ਹੁਣ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ‘ਜਗਨ ਮੋਹਨ ਰੈੱਡੀ ਦੀ ਭੈਣ ਦਬੰਗਈ ’ਤੇ ਉਤਰੀ’ ‘ਪੁਲਸ ਵਾਲਿਆਂ ਨੂੰ ਥੱਪੜ ਮਾਰੇ’

04/26/2023 2:50:05 AM

ਸੱਤਾ ਨਾਲ ਜੁੜੇ ਕੁਝ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਸਥਿਤੀ ਇਸ ਤੋਂ ਵੱਖਰੀ ਹੀ ਦਿਖਾਈ ਦਿੰਦੀ ਹੈ।

ਇਸ ਦੀ ਨਵੀਂ ਉਦਾਹਰਣ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਭੈਣ ਅਤੇ ਵਾਈ. ਐੱਸ. ਆਰ. ਤੇਲੰਗਾਨਾ ਪਾਰਟੀ ਦੀ ਪ੍ਰਮੁੱਖ ਵਾਈ. ਐੱਸ. ਸ਼ਰਮੀਲਾ ਨੇ 24 ਅਪ੍ਰੈਲ ਨੂੰ ਪੇਸ਼ ਕੀਤੀ। ਸ਼ਰਮੀਲਾ ਸਾਬਕਾ ਮੁੱਖ ਮੰਤਰੀ ਵਾਈ. ਐੱਸ. ਰਾਜਸ਼ੇਖਰ ਰੈੱਡੀ ਦੀ ਬੇਟੀ ਹੈ।

ਦਰਅਸਲ ਸ਼ਰਮੀਲਾ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ ਦੇ ਪ੍ਰਸ਼ਨ-ਪੱਤਰ ਲੀਕ ਕੇਸ ਦੇ ਸਿਲਸਿਲੇ ’ਚ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਦਫਤਰ ਜਾ ਰਹੀ ਸੀ ਅਤੇ ਪੁਲਸ ਉਨ੍ਹਾਂ ਦੇ ਘਰ ਪੁੱਜ ਕੇ ਉਨ੍ਹਾਂ ਨੂੰ ਹਿਰਾਸਤ ’ਚ ਲੈਣਾ ਚਾਹੁੰਦੀ ਸੀ।

ਪੁਲਸ ਨੇ ਸ਼ਰਮੀਲਾ ਦੀ ਗੱਡੀ ਨੂੰ ਗੇਟ ’ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਪੁਲਸ ਅਧਿਕਾਰੀ ਅਤੇ ਕੁਝ ਕਾਂਸਟੇਬਲ ਸ਼ਰਮੀਲਾ ਦੀ ਗੱਡੀ ਦੇ ਸਾਹਮਣੇ ਖੜ੍ਹੇ ਹੋ ਗਏ ਪਰ ਸ਼ਰਮੀਲਾ ਨੇ ਆਪਣੇ ਡਰਾਈਵਰ ਨੂੰ ਗੱਡੀ ਵਧਾਉਣ ਲਈ ਕਿਹਾ ਅਤੇ ਅਧਿਕਾਰੀਆਂ ਦੇ ਰੋਕਣ ਦੇ ਬਾਵਜੂਦ ਡਰਾਈਵਰ ਗੱਡੀ ਵਧਾਉਣ ਲੱਗਾ।

ਇਸ ਤੋਂ ਬਾਅਦ ਨਾਰਾਜ਼ ਪੁਲਸ ਅਧਿਕਾਰੀ ਨੇ ਜਦੋਂ ਡਰਾਈਵਰ ਨੂੰ ਗੱਡੀ ’ਚੋਂ ਖਿੱਚ ਕੇ ਬਾਹਰ ਕੱਢ ਲਿਆ ਤਾਂ ਇਸ ’ਤੇ ਸ਼ਰਮੀਲਾ ਭੜਕ ਗਈ ਅਤੇ ਕਾਰ ’ਚੋਂ ਬਾਹਰ ਆ ਕੇ ਪੁਲਸ ਅਧਿਕਾਰੀ ਨਾਲ ਭਿੜ ਗਈ। ਪਹਿਲਾਂ ਤਾਂ ਦੋਵਾਂ ਦਰਮਿਆਨ ਬਹਿਸ ਹੋਈ ਅਤੇ ਇਸ ਤੋਂ ਬਾਅਦ ਸ਼ਰਮੀਲਾ ਨੇ ਇਕ ਪੁਲਸ ਅਧਿਕਾਰੀ ਨੂੰ ਥੱਪੜ ਮਾਰ ਦਿੱਤਾ।

ਇੱਥੇ ਹੀ ਬਸ ਨਹੀਂ ਕੁਝ ਦੇਰ ਬਾਅਦ ਸ਼ਰਮੀਲਾ ਨੇ ਇਕ ਹੋਰ ਪੁਲਸ ਵਾਲੇ ਨੂੰ ਥੱਪੜ ਮਾਰ ਦਿੱਤੇ, ਜਿਸ ਨਾਲ ਕੁਝ ਦੇਰ ਲਈ ਉੱਥੇ ਤਣਾਅ ਵਾਲਾ ਮਾਹੌਲ ਬਣ ਗਿਆ। ਸ਼ਰਮੀਲਾ ਨੇ ਕਈ ਵਾਰ ਮਹਿਲਾ ਪੁਲਸ ਕਰਮਚਾਰੀ ਨੂੰ ਵੀ ਧੱਕਾ ਦਿੱਤਾ ਅਤੇ ਧਰਨੇ ’ਤੇ ਬੈਠ ਗਈ। ਘੰਟਿਆਂ ਸੜਕ ’ਤੇ ਡਰਾਮਾ ਹੁੰਦਾ ਰਿਹਾ। ਇਸ ਤੋਂ ਬਾਅਦ ਅਧਿਕਾਰੀ ਦੇ ਹੁਕਮ ’ਤੇ ਮਹਿਲਾ ਕਾਂਸਟੇਬਲ ਨੇ ਸ਼ਰਮੀਲਾ ਨੂੰ ਹਿਰਾਸਤ ’ਚ ਲੈ ਲਿਆ।

ਉਕਤ ਘਟਨਾ ਤੋਂ ਸਪੱਸ਼ਟ ਹੈ ਕਿ ਸੱਤਾ ਦੇ ਨਸ਼ੇ ’ਚ ਸਾਡੇ ਕੁਝ ਨੁਮਾਇੰਦੇ ਉਸ ਨੈਤਿਕਤਾ ਅਤੇ ਮਰਿਆਦਾ ਨੂੰ ਭੁੱਲ ਜਾਂਦੇ ਹਨ ਜਿਸ ਦੀ ਪਾਲਣਾ ਕਰਨ ਦੀ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ। ਅਜਿਹੇ ਹੀ ਨੇਤਾਵਾਂ ਕਾਰਨ ਉਨ੍ਹਾਂ ਦੀਆਂ ਪਾਰਟੀਆਂ ਬਦਨਾਮ ਹੁੰਦੀਆਂ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਚੋਣਾਂ ’ਚ ਭੁਗਤਣਾ ਪੈਂਦਾ ਹੈ।

-ਵਿਜੇ ਕੁਮਾਰ

Anmol Tagra

This news is Content Editor Anmol Tagra