ਦਿੱਲੀ ’ਚ ਇਕ ਹੋਰ ਭਿਆਨਕ ਅਗਨੀਕਾਂਡ 43 ਮਜ਼ਦੂਰਾਂ ਦੀ ਦਰਦਨਾਕ ਮੌਤ

12/10/2019 1:30:48 AM

ਸਾਡੇ ਦੇਸ਼ ’ਚ ਔਸਤਨ ਰੋਜ਼ਾਨਾ 62 ਲੋਕਾਂ ਦੀ ਜਾਨ ਵੱਖ-ਵੱਖ ਅਗਨੀਕਾਂਡਾਂ ’ਚ ਜਾਂਦੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਗੱਲ ਤਾਂ ਜਾਣ ਦਿਓ, ਸਭ ਤੋਂ ਵੱਧ ਸੁਰੱਖਿਅਤ ਸਮਝੀ ਜਾਣ ਵਾਲੀ ਰਾਜਧਾਨੀ ਦਿੱਲੀ ’ਚ ਪਿਛਲੇ ਕੁਝ ਸਾਲਾਂ ਵਿਚ ਅਨੇਕ ਭਿਆਨਕ ਅਗਨੀਕਾਂਡ ਹੋਏ ਅਤੇ ਹੁਣ ਇਨ੍ਹਾਂ ’ਚ ਇਕ ਹੋਰ ਦਰਦਨਾਕ ਅਗਨੀਕਾਂਡ ਜੁੜ ਗਿਆ ਹੈ :

* 13 ਜੂਨ 1997 ਨੂੰ ਉਪਹਾਰ ਸਿਨੇਮਾ ’ਚ ਹੋਏ ਭਿਆਨਕ ਅਗਨੀਕਾਂਡ ’ਚ 59 ਲੋਕਾਂ ਦੀ ਮੌਤ ਹੋਈ ਕਿਉਂਕਿ ਸਿਨੇਮਾਘਰ ’ਚ ਸੁਰੱਖਿਆ ਦੇ ਇੰਤਜ਼ਾਮ ਨਹੀਂ ਸਨ।

* 31 ਮਈ 1999 ਨੂੰ ਲਾਲ ਕੂੰਆਂ ਸਥਿਤ ਇਕ ਕੈਮੀਕਲ ਮਾਰਕੀਟ ਕੰਪਲੈਕਸ ’ਚ ਹੋਏ ਅਗਨੀਕਾਂਡ ’ਚ 57 ਲੋਕ ਮਾਰੇ ਗਏ।

* 20 ਜਨਵਰੀ 2018 ਨੂੰ ਬਵਾਨਾ ਇੰਡਸਟਰੀਅਲ ਏਰੀਆ ’ਚ ਚੱਲ ਰਹੇ 3 ਨਾਜਾਇਜ਼ ਕਾਰਖਾਨਿਆਂ ’ਚ ਲੱਗੀ ਅੱਗ ’ਚ ਝੁਲਸ ਕੇ 17 ਲੋਕਾਂ ਦੀ ਮੌਤ ਹੋ ਗਈ।

* 12 ਫਰਵਰੀ 2019 ਨੂੰ ਕਰੋਲ ਬਾਗ ਦੇ ਹੋਟਲ ‘ਅਰਪਿਤ’ ਵਿਚ ਲੱਗੀ ਅੱਗ ਨੇ 17 ਲੋਕਾਂ ਦੀ ਜਾਨ ਲੈੈ ਲਈ।

ਅਤੇ ਹੁਣ 8 ਦਸੰਬਰ 2019 ਨੂੰ ਸਵੇਰੇ-ਸਵੇਰੇ ਉੱਤਰੀ ਦਿੱਲੀ ਦੇ ਅਨਾਜ ਮੰਡੀ ਇਲਾਕੇ ’ਚ ਰਾਣੀ ਝਾਂਸੀ ਰੋਡ ’ਤੇ ਪਲਾਸਟਿਕ ਦੇ ਸਕੂਲ ਬੈਗ, ਪਰਸ ਅਤੇ ਖਿਡੌਣਿਆਂ ਵਰਗੀਆਂ ਜਲਣਸ਼ੀਲ ਵਸਤਾਂ ਬਣਾਉਣ ਵਾਲੀ ਨਾਜਾਇਜ਼ 4 ਮੰਜ਼ਿਲਾ ਫੈਕਟਰੀ ’ਚ ਅੱਗ ਲੱਗਣ ਨਾਲ ਫੈਕਟਰੀ ’ਚ ਹੀ ਰਹਿਣ ਵਾਲੇ 43 ਮਜ਼ਦੂਰ ਮਾਰੇ ਗਏ, ਜਦਕਿ ਬਚਾਏ ਗਏ 64 ਲੋਕਾਂ ’ਚੋਂ 21 ਬੁਰੀ ਤਰ੍ਹਾਂ ਝੁਲਸ ਗਏ। ਇਮਾਰਤ ਦੀ ਛੱਤ ਅਤੇ ਬਾਹਰ ਨਿਕਲਣ ਵਾਲੇ ਦਰਵਾਜ਼ੇ ’ਤੇ ਤਾਲਾ ਲੱਗਾ ਹੋਣ ਕਾਰਣ ਅੱਗ ’ਚ ਫਸੇ ਬਦਨਸੀਬ ਬਾਹਰ ਨਾ ਨਿਕਲ ਸਕੇ।

ਇਮਾਰਤ ਦੇ ਇਕ-ਇਕ ਕਮਰੇ ’ਚ 25-30 ਮਜ਼ਦੂਰ ਰਹਿੰਦੇ ਸਨ। ਇਸ ਫੈਕਟਰੀ ਵਿਚ ਨਾ ਹੀ ਐਮਰਜੈਂਸੀ ਨਿਕਾਸੀ ਦਰਵਾਜ਼ਾ ਸੀ, ਨਾ ਹੀ ਨਗਰ ਨਿਗਮ ਤੋਂ ਐੱਨ. ਓ. ਸੀ. ਲਿਆ ਗਿਆ ਸੀ ਅਤੇ ਨਾ ਹੀ ਅੱਗ ਤੋਂ ਬਚਾਅ ਦੇ ਉਪਕਰਣ ਮੌਜੂਦ ਸਨ।

ਸੰਘਣੀ ਆਬਾਦੀ ਅਤੇ ਤੰਗ ਗਲੀ ਵਾਲਾ ਇਲਾਕਾ ਹੋਣ ਕਾਰਣ ਫਾਇਰ ਬ੍ਰਿਗੇਡ ਜਾਂ ਐਂਬੂਲੈਂਸ ਅੰਦਰ ਤਕ ਨਹੀਂ ਜਾ ਸਕੀਆਂ। ਇਸ ਲਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਇਮਾਰਤ ਦੀਆਂ ਖਿੜਕੀਆਂ ’ਚ ਲੱਗੀਆਂ ਲੋਹੇ ਦੀਆਂ ਸੀਖਾਂ ਕੱਟ ਕੇ ਕੁਝ ਲੋਕਾਂ ਨੂੰ ਬਚਾਇਆ।

ਅਗਨੀਕਾਂਡ ਕਾਰਣ ਅਣਗਿਣਤ ਪਰਿਵਾਰਾਂ ਨੂੰ ਬਰਬਾਦ ਕਰ ਦੇਣ ਵਾਲੀ ਇਹ ਇਕਲੌਤੀ ਫੈਕਟਰੀ ਨਹੀਂ ਹੈ। ਇਕੱਲੇ ਅਨਾਜ ਮੰਡੀ ਖੇਤਰ ’ਚ ਹੀ 800 ਦੇ ਲੱਗਭਗ ਨਾਜਾਇਜ਼ ਫੈਕਟਰੀਆਂ ਦੱਸੀਆਂ ਜਾਂਦੀਆਂ ਹਨ, ਜਿੱਥੇ ਹਰ ਫੈਕਟਰੀ ’ਚ 15 ਤੋਂ 20 ਮਜ਼ਦੂਰ ਕੰਮ ਕਰਦੇ ਹਨ।

ਇਸ ਤੋਂ ਇਲਾਵਾ ਵੀ ਦਿੱਲੀ ਦੇ ਹੋਰਨਾਂ ਅਨੇਕ ਇਲਾਕਿਆਂ ’ਚ ਚੱਲ ਰਹੀਆਂ ਅਣਗਿਣਤ ਫੈਕਟਰੀਆਂ ਵਿਚ ਅਜਿਹੀ ਹੀ ਅਵਿਵਸਥਾ ਪਾਈ ਜਾਂਦੀ ਹੈ, ਜਿਨ੍ਹਾਂ ’ਚ ਹਜ਼ਾਰਾਂ ਮਜ਼ਦੂਰ ਸਿਰਫ 5-6 ਹਜ਼ਾਰ ਰੁਪਏ ਮਹੀਨਾ ਤਨਖਾਹ ’ਤੇ ਆਪਣੇ ਪਰਿਵਾਰ ਵਾਲਿਆਂ ਦਾ ਢਿੱਡ ਭਰਨ ਲਈ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਆ ਕੇ ਮਜ਼ਦੂਰੀ ਕਰ ਰਹੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਦਿੱਲੀ ਦਾ ਬਹੁਤ ਜ਼ਿਆਦਾ ਵਿਸਤਾਰ ਹੋਇਆ ਹੈ ਪਰ ਅਗਨੀਕਾਂਡਾਂ ਨਾਲ ਨਜਿੱਠਣ ਦੇ ਸਾਧਨ ਸੀਮਤ ਹਨ। ਜ਼ਿਆਦਾਤਰ ਮਕਾਨਾਂ ਨੂੰ ਰਿਹਾਇਸ਼ੀ ਅਤੇ ਵਪਾਰਕ ਦੋਹਾਂ ਦੇ ਰੂਪ ’ਚ ਵਰਤਿਆ ਜਾਂਦਾ ਹੈ।

ਜਾਮਾ ਮਸਜਿਦ, ਚਾਂਦਨੀ ਚੌਕ, ਖਾਰੀ ਬਾਉਲੀ, ਰੈਗਰਪੁਰਾ, ਕਿਨਾਰੀ ਬਾਜ਼ਾਰ, ਦਯਾ ਬਾਜ਼ਾਰ, ਬੱਲੀ ਮਾਰਾਂ, ਸਦਰ ਬਾਜ਼ਾਰ, ਸੁਲਤਾਨਪੁਰੀ ਅਤੇ ਜਹਾਂਗੀਰਪੁਰੀ ਆਦਿ ਵਿਚ ਇਮਾਰਤਾਂ ਡੱਬਿਆਂ ਵਾਂਗ ਆਪਸ ’ਚ ਜੁੜੀਆਂ ਹੋਈਆਂ ਹਨ, ਜਿਨ੍ਹਾਂ ਉਪਰ ਮੱਕੜੀ ਦੇ ਜਾਲ਼ਿਆਂ ਵਾਂਗ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ। ਅਨੇਕ ਖੇਤਰਾਂ ’ਚ ਗਲੀਆਂ ਇੰਨੀਆਂ ਭੀੜੀਆਂ ਹਨ ਕਿ ਉਥੇ ਫਾਇਰ ਬ੍ਰਿਗੇਡ ਦੇ ਵਾਹਨਾਂ ਦਾ ਪਹੁੁੰਚਣਾ ਅਤੇ ਅੱਗ ’ਤੇ ਕੰਟਰੋਲ ਕਰ ਸਕਣਾ ਬਹੁਤ ਮੁਸ਼ਕਿਲ ਹੈ, ਜਦਕਿ 90 ਫੀਸਦੀ ਅਗਨੀਕਾਂਡ ਅਜਿਹੇ ਹੀ ਖੇਤਰਾਂ ’ਚ ਹੁੰਦੇ ਹਨ।

ਇਸ ਦੌਰਾਨ ਜਿਥੇ ਇਕ ਪਾਸੇ ‘ਆਪ’ ਸ਼ਾਸਿਤ ਸਰਕਾਰ ਅਤੇ ਭਾਜਪਾ ਸ਼ਾਸਿਤ ਨਗਰ ਨਿਗਮ ਨੇ ਇਕ-ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ, ਤਾਂ ਦੂਜੇ ਪਾਸੇ ਹਮੇਸ਼ਾ ਵਾਂਗ ਮਾਮਲਾ ਸ਼ਾਂਤ ਕਰਨ ਲਈ ਕੇਂਦਰ ਅਤੇ ਦਿੱਲੀ ਤੇ ਬਿਹਾਰ ਦੀਆਂ ਸਰਕਾਰਾਂ ਅਤੇ ਦਿੱਲੀ ਭਾਜਪਾ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੁਲ 19 ਲੱਖ ਰੁਪਏ ਨੁਕਸਾਨ ਪੂਰਤੀ ਦੇ ਰੂਪ ਵਿਚ ਦੇਣ ਅਤੇ ਗੰਭੀਰ ਰੂਪ ’ਚ ਜ਼ਖ਼ਮੀਆਂ ਨੂੰ ਕੁਲ 75-75 ਹਜ਼ਾਰ ਰੁਪਏ ਰਾਹਤ ਦੇਣ ਦਾ ਐਲਾਨ ਕਰ ਦਿੱਤਾ ਹੈ।

ਅਗਨੀ ਪੀੜਤਾਂ ਨੂੰ ਮੁਆਵਜ਼ਾ ਦੇ ਕੇ ਮਾਮਲਾ ਸ਼ਾਂਤ ਕਰਨ ਬਾਰੇ ਉਪਹਾਰ ਸਿਨੇਮਾ ਅਗਨੀਕਾਂਡ ’ਚ ਆਪਣੇ 2 ਬੱਚੇ ਗੁਆਉਣ ਵਾਲੀ ‘ਐਸੋਸੀਏਸ਼ਨ ਆਫ ਵਿਕਟਿਮਸ ਆਫ ਉਪਹਾਰ ਟ੍ਰੈਜਿਡੀ’ ਦੀ ਕਨਵੀਨਰ ਨੀਲਮ ਕ੍ਰਿਸ਼ਨਾਮੂਰਤੀ ਦਾ ਕਹਿਣਾ ਹੈ, ‘‘ਹਰ ਅਗਨੀਕਾਂਡ ਤੋਂ ਬਾਅਦ ਸਰਕਾਰ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਦੀ ਹੈ। ਸਾਡੇ ਸਿਆਸਤਦਾਨ ਇਸੇ ਰਾਸ਼ੀ ਦੀ ਵਰਤੋਂ ਅੱਗ ਬੁਝਾਉਣ ਦੇ ਉਪਾਅ ਕਰਨ ਅਤੇ ਇਸ ਦੇ ਲਈ ਉਪਕਰਣ ਖਰੀਦਣ ਲਈ ਕਿਉਂ ਨਹੀਂ ਕਰਦੇ?’’

ਲਿਹਾਜ਼ਾ ਫੈਕਟਰੀਆਂ ਨੂੰ ਨਾਗਰਿਕ ਆਬਾਦੀ ਤੋਂ ਬਾਹਰ ਉਦਯੋਗਿਕ ਖੇਤਰਾਂ ’ਚ ਤਬਦੀਲ ਕਰਨ ਦੇ ਨਾਲ-ਨਾਲ ਲੋੜ ਇਸ ਗੱਲ ਦੀ ਵੀ ਹੈ ਕਿ ਸੁਰੱਖਿਆ ਪ੍ਰਬੰਧਾਂ ਸਬੰਧੀ ਨਿਯਮਾਂ ਦੀ ਪਾਲਣਾ ਦੀ ਪੂਰੀ ਜਾਂਚ ਤੋਂ ਬਾਅਦ ਹੀ ਫੈਕਟਰੀ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸਮੇਂ-ਸਮੇਂ ਉੱਤੇ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਰਹੇ।

ਜਿਸ ਤਰ੍ਹਾਂ ਦਿੱਲੀ ਸਰਕਾਰ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰ ਰਹੀ ਹੈ, ਉਸੇ ਤਰ੍ਹਾਂ ਉਸ ਨੂੰ ਇਥੇ ਤੰਗ ਗਲੀਆਂ ’ਚ ਚੱਲ ਰਹੇ ਰਹੇ ਕਾਰਖਾਨੇ ਵੀ ਅਜਿਹੀਆਂ ਥਾਵਾਂ ’ਤੇ ਤਬਦੀਲ ਕਰਨ ਦੀ ਦਿਸ਼ਾ ’ਚ ਕਦਮ ਚੁੱਕਣੇ ਚਾਹੀਦੇ ਹਨ, ਜਿਥੇ ਅੱਗ-ਬੁਝਾਊ ਗੱਡੀਆਂ ਆਦਿ ਆਸਾਨੀ ਨਾਲ ਪੁੱਜ ਸਕਣ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa