ਚੋਣ ‘ਰਿਓੜੀਆਂ’ ਵੰਡਣ ਲਈ ਧਨ ਦਾ ਜੁਗਾੜ ਸ਼ੁਰੂ ਅਤੇ ਪ੍ਰਚਾਰ ਲਈ ਹੈਲੀਕਾਪਟਰਾਂ ਦੀ ਕਮੀ

10/15/2023 4:46:34 AM

ਰਾਜਸਥਾਨ, ਤੇਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ’ਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ ਨੇੜੇ ਆਉਣ ਦੇ ਨਾਲ ਹੀ ਚੋਣ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਧਨ ਦਾ ਜੁਗਾੜ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਇਸੇ ਸਿਲਸਿਲੇ ’ਚ ਤੇਲੰਗਾਨਾ ’ਚ ਹੁਣ ਤੱਕ ਵੱਖ-ਵੱਖ ਸਥਾਨਾਂ ’ਤੇ ਮਾਰੇ ਗਏ ਛਾਪਿਆਂ ’ਚ 20.43 ਕਰੋੜ ਰੁਪਏ ਤੋਂ ਵੱਧ ਦੀ ਅਣ-ਐਲਾਨੀ ਨਕਦੀ ਅਤੇ 31.9 ਕਿਲੋ ਸੋਨਾ, 350 ਕਿਲੋ ਚਾਂਦੀ ਅਤੇ 42.203 ਕੈਰੇਟ ਹੀਰਾ ਜ਼ਬਤ ਕਰਨ ਤੋਂ ਇਲਾਵਾ 86.9 ਲੱਖ ਰੁਪਏ ਦੀ ਸ਼ਰਾਬ, 89 ਲੱਖ ਰੁਪਏ ਦਾ ਗਾਂਜਾ ਅਤੇ 22.51 ਲੱਖ ਰੁਪਏ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਬੈਂਗਲੁਰੂ ਸ਼ਹਿਰ ’ਚ ਇਕ ਮਹਿਲਾ ਕੌਂਸਲਰ ਦੇ ਠੇਕੇਦਾਰ ਪਤੀ ਨਾਲ ਜੁੜੇ ਕੰਪਲੈਕਸਾਂ ਦੀ ਤਲਾਸ਼ੀ ਦੌਰਾਨ ਪਲੰਘਾਂ ਦੇ ਹੇਠਾਂ 22 ਬਕਸਿਆਂ ’ਚ ਰੱਖੀ 42 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਸਾਬਕਾ ਉਪ-ਮੁੱਖ ਮੰਤਰੀ ਸੀ. ਐੱਨ. ਅਸ਼ਵਤਥ ਨਾਰਾਇਣ (ਭਾਜਪਾ) ਅਨੁਸਾਰ, ਇਹ ਰਕਮ ਪੰਜ ਸੂਬਿਆਂ, ਵਿਸ਼ੇਸ਼ ਤੌਰ ’ਤੇ ਰਾਜਸਥਾਨ ਦੀ ਵਿਧਾਨ ਸਭਾ ਚੋਣ ਲਈ ਧਨ ਇਕੱਠਾ ਕਰਨ ਦੇ ਮੰਤਵ ਨਾਲ ਕਮੀਸ਼ਨ ਵਜੋਂ ਠੇਕੇਦਾਰਾਂ ਤੋਂ ਇਕੱਠੀ ਕੀਤੀ ਗਈ ਹੈ।

ਇਹ ਤਾਂ ਉਹ ਮਾਮਲੇ ਹਨ ਜੋ ਫੜੇ ਗਏ ਹਨ, ਇਨ੍ਹਾਂ ਦੇ ਇਲਾਵਾ ਪਤਾ ਨਹੀਂ ਹੋਰ ਕਿੰਨੇ ਅਜਿਹੇ ਮਾਮਲੇ ਹੋ ਰਹੇ ਹੋਣਗੇ ਜੋ ਅਜੇ ਪਕੜ ’ਚ ਨਹੀਂ ਆ ਸਕੇ। ਉਂਝ ਵੀ ਇਹ ਤਾਂ ਅਜੇ ਸ਼ੁਰੂਆਤ ਭਰ ਹੈ, ਆਉਣ ਵਾਲੇ ਦਿਨਾਂ ’ਚ ਪਤਾ ਨਹੀਂ ਕਿੰਨੀ ਰਕਮ ਫੜੀ ਜਾਵੇਗੀ।

ਵਰਨਣਯੋਗ ਹੈ ਕਿ ਇਕ ਪਾਸੇ ਚੋਣਾਂ ’ਚ ਵੋਟਾਂ ਲੈਣ ਲਈ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਵੋਟਰਾਂ ’ਤੇ ਰਿਓੜੀਆਂ ਦਾ ਮੀਂਹ ਪਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਤਾਂ ਦੂਜੇ ਪਾਸੇ ਚੋਣ ਪ੍ਰਚਾਰ ਲਈ ਹੈਲੀਕਾਪਟਰਾਂ ਦੀ ਬੁਕਿੰਗ ਜ਼ੋਰਾਂ ’ਤੇ ਹੈ ਕਿਉਂਕਿ ਸਮਾਂ ਬਚਾਉਣ ਅਤੇ ਇਕ ਦਿਨ ’ਚ ਕਈ-ਕਈ ਚੋਣ ਸਭਾਵਾਂ ’ਚ ਪਹੁੰਚਣਾ ਯਕੀਨੀ ਬਣਾਉਣ ਲਈ ਉਮੀਦਵਾਰ ਹੈਲੀਕਾਪਟਰ ਕਿਰਾਏ ’ਤੇ ਲੈਂਦੇ ਹਨ।

ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ’ਚ ਇਨ੍ਹਾਂ ਦੀ ਮੰਗ ਵੱਧ ਜਾਣ ਅਤੇ ਵੱਡੇ ਪੱਧਰ ’ਤੇ ਬੁਕਿੰਗ ਹੋ ਜਾਣ ਕਾਰਨ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹੈਲੀਕਾਪਟਰ ਨਹੀਂ ਮਿਲ ਰਹੇ, ਜਿਸ ਨੂੰ ਦੇਖਦੇ ਹੋਏ ਹਵਾਈ ਕੰਪਨੀਆਂ ਨੇ ਵੀ ਮੌਕੇ ਦਾ ਫਾਇਦਾ ਉਠਾਉਣ ਲਈ ਕਿਰਾਏ ’ਚ ਭਾਰੀ ਵਾਧਾ ਕਰ ਦਿੱਤਾ ਹੈ।

ਕੁਝ ਮਹੀਨੇ ਪਹਿਲਾਂ ਤੱਕ ਆਮ ਤੌਰ ’ਤੇ ਇਕ ਘੰਟੇ ਲਈ ਸਿੰਗਲ ਇੰਜਣ ਵਾਲੇ ਹੈਲੀਕਾਪਟਰ ਡੇਢ ਲੱਖ ਰੁਪਏ ਤਕ ਕਿਰਾਏ ’ਤੇ ਮਿਲ ਰਹੇ ਸਨ ਪਰ ਹੁਣ ਇਨ੍ਹਾਂ ਦਾ ਕਿਰਾਇਆ 2 ਲੱਖ ਰੁਪਏ ਪ੍ਰਤੀ ਘੰਟੇ ਤੋਂ ਵੀ ਵੱਧ ਹੋ ਗਿਆ ਹੈ, ਜਦਕਿ ਡਬਲ ਇੰਜਣ ਵਾਲੇ ਹੈਲੀਕਾਪਟਰਾਂ ਦਾ ਕਿਰਾਇਆ ਵੀ ਲਗਭਗ ਦੁੱਗਣਾ ਹੋ ਕੇ 3 ਤੋਂ 4 ਲੱਖ ਰੁਪਏ ਪ੍ਰਤੀ ਘੰਟੇ ਤੱਕ ਪਹੁੰਚ ਗਿਆ ਹੈ।

ਵੱਕਾਰੀ ਮੁਕਾਬਲੇ ਵਾਲੀਆਂ ਸੀਟਾਂ ’ਤੇ ਪ੍ਰਚਾਰ ਲਈ ਹੈਲੀਕਾਪਟਰਾਂ ਦੀ ਮੰਗ ਵੱਧ ਹੁੰਦੀ ਹੈ। ਜੈਪੁਰ ਦੀ ਇਕ ਹਵਾਬਾਜ਼ੀ ਕੰਪਨੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੁੱਖ ਤੌਰ ’ਤੇ ਕਾਂਗਰਸ, ਭਾਜਪਾ ਅਤੇ ਆਰ. ਐੱਲ. ਪੀ. (ਰਾਸ਼ਟਰੀ ਲੋਕਤੰਤਰਿਕ ਪਾਰਟੀ) ਦੇ ਆਗੂ ਹੈਲੀਕਾਪਟਰ ਕਿਰਾਏ ’ਤੇ ਲੈਣਾ ਚਾਹੁੰਦੇ ਹਨ ਪਰ ਹੁਣ ਸਾਡੇ ਕੋਲ ਸਿਰਫ 5 ਲੱਖ ਰੁਪਏ ਪ੍ਰਤੀ ਘੰਟੇ ਤੋਂ ਵੱਧ ਦੀਆਂ ਚਾਰਟਰਡ ਦਰਾਂ ਵਾਲੇ ਹੈਲੀਕਾਪਟਰ ਹੀ ਮੁਹੱਈਆ ਹਨ।

ਕਿਉਂਕਿ ਅਜੇ ਵਧੇਰੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ, ਇਸ ਲਈ ਮੰਗ ਅਜੇ ਹੋਰ ਵਧੇਗੀ। ਹੁਣ ਤੱਕ ਜਿਨ੍ਹਾਂ ਲੋਕਾਂ ਨੇ ਹੈਲੀਕਾਪਟਰ ਬੁੱਕ ਕੀਤੇ ਹਨ, ਉਨ੍ਹਾਂ ’ਚ ਵਧੇੇਰੇ ਆਗੂ ਉਹ ਹਨ ਜੋ ਕਿਸੇ ਖਾਸ ਸੀਟ ਤੋਂ ਚੋਣ ਲੜ ਸਕਦੇ ਹਨ, ਜਦਕਿ ਦੂਜੀ ਸ਼੍ਰੇਣੀ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਨੂੰ ਪਾਰਟੀਆਂ ’ਚ ਪ੍ਰਮੁੱਖ ਅਹੁਦਿਆਂ ’ਤੇ ਹੋਣ ਕਾਰਨ ਘੱਟ ਸਮੇਂ ’ਚ ਵੱਖ-ਵੱਖ ਚੋਣ ਖੇਤਰਾਂ ’ਚ ਘੁੰਮਣਾ ਪੈਂਦਾ ਹੈ। ਇਹ ਸਿਲਸਿਲਾ ਚੋਣਾਂ ਸੰਪੰਨ ਹੋਣ ਤੱਕ ਵਧਦਾ ਹੀ ਚਲਾ ਜਾਵੇਗਾ।

ਚੋਣ ਸੂਬਿਆਂ ’ਚ ਨਿਰਪੱਖ ਚੋਣਾਂ ਕਰਵਾਉਣ ਦੀ ਚੁਣੌਤੀ ਦੇ ਨਾਲ-ਨਾਲ ਸਰਕਾਰੀ ਏਜੰਸੀਆਂ ਦੀ ਇਸ ਗੱਲ ਦੀ ਵੀ ਪ੍ਰੀਖਿਆ ਹੋਵੇਗੀ ਕਿ ਚੋਣਾਂ ’ਚ ਵੱਖ-ਵੱਖ ਪਾਰਟੀਆਂ ਵੱਲੋਂ ਨਾਜਾਇਜ਼ ਢੰਗਾਂ ਦੀ ਵਰਤੋਂ ਅਤੇ ਲਾਲਚਾਂ ਵਜੋਂ ਰਿਓੜੀਆਂ ਦੀ ਵੰਡ ਰੋਕਣ ’ਚ ਕਿੰਨੀ ਸਫਲ ਹੋ ਸਕਦੀ ਹੈ, ਉਂਝ ਇਸ ਦੀ ਸੰਭਾਵਨਾ ਘੱਟ ਹੀ ਹੈ। -ਵਿਜੇ ਕੁਮਾਰ

Anmol Tagra

This news is Content Editor Anmol Tagra