟੇ ਰਮੇਸ਼, 16 ਜੂਨ ਨੂੰ ਲੁਧਿਆਣਾ 'ਚ ਪਾਸਟਰ ਸੁਲਤਾਨ, 17 ਅਕਤੂਬਰ ਨੂੰ ਆਰ. ਐੱਸ. ਐੱਸ. ਸ਼ਾਖਾ ਦੇ ਮੁਖੀ ਰਵਿੰਦਰ ਗੋਸਾਈਂ ਦੀ ਉਨ੍ਹਾਂ ਦੇ ਘਰ ਦੇ ਬਾਹਰ ਅਤੇ 30 ਅਕਤੂਬਰ ਨੂੰ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਭਾਰਤ ਨਗਰ, ਅੰਮ੍ਰਿਤਸਰ 'ਚ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ।
ਪੁਲਸ ਨੇ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਘਟਨਾ ਵਾਲੀਆਂ ਥਾਵਾਂ ਨੇੜੇ ਘੱਟੋ-ਘੱਟ 1500 ਕੈਮਰਿਆਂ ਨੂੰ ਖੰਗਾਲਿਆ ਪਰ ਕੋਈ ਸੁਰਾਗ ਨਹੀਂ ਲਾ ਸਕੀ। ਸੀ. ਬੀ. ਆਈ.  ਦੀ ਫੋਰੈਂਸਿਕ ਟੀਮ ਵੀ ਕਾਤਲਾਂ ਨੂੰ ਨਹੀਂ ਫੜ ਸਕੀ। ਇਸੇ ਦੌਰਾਨ ਇਹ ਰਹੱਸ ਵੀ ਜ਼ਾਹਿਰ ਹੋਇਆ ਕਿ ਦੋਸ਼ੀ ਘਟਨਾ ਦੇ ਸਮੇਂ ਪਛਾਣ ਲੁਕੋਣ ਲਈ ਆਪਣੇ ਕੱਪੜਿਆਂ ਅੰਦਰ ਅਜਿਹੇ ਪਹਿਰਾਵੇ ਪਾ ਲੈਂਦੇ ਸਨ, ਜਿਨ੍ਹਾਂ ਨਾਲ ਉਨ੍ਹਾਂ ਦਾ ਸਰੀਰ ਬਹੁਤ ਮਜ਼ਬੂਤ ਨਜ਼ਰ ਆਉਂਦਾ ਸੀ। ਫਿਲਹਾਲ ਇਨ੍ਹਾਂ ਮਾਮਲਿਆਂ 'ਚ ਠੋਸ ਸੁਰਾਗ ਲੁਧਿਆਣਾ ਵਿਖੇ ਰਵਿੰਦਰ ਗੋਸਾਈਂ ਕਤਲਕਾਂਡ ਦੀ ਜਾਂਚ ਦੌਰਾਨ ਮਿਲਿਆ, ਜਦੋਂ ਪਤਾ ਲੱਗਾ ਕਿ ਕਾਤਲ ਇਕ ਹੀ ਐਂਗਲ ਤੋਂ ਗੋਲੀ ਚਲਾਉਂਦੇ ਹਨ। ਉਨ੍ਹਾਂ ਦੇ ਚੱਲਣ ਦਾ ਸਟਾਈਲ ਵਾਰ-ਵਾਰ ਦੇਖਣ 'ਤੇ ਪਤਾ ਲੱਗਾ ਕਿ ਇਨ੍ਹਾਂ ਕਤਲਾਂ ਪਿੱਛੇ ਇਕ ਹੀ ਗਿਰੋਹ ਹੈ। ਇਨ੍ਹਾਂ ਸਾਰੇ ਅਪਰਾਧਾਂ 'ਚ ਤਿੰਨ ਹਥਿਆਰ—9 ਐੱਮ. ਐੱਮ., ਪੁਆਇੰਟ 32 ਤੇ ਪੁਆਇੰਟ 30 ਬੋਰ ਦੇ ਪਿਸਤੌਲ ਇਸਤੇਮਾਲ ਕੀਤੇ ਗਏ। ਇਹ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਪੰਜਾਬ 'ਚ ਅਸ਼ਾਂਤੀ ਫੈਲਾਉਣ ਦੇ ਚਾਹਵਾਨ  ਰੈਡੀਕਲ ਸਿੱਖ ਸੰਗਠਨਾਂ ਨੂੰ ਟਾਰਗੈੱਟ ਕਰ ਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸੇ ਪਿਛੋਕੜ 'ਚ ਹੁਣ 7 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੁਲਸ ਮਹਾਨਿਰਦੇਸ਼ਕ ਸੁਰੇਸ਼ ਅਰੋੜਾ ਨੇ ਇਕ ਵੱਡੇ 'ਬ੍ਰੇਕਥਰੂ' ਦਾ ਐਲਾਨ ਕਰਦਿਆਂ ਆਰ. ਐੱਸ. ਐੱਸ. ਦੇ ਨੇਤਾ ਬ੍ਰਿਗੇਡੀਅਰ (ਰਿਟਾ.) ਜਗਦੀਸ਼ ਗਗਨੇਜਾ ਸਮੇਤ 8 ਹਿੰਦੂ ਨੇਤਾਵਾਂ ਦੇ ਕਤਲ ਦੇ ਮਾਮਲੇ 'ਚ 4 ਵਿਅਕਤੀਆਂ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ਕਾਂਡ ਪਿੱਛੇ ਪਾਕਿਸਤਾਨ ਦਾ ਹੱਥ ਸਾਹਮਣੇ ਆਇਆ ਹੈ।
ਹੁਣੇ ਜਿਹੇ ਇੰਗਲੈਂਡ ਤੋਂ ਭਾਰਤ ਪਰਤਿਆ ਸ਼ੱਕੀ ਜਿੰਮੀ ਸਿੰਘ ਪਿਛਲੇ ਹਫਤੇ ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ 'ਤੇ ਅਤੇ ਇੰਗਲੈਂਡ 'ਚ ਰਹਿਣ ਵਾਲਾ ਜਗਤਾਰ ਸਿੰਘ ਜੌਹਲ ਉਰਫ ਜੱਗੀ ਜਲੰਧਰ 'ਚ ਫੜਿਆ ਗਿਆ।
ਤੀਜਾ ਸ਼ੱਕੀ ਧਰਮਿੰਦਰ ਉਰਫ ਗੁਗਨੀ (ਮਿਹਰਬਾਨ) ਇਕ ਗੈਂਗਸਟਰ ਹੈ, ਜਿਸ ਨੇ ਕਾਤਲਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਨਾਭਾ ਜੇਲ 'ਚ ਬੰਦ ਗੈਂਗਸਟਰ ਗੁਗਨੀ ਨੇ ਅੱਤਵਾਦੀਆਂ ਤੇ ਗੈਂਗਸਟਰਾਂ ਵਿਚਾਲੇ ਸੰਬੰਧਾਂ ਦਾ ਸ਼ੱਕ ਮਜ਼ਬੂਤ ਕੀਤਾ।
ਚੌਥਾ ਸ਼ੱਕੀ ਜੋ ਮੁੱਖ ਸ਼ੂਟਰ ਹੈ, ਮੰਗਲਵਾਰ ਨੂੰ ਬਾਅਦ ਦੁਪਹਿਰ ਗ੍ਰਿਫਤਾਰ ਕੀਤਾ ਗਿਆ। ਉਸ ਦਾ ਵੇਰਵਾ ਨਹੀਂ ਦਿੱਤਾ ਗਿਆ ਕਿਉਂਕਿ ਉਸ ਤੋਂ ਪੁੱਛਗਿੱਛ ਜਾਰੀ ਹੈ।
ਸ਼ੱਕੀਆਂ ਨੇ ਵਿਦੇਸ਼ 'ਚ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਪਾਕਿਸਤਾਨ ਤੇ ਪੱਛਮੀ ਦੇਸ਼ਾਂ 'ਚ ਆਪਣੇ ਹੈਂਡਲਰਾਂ ਨਾਲ ਗੱਲਬਾਤ ਕਰਨ ਲਈ ਐਨਕ੍ਰਿਪਟਿਡ ਮੋਬਾਈਲ ਸਾਫਟਵੇਅਰ/ਐਪਸ ਦੀ ਵਰਤੋਂ ਕਰ ਰਹੇ ਸਨ।
ਇਨ੍ਹਾਂ ਕਤਲਾਂ ਦਾ ਮਾਸਟਰਮਾਈਂਡ ਹੈਪੀ ਪੀ. ਐੱਚ. ਡੀ. ਹੈ, ਜੋ ਲਾਹੌਰ 'ਚ ਇਨ੍ਹੀਂ ਦਿਨੀਂ ਪੰਜਾਬ ਆਪ੍ਰੇਸ਼ਨ ਦੇਖਣ ਵਾਲੇ ਆਈ. ਐੱਸ. ਆਈ. ਦੇ ਮੇਨ ਗਰੁੱਪ 'ਚ ਵੱਡੀ ਪੋਸਟ 'ਤੇ ਹੈ। ਉਸ ਦਾ ਸੰਬੰਧ ਕੇ. ਐੱਲ. ਐੱਫ. ਅਤੇ ਆਈ. ਐੱਸ. ਯੂ. ਐੱਫ. ਦੇ ਲਖਬੀਰ ਸਿੰਘ ਰੋਡੇ ਨਾਲ ਹੈ। ਉਸ ਨੇ ਹਿੰਦੂ ਆਗੂਆਂ ਦੀ ਹੱਤਿਆ ਦੀ ਸਾਜ਼ਿਸ਼ ਲਖਬੀਰ ਸਿੰਘ ਰੋਡੇ ਨਾਲ ਮਿਲ ਕੇ ਰਚੀ ਸੀ। ਇਨ੍ਹਾਂ ਵਾਰਦਾਤਾਂ ਦਾ ਉਦੇਸ਼ ਪੰਜਾਬ 'ਚ ਫਿਰਕੂ ਸਦਭਾਵਨਾ ਨੂੰ ਭੰਗ ਕਰ ਕੇ ਗੜਬੜ ਫੈਲਾਉਣਾ ਸੀ। ਇਸੇ ਸਾਜ਼ਿਸ਼ ਦੇ ਤਹਿਤ ਆਈ. ਐੱਸ. ਆਈ. ਨੇ ਵੱਖ-ਵੱਖ ਦੇਸ਼ਾਂ 'ਚ ਬੈਠੇ ਆਪਣੇ ਗੁਰਗਿਆਂ ਦੇ ਜ਼ਰੀਏ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਇਨ੍ਹਾਂ ਦੇ ਫੜੇ ਜਾਣ ਨਾਲ ਨਾ ਸਿਰਫ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੀ ਇੱਜ਼ਤ ਬਹਾਲ ਹੋਈ ਹੈ ਸਗੋਂ ਭਾਰਤ ਵਲੋਂ ਪਾਕਿਸਤਾਨ 'ਤੇ ਅੱਤਵਾਦੀਆਂ ਨੂੰ ਸ਼ਹਿ ਦੇਣ ਦਾ ਦੋਸ਼ ਇਕ ਵਾਰ ਫਿਰ ਸਹੀ ਸਿੱਧ ਹੋ ਗਿਆ ਹੈ।                          
—ਵਿਜੇ ਕੁਮਾਰ