''ਸਵੱਛਤਾ ਮੁਹਿੰਮ'' ਦਾ ਇਕ ਵਰ੍ਹਾ ਪੂਰਾ ਪਰ ਪ੍ਰਾਪਤੀ ਉਮੀਦ ਤੋਂ ਬਹੁਤ ਘੱਟ

10/03/2015 7:52:46 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ, ਭਾਵ ਗਾਂਧੀ ਜੈਅੰਤੀ ''ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਦੇਸ਼ ਵਿਚ  ਸਵੱਛਤਾ ਮੁਹਿੰਮ ਸ਼ੁਰੂ ਕੀਤੀ ਸੀ। ਉਦੋਂ ਉਨ੍ਹਾਂ ਨੇ ਲੋਕਾਂ ਨੂੰ ''ਸਵੱਛ ਭਾਰਤ ਮਿਸ਼ਨ'' ਨੂੰ ਚੁਣੌਤੀ ਵਾਂਗ ਲੈਣ ਦਾ ਸੱਦਾ ਦਿੰਦਿਆਂ ਗਾਂਧੀ ਜੀ ਦੇ 150ਵੇਂ ਜਨਮ ਦਿਨ (2019) ਤਕ ਇਸ ਨੂੰ ਜਾਰੀ ਰੱਖਣ ਅਤੇ ਸ਼ਹਿਰਾਂ, ਪਿੰਡਾਂ ਨੂੰ ਪੂਰੀ ਤਰ੍ਹਾਂ ਸਾਫ-ਸੁਥਰੇ ਬਣਾ ਦੇਣ ਦਾ ਸੰਕਲਪ ਪ੍ਰਗਟਾਇਆ ਸੀ।
ਉਨ੍ਹਾਂ ਨੇ ਸਚਿਨ ਤੇਂਦੁਲਕਰ, ਕਮਲ ਹਾਸਨ, ਪ੍ਰਿਯੰਕਾ ਚੋਪੜਾ, ਸਲਮਾਨ ਖਾਨ, ਅਨਿਲ ਅੰਬਾਨੀ, ਸ਼ਸ਼ੀ ਥਰੂਰ ਆਦਿ ਨੂੰ ਇਸ ਮੁਹਿੰਮ ਨਾਲ ਜੋੜਿਆ। ਧੂਮ-ਧੜੱਕੇ ਨਾਲ ਸ਼ੁਰੂ ਕੀਤੀ ਗਈ 1.96 ਲੱਖ ਕਰੋੜ ਰੁਪਏ ਵਾਲੀ ਇਸ ਯੋਜਨਾ ਦੇ ਸਿਲਸਿਲੇ ''ਚ ਖੁਦ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਸਮੇਤ ਵੱਡੀ ਗਿਣਤੀ ''ਚ ਨੇਤਾਵਾਂ ਤੇ ਹੋਰਨਾਂ ਲੋਕਾਂ ਨੇ ਹੱਥਾਂ ''ਚ ਝਾੜੂ ਫੜ ਕੇ ਸਫਾਈ ਕਰਨ ਦੀਆਂ ਫੋਟੋਆਂ ਵੀ ਖਿਚਵਾਈਆਂ ਸਨ।
ਸਾਰਿਆਂ ''ਚ ਫੋਟੋ ਖਿਚਵਾਉਣ ਦੀ ਦੌੜ ਜਿਹੀ ਲੱਗੀ ਰਹੀ ਪਰ ਆਮ ਤੌਰ ''ਤੇ ਬਹੁਤੇ ਨੇਤਾ ਉਨ੍ਹਾਂ ਹੀ ਥਾਵਾਂ ਦੀ ਸਫਾਈ ਕਰ ਰਹੇ ਸਨ, ਜੋ ਪਹਿਲਾਂ ਹੀ ਸਾਫ ਸਨ ਤੇ ਬਹੁਤੇ ਨੇਤਾ ਝਾੜੂ ਨਾਲ ਫੋਟੋ ਖਿਚਵਾ ਕੇ ਤੁਰਦੇ ਬਣੇ।
ਇਸ ਯੋਜਨਾ ਦੇ ਤਹਿਤ ਪਿੰਡਾਂ ਵਿਚ 11 ਕਰੋੜ ਪਖਾਨੇ, ਸ਼ਹਿਰਾਂ ''ਚ 2.5 ਲੱਖ ਕਮਿਊਨਿਟੀ ਪਖਾਨੇ, 2.6 ਲੱਖ ਜਨਤਕ ਪਖਾਨੇ ਅਤੇ ਹਰੇਕ ਕਸਬੇ ''ਚ ਠੋਸ ਕੂੜੇ ਦੇ ਨਿਪਟਾਰੇ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਸੀ।
ਪਖਾਨਿਆਂ ਦੀ ਉਸਾਰੀ ਵਿਚ ''ਤਰੱਕੀ'' ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਅਜੇ ਤਕ ਦਿਹਾਤੀ ਇਲਾਕਿਆਂ ''ਚ ਸਿਰਫ 50 ਲੱਖ ਪਖਾਨੇ ਹੀ ਬਣਾਏ ਜਾ ਸਕੇ ਹਨ, ਜਦਕਿ ਇਸ ਮਿਸ਼ਨ ਦੀ ਪਹਿਲੀ ਵਰ੍ਹੇਗੰਢ ਪੂਰੀ ਹੋਣ ਤਕ ਦੇਸ਼ ਦੇ 14 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੇ ਸ਼ਹਿਰੀ ਇਲਾਕਿਆਂ ''ਚ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਵੀ ਨਹੀਂ ਹੋਇਆ ਹੈ।
ਸਾਫ-ਸਫਾਈ ਦੇ ਮਾਮਲੇ ''ਚ ਵੀ ਦੇਸ਼ ਦੇ 6 ਸੂਬਿਆਂ ਵਿਚ ਹੀ ਇਸ ਮਿਸ਼ਨ ਦਾ ਕੁਝ ਅਸਰ ਦਿਖਾਈ ਦਿੱਤਾ ਹੈ, ਜਦਕਿ ਬਾਕੀ ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ''ਚ ਇਸ ਦਾ ਅਸਰ ਨਾਮਾਤਰ ਹੀ ਹੈ। ਇਕ ਸਰਵੇਖਣ ਮੁਤਾਬਕ ਗੁਜਰਾਤ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਪੰਜਾਬ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿਚ ਤਾਂ ਕੁਝ ਸੂਬਿਆਂ ਦੇ ਰਾਜਧਾਨੀ ਸ਼ਹਿਰਾਂ ''ਚ ਸਾਫ-ਸਫਾਈ ਦੀ ਸਥਿਤੀ ਬਿਹਤਰ ਦਿਖਾਈ ਦਿੱਤੀ ਹੈ ਪਰ ਕੁਝ ਸੂਬਿਆਂ ''ਚ ਤਾਂ ''ਸਿਫਰ ਤਰੱਕੀ'' ਹੀ ਹੋਈ ਹੈ।
ਯੂ. ਪੀ., ਬਿਹਾਰ, ਹਰਿਆਣਾ ਤੇ ਇਥੋਂ ਤਕ ਕਿ ਦਿੱਲੀ ''ਚ ਵੀ ਸਾਫ-ਸਫਾਈ ਦੀ ਸਥਿਤੀ ਦੇ ਅੰਦਾਜ਼ੇ ਤੋਂ ਇਹੀ ਸਿੱਟਾ ਸਾਹਮਣੇ ਆਇਆ ਹੈ ਕਿ ਉਥੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਰਵੇ ''ਚ ਜ਼ਾਹਿਰ ਹੋਣ ਵਾਲਾ ਸਭ ਤੋਂ ਵੱਧ ਨਿਰਾਸ਼ਾਜਨਕ ਤੱਥ ਇਹ ਹੈ ਕਿ ਬਹੁਤੇ ਸੂਬਿਆਂ ''ਚ ਸ਼ਹਿਰੀ ਲੋਕਲ ਬਾਡੀਜ਼ ਵਲੋਂ ਰਾਜਗ ਦੇ ਇਸ ਖਾਹਿਸ਼ੀ ਪ੍ਰੋਗਰਾਮ ਦੀ ਦਿਸ਼ਾ ''ਚ ਕੋਈ ਹਾਂ-ਪੱਖੀ ਕਦਮ ਹੀ ਨਹੀਂ ਚੁੱਕਿਆ ਗਿਆ।
ਸਰਵੇ ''ਚ ਸ਼ਾਮਲ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਨਗਰ ਪਾਲਿਕਾਵਾਂ ਨੇ ਸਾਫ-ਸਫਾਈ ਸੰਬੰਧੀ ਮੁਹਿੰਮ ਚਲਾਉਣ ਤੇ ਇਸ ਨਾਲ ਆਮ ਲੋਕਾਂ ਨੂੰ ਜੋੜਨ ਤੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਦਿਸ਼ਾ ''ਚ ਕੁਝ ਵੀ ਨਹੀਂ ਕੀਤਾ। ਸਿਰਫ 13 ਫੀਸਦੀ ਲੋਕਾਂ ਨੇ ਕਿਹਾ ਕਿ ਸ਼ਹਿਰਾਂ ''ਚ ਪਖਾਨਿਆਂ ਦੀ ਸਥਿਤੀ ਕੁਝ ਸੁਧਰੀ ਹੈ।
ਕੁਝ ਲੋਕਾਂ ਨੇ, ਜਿਨ੍ਹਾਂ ''ਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਆਪਣੇ ਨਿੱਜੀ ਯਤਨਾਂ ਨਾਲ ਪਖਾਨਾ-ਰਹਿਤ ਪਿੰਡਾਂ ''ਚ ਪਖਾਨੇ ਬਣਵਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਕਿੰਨਰ (ਹਿਜੜਾ) ਭਾਈਚਾਰੇ ਦੀਆਂ ਕੁਝ ਮੈਂਬਰ ਵੀ ਇਸ ਮੁਹਿੰਮ ਨਾਲ ਜੁੜੀਆਂ ਹਨ। ਇਨ੍ਹਾਂ ''ਚ ਭੋਪਾਲ ਦੀ ਸੰਜਨਾ ਕਿੰਨਰ ਅਤੇ ਉਸ ਦੀਆਂ ਸਾਥਣਾਂ ਸ਼ਾਮਲ ਹਨ, ਜੋ ਉਨ੍ਹਾਂ ਹੀ ਘਰਾਂ ''ਚ ਵਧਾਈ ਲਈ ਜਾਂਦੀਆਂ ਹਨ, ਜਿਥੇ ਪਖਾਨਾ ਬਣਿਆ ਹੋਵੇ ਪਰ ਕੁਲ ਮਿਲਾ ਕੇ ਇਸ ਮੁਹਿੰਮ ਦੀ ਤਰੱਕੀ ਬਹੁਤ ਨਿਰਾਸ਼ਾਜਨਕ ਤੇ ਹੌਲੀ ਹੀ ਰਹੀ ਹੈ।
ਗਾਂਧੀ ਜੀ ਸਿਰ ''ਤੇ ਮੈਲਾ ਢੋਣ ਦੀ ਬੁਰਾਈ ਦੇ ਘੋਰ ਵਿਰੋਧੀ ਸਨ ਪਰ ਅੱਜ ਵੀ ਦੇਸ਼ ''ਚ ਲੱਗਭਗ 12226 ਸਫਾਈ ਮੁਲਾਜ਼ਮ ਸਿਰ ''ਤੇ ਮੈਲਾ ਢੋਣ ਦਾ ਸੰਤਾਪ ਝੱਲ ਰਹੇ ਹਨ। ਇਨ੍ਹਾਂ ''ਚੋਂ 80 ਫੀਸਦੀ ਤਾਂ ਯੂ. ਪੀ. ਵਿਚ ਹੀ ਹਨ। ਸਭ ਤੋਂ ਵੱਧ ਬੁਰੀ ਗੱਲ ਇਹ ਹੈ ਕਿ ਇਹ ਸਰਾਪ ਔਰਤਾਂ ਹੀ ਝੱਲ ਰਹੀਆਂ ਹਨ, ਜੋ ਆਪਣਾ ਕੰਮ ਸਵੇਰੇ 7 ਵਜੇ ਸ਼ੁਰੂ ਕਰਦੀਆਂ ਹਨ ਤੇ ਇਕ-ਇਕ ਔਰਤ 25-25 ਘਰਾਂ ''ਚ ਜਾ ਕੇ ਲੋਕਾਂ ਦਾ ਮੈਲਾ (ਗੰਦਗੀ) ਇਕੱਠੀ ਕਰਦੀ ਹੈ।
ਬੇਸ਼ੱਕ ਪ੍ਰਧਾਨ ਮੰਤਰੀ ਨੇ ਮਹਾਨ ਉਦਯੋਗਪਤੀ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮਿਲਿੰਡਾ ਗੇਟਸ ਵਲੋਂ ਚਲਾਈ ਜਾ ਰਹੀ ਵਿਸ਼ਵ ਪ੍ਰਸਿੱਧ ਜਨਸੇਵਾ ਵਾਲੀ ਐੱਨ. ਜੀ. ਓ. ''ਬਿਲ ਗੇਟਸ ਫਾਊਂਡੇਸ਼ਨ'' ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਹੈ ਅਤੇ ਇਸ ਸੰਬੰਧ ''ਚ ਆਯੋਜਿਤ ਸਮਾਗਮਾਂ ਵਿਚ ਸਵੱਛ ਭਾਰਤ ਮੁਹਿੰਮ ''ਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਵੀ ਰਾਜਗ ਸਰਕਾਰ ਦੀ ਯੋਜਨਾ ਹੈ ਪਰ ਇੰਨਾ ਹੀ ਕਾਫੀ ਨਹੀਂ।
ਅਜੇ ਵੀ ਦੇਸ਼ ''ਚ ਸਾਫ-ਸਫਾਈ ਮੁਹਿੰਮ ਨੂੰ ਅਮਲੀਜਾਮਾ ਪਹਿਨਾਉਣ ਤੇ ਮਹਾਤਮਾ ਗਾਂਧੀ ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ''ਚ ਬਹੁਤ ਕੁਝ ਕਰਨਾ ਬਾਕੀ ਹੈ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਨੇਤਾਵਾਂ ਅਤੇ ਇਸ ਨੂੰ ਅਮਲੀਜਾਮਾ ਪਹਿਨਾਉਣ ਵਾਲੇ ਅਧਿਕਾਰੀਆਂ ਦਾ ਜੁੜਨਾ, ਜੋ ਸਿਰਫ ਭਾਸ਼ਣਬਾਜ਼ੀ ਤੇ ਫੋਟੋਆਂ ਖਿਚਵਾਉਣ ਤਕ ਹੀ ਸੀਮਤ ਨਾ ਰਹਿਣ।                                                    
—ਵਿਜੇ ਕੁਮਾਰ

 

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Vijay Kumar Chopra

This news is Chief Editor Vijay Kumar Chopra