ਅਮਰੀਕਾ-ਰੂਸ ਆਈ. ਐੈੱਨ. ਐੱਫ. ਸੰਧੀ ਤੋਂ ਪਿੱਛੇ ਹਟੇ ਫਿਰ ਸ਼ੁਰੂ ਹੋਵੇਗੀ ਪ੍ਰਮਾਣੂ ਹਥਿਆਰਾਂ ਦੀ ਦੌੜ?

02/04/2019 5:06:27 AM

2 ਫਰਵਰੀ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਦੇ ਫੈਸਲੇ ਦੀ ਪ੍ਰਤੀਕਿਰਿਆ ਦੇ ਤੌਰ ’ਤੇ ਆਈ. ਐੈੱਨ. ਐੈੱਫ. ਸੰਧੀ ਮੁਅੱਤਲ ਕਰ ਰਹੇ ਹਨ। ਦਰਅਸਲ, 1987 ’ਚ ਤਤਕਾਲੀ ਸੋਵੀਅਤ ਸੰਘ ਦੇ ਰਾਸ਼ਟਰਪਤੀ ਮਿਖਾਈਲ ਗੋਰਬਾਚੋਵ ਤੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਵਲੋਂ ‘ਇੰਟਰਮੀਡੀਏਟ-ਰੇਨਜ਼ ਨਿਊਕਲੀਅਰ ਫੋਰਸਿਜ਼ ਟ੍ਰੀਟੀ’ (ਆਈ. ਐੈੱਨ. ਐੈੱਫ.) ’ਤੇ ਦਸਤਖਤਾਂ  ਨਾਲ 1980 ਦੇ ਦਹਾਕੇ ਦਾ ਉਹ ਕੌਮਾਂਤਰੀ ਸੰਕਟ ਹੱਲ ਹੋਇਆ ਸੀ, ਜਿਸ ਦੀ ਸ਼ੁਰੂਆਤ ਸੋਵੀਅਤ ਸੰਘ ਦੇ ਤਿੰਨ ਪ੍ਰਮਾਣੂ ਹਥਿਆਰ ਲਿਜਾ ਸਕਣ ਵਾਲੀਆਂ ‘ਐੈੈੱਸ. ਐੈੱਸ. 20’ ਮਿਜ਼ਾਈਲਾਂ ਦੀ ਯੂਰਪ ’ਚ ਤਾਇਨਾਤੀ ਨਾਲ ਹੋਈ ਸੀ। ਇਸ ਦਾ ਜਵਾਬ ਅਮਰੀਕਾ ਨੇ ਯੂਰਪ ’ਚ ਕਰੂਜ਼ ਤੇ ਪੇਰਸ਼ਿੰਗ-2 ਮਿਜ਼ਾਈਲਾਂ ਦੀ ਤਾਇਨਾਤੀ ਨਾਲ ਦਿੱਤਾ ਸੀ।
ਅਮਰੀਕਾ-ਸੋਵੀਅਤ ਸੰਘ ਵਿਚਾਲੇ ਇਸ ਸੰਧੀ ਤੋਂ ਪਹਿਲਾਂ ਤਕ ਇਨ੍ਹਾਂ ਮਿਜ਼ਾਈਲਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਜੰਗ ਛਿੜਨ ਦੇ ਸਭ ਤੋਂ ਵੱਡੇ ਕਾਰਨ ਦੇ ਰੂਪ ’ਚ ਦੇਖਿਆ ਜਾਂਦਾ ਸੀ ਕਿਉਂਕਿ ਪ੍ਰਮਾਣੂ ਹਥਿਆਰਾਂ  ਨਾਲ ਲੈਸ ਇਹ ਮਿਜ਼ਾਈਲਾਂ ਸਿਰਫ 10 ਮਿੰਟ ’ਚ ਹਮਲਾ ਕਰ ਸਕਦੀਆਂ ਸਨ। ਇਹ ਸਥਿਤੀ ਸੋਵੀਅਤ ਸੰਘ ਲਈ ਜ਼ਿਆਦਾ ਚਿੰਤਾਜਨਕ ਸੀ ਕਿਉਂਕਿ ਉਸ ਦੇ ਜਵਾਬੀ ਹਮਲਾ ਕਰਨ ਤੋਂ ਪਹਿਲਾਂ ਅਮਰੀਕੀ ਮਿਜ਼ਾਈਲਾਂ ਉਸ ਦੇ ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀਆਂ ਸਨ।
 ਇਸ ਕਮੀ ’ਤੇ ਕਾਬੂ ਪਾਉਣ ਲਈ ਉਸ ਨੇ ਅਮਰੀਕਾ ’ਤੇ ਪ੍ਰਮਾਣੂ ਮਿਜ਼ਾਈਲਾਂ ਦੇ ਹਮਲੇ ਲਈ ਲੀਡਰਸ਼ਿਪ ਦੇ ਹੁਕਮ ਦੀ ਲੋੜ ਨੂੰ ਖਤਮ ਕਰ ਕੇ ਰੇਡੀਏਸ਼ਨ ਤੇ ਸਿਸਮਿਕ ਸੈਂਸਰਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਛੱਡਣ ਦਾ ਬੰਦੋਬਸਤ ਕਰ ਦਿੱਤਾ ਸੀ। 
ਇਹ ਸੰਧੀ 500 ਤੋਂ 5500 ਕਿਲੋਮੀਟਰ ਤਕ ਜ਼ਮੀਨ ਤੋਂ ਮਾਰ ਕਰਨ ਵਾਲੀਆਂ  ਦਰਮਿਆਨੀ ਦੂਰੀਆਂ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਤੇ ਤਾਇਨਾਤੀ ਨੂੰ ਰੋਕਦੀ ਸੀ। ਇਸ ਦੇ ਅਧੀਨ ਪਹਿਲੀ ਵਾਰ ਇਨ੍ਹਾਂ ਦੋ ਮਹਾਸ਼ਕਤੀਆਂ ਨੇ ਆਪਣੇ ਪ੍ਰਮਾਣੂ  ਅਸਲਾਖਾਨੇ  ਨੂੰ ਘੱਟ ਕਰਨ ਤੇ ਪ੍ਰਮਾਣੂ ਹਥਿਆਰਾਂ ਦੀ ਇਕ ਪੂਰੀ ਸ਼੍ਰੇਣੀ ਨੂੰ ਖਤਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਸੀ। ਇਸ ਸੰਧੀ ਦੇ ਸਿੱਟੇ ਵਜੋਂ ਦੋਹਾਂ ਦੇਸ਼ਾਂ ਨੇ  1 ਜੂਨ 1991 ਦੀ ਸੰਧੀ ’ਚ ਤੈਅ ਸਮਾਂ ਹੱਦ ਅਨੁਸਾਰ ਕੁਲ 2692 ਛੋਟੀਆਂ ਤੇ ਦਰਮਿਆਨੀ ਸ਼੍ਰੇਣੀ ਦੀਆਂ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਸੀ।
ਪਰ ਸ਼ੁੱਕਰਵਾਰ ਨੂੰ ਅਮਰੀਕਾ ਨੇ ਇਸ ਸੰਧੀ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਜਵਾਬ ’ਚ ਅਗਲੇ ਹੀ ਦਿਨ ਸ਼ਨੀਵਾਰ ਨੂੰ  ਰੂਸ   ਨੇ  ਵੀ ਇਸ   ਸੰਧੀ ਤੋਂ  ਵ ੱਖ ਹੋਣ ਦਾ ਐਲਾਨ  ਕਰ ਦਿੱਤਾ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ   ਦੋਸ਼ ਲਾਇਆ ਸੀ ਕਿ ਰੂਸ ਸਾਲਾਂ ਤੋਂ ਇਸ ਸਮਝੌਤੇ ਦੀ ਨਾ ਸਿਰਫ ਉਲੰਘਣਾ ਕਰਦਾ ਰਿਹਾ ਹੈ ਸਗੋਂ ਯੂਰਪ ਦੀ ਸਰਹੱਦ ਨੇੜੇ ਮਿਜ਼ਾਈਲ ਲਾਂਚਰਜ਼  ਤਾਇਨਾਤ ਕਰ ਕੇ  ਮਾਹੌਲ  ਖਰਾਬ ਕਰਨ ਦੀ ਕੋਸ਼ਿਸ਼ ਵੀ ਉਸ ਨੇ ਕੀਤੀ ਹੈ। 180 ਦਿਨਾਂ ਦਾ ਸਮਾਂ ਦਿੰਦੇ ਹੋਏ ਰੂਸ ਨੂੰ ਕਿਹਾ ਗਿਆ ਕਿ ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਅਮਰੀਕਾ ਨੂੰ ਮਜਬੂਰੀ ’ਚ ਇਸ ਸਮਝੌਤੇ ਤੋਂ ਵੱਖ ਹੋਣਾ ਪਵੇਗਾ ਅਤੇ ਇਕ ਵਾਰ ਸਮਝੌਤਾ ਪੂਰੀ ਤਰ੍ਹਾਂ ਟੁੱਟਣ ਨਾਲ ਰੂਸ ਨੂੰ ਇਸ ਦਾ ਖਤਰਨਾਕ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਹਾਲਾਂਕਿ ਰੂਸ ਨੇ ਵੀ ਆਪਣੀ ਮਨਸ਼ਾ ਜ਼ਾਹਿਰ ਕਰਨ ’ਚ ਦੇਰ ਨਹੀਂ ਕੀਤੀ ਤੇ ਅਮਰੀਕਾ ਦੇ ਸਾਰੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਯੂਰਪ ਦੀ ਸਰਹੱਦ ’ਤੇ ਤਾਇਨਾਤ ਉਸ ਦੀਆਂ ਮਿਜ਼ਾਈਲਾਂ ਨੇ ਕਦੇ ਇਸ ਸੰਧੀ ਦੀ ਉਲੰਘਣਾ ਨਹੀਂ ਕੀਤੀ  ਹੈ। ਨਾਲ ਹੀ ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਯੂਰਪ ਦੀ ਸਰਹੱਦ ’ਤੇ ਅਮਰੀਕਾ ਮਿਜ਼ਾਈਲ ਤਾਇਨਾਤ ਕਰਦਾ ਦਿਸਿਆ ਤਾਂ ਉਸ ਲਈ ਗੰਭੀਰ ਨਤੀਜੇ ਹੋ ਸਕਦੇ ਹਨ ਤੇ ਅਮਰੀਕਾ ਜੇਕਰ ਯੂਰਪ ’ਚ ਨਵੀਆਂ ਮਿਜ਼ਾਈਲਾਂ ਨੂੰ ਤਾਇਨਾਤ ਕਰਦਾ ਹੈ ਤਾਂ ਉਹ ਵੀ ਇਸ ਤੋਂ ਪਿੱਛੇ ਨਹੀਂ ਹਟੇਗਾ ਅਤੇ ਉਸ ਨੂੰ ਨਵੀਆਂ ਮਿਜ਼ਾਈਲਾਂ ਬਣਾਉਣ ’ਚ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ। 
ਗੌਰਤਲਬ ਹੈ ਕਿ ਈਰਾਨ ਨਾਲ ਨਿਊਕਲੀਅਰ ਡੀਲ ਰੱਦ ਕਰਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਦਾ ਇਹ ਦੂਜਾ ਅਜਿਹਾ ਸਭ ਤੋਂ ਵੱਡਾ ਫੈਸਲਾ ਹੈ, ਜੋ ਨੇੜ ਭਵਿੱਖ ’ਚ ਕੌਮਾਂਤਰੀ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਪਹਿਲਾਂ 2002 ’ਚ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ‘ਐਂਟੀ ਬੈਲਿਸਟਿਕ ਮਿਜ਼ਾਈਲ’ ਸੰਧੀ ਤੋਂ ਅਮਰੀਕਾ ਨੂੰ ਬਾਹਰ ਕਰ ਲਿਆ ਸੀ।
ਅਸਲ ’ਚ ਹੁਣ ਆਈ. ਐੈੱਨ. ਐੈੱਫ. ਤੋਂ ਅਮਰੀਕਾ ਦੇ ਵੱਖ ਹੋਣ ਦਾ ਇਕ ਕਾਰਨ ਚੀਨ ਵੀ ਹੈ ਕਿਉਂਕਿ ਇਸ ਸੰਧੀ ਕਾਰਨ ਹੀ ਚੀਨ ਦੇ ਵਧਦੇ ਫੌਜੀ ਪ੍ਰਭਾਵ ’ਤੇ ਲਗਾਮ ਕੱਸਣ ਲਈ ਉਸ ਦੇ ਨੇੜੇ ਪ੍ਰਮਾਣੂ ਮਿਜ਼ਾਈਲਾਂ ਤਾਇਨਾਤ ਕਰਨਾ ਅਮਰੀਕਾ ਲਈ ਸੰਭਵ ਨਹੀਂ ਸੀ। ਸ਼ਾਇਦ ਅਮਰੀਕਾ ਨੂੰ ਰੂਸ ਨਾਲੋਂ ਵੱਧ ਚਿੰਤਾ ਹੁਣ ਚੀਨ ਦੀ ਫੌਜੀ ਤਾਕਤ ਦੀ ਹੈ। 
ਉਧਰ ਅਮਰੀਕਾ ਤੇ ਰੂਸ ਵਿਚਾਲੇ ਹੁਣ ਯੂਰਪੀ ਦੇਸ਼ਾਂ ਦੇ ਪਿਸਣ ਦੀ ਸਥਿਤੀ ਬਣ ਸਕਦੀ ਹੈ, ਜੋ ਇਸ ਨੂੰ ਤੋੜੇ ਜਾਣ ਦਾ ਹਮੇਸ਼ਾ ਪੁਰਜ਼ੋਰ ਵਿਰੋਧ ਕਰਦੇ ਰਹੇ ਹਨ। ਗੌਰਤਲਬ ਹੈ ਕਿ 2014 ’ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸ ਵਲੋਂ ਇਕ ਕਰੂਜ਼ ਮਿਜ਼ਾਈਲ ਦੇ ਪ੍ਰੀਖਣ ਤੋਂ ਬਾਅਦ ਉਸ ’ਤੇ ਆਈ. ਐੈੱਨ. ਐੈੱਫ. ਸੰਧੀ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਕਿਹਾ ਜਾਂਦਾ ਹੈ ਕਿ ਓਬਾਮਾ ਨੇ ਯੂਰਪੀ ਨੇਤਾਵਾਂ ਦੇ ਦਬਾਅ ’ਚ ਇਸ ਸੰਧੀ ਨੂੰ ਨਾ ਤੋੜਨ ਦਾ ਫੈਸਲਾ ਕੀਤਾ ਸੀ।
ਡਰ ਹੈ ਕਿ ਹਥਿਆਰਾਂ ਦੀ ਦੌੜ ’ਤੇ ਸੀਤ  ਯੁੱਧ ਤੋਂ ਬਾਅਦ ਜੋ ਲਗਾਮ ਲੱਗੀ ਸੀ, ਉਹ ਦੌੜ ਕਿਤੇ ਫਿਰ ਤੋਂ ਨਾ ਸ਼ੁਰੂ ਹੋ ਜਾਏ।