10 ਸਾਲਾਂ ਬਾਅਦ ਹੁਣ ਅਮਰਨਾਥ ਯਾਤਰਾ ਹੋਵੇਗੀ 60 ਦਿਨਾਂ ਦੀ

01/12/2018 8:02:47 AM

ਬਾਬਾ ਅਮਰਨਾਥ ਜੀ ਦੀ ਯਾਤਰਾ ਕਰੋੜਾਂ ਭਾਰਤੀਆਂ ਦੀ ਆਸਥਾ ਦਾ ਕੇਂਦਰ ਹੀ ਨਹੀਂ, ਜੰਮੂ-ਕਸ਼ਮੀਰ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਭਾਵਨਾਤਮਕ ਬੰਧਨ 'ਚ ਬੰਨ੍ਹਣ ਅਤੇ ਭਾਈਚਾਰਾ ਮਜ਼ਬੂਤ ਕਰਨ ਦਾ ਜ਼ਰੀਆ ਵੀ ਹੈ ਤੇ ਭਾਰੀ ਔਕੜਾਂ ਦੇ ਬਾਵਜੂਦ ਸ਼ਰਧਾਲੂ ਉਥੇ ਸਿਰ ਝੁਕਾਉਣ ਪਹੁੰਚਦੇ ਹਨ। ਬਾਬਾ ਅਮਰਨਾਥ ਦੇ ਸ਼ਰਧਾਲੂ ਸਹੀ ਅਰਥਾਂ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਝੰਡਾਬਰਦਾਰ ਹਨ, ਜੋ ਆਪਣੀ ਇਸ ਯਾਤਰਾ ਦੌਰਾਨ ਉਥੋਂ ਦੇ ਹੋਟਲਾਂ ਆਦਿ ਵਿਚ ਠਹਿਰਨ ਅਤੇ ਵਾਪਸੀ ਵੇਲੇ ਉਥੋਂ ਮੇਵੇ, ਸ਼ਾਲ, ਕੇਸਰ ਆਦਿ ਖਰੀਦਣ 'ਤੇ ਚੰਗੀ-ਖਾਸੀ ਰਕਮ ਖਰਚ ਕਰਦੇ ਹਨ। 
ਇਸ ਯਾਤਰਾ ਤੋਂ ਸਥਾਨਕ ਘੋੜੇ, ਪਿੱਠੂ ਤੇ ਪਾਲਕੀ ਵਾਲੇ ਵੀ ਚੰਗੀ-ਖਾਸੀ ਕਮਾਈ ਕਰਦੇ ਹਨ ਤੇ ਇਸੇ ਆਮਦਨ ਨਾਲ ਇਲਾਕੇ ਦੇ ਲੋਕ ਆਪਣੇ ਧੀਆਂ-ਪੁੱਤਾਂ ਦੇ ਵਿਆਹ ਜਾਂ ਨਵੇਂ ਮਕਾਨਾਂ ਦੀ ਉਸਾਰੀ ਤੇ ਖਰੀਦਦਾਰੀ ਆਦਿ ਕਰਦੇ ਹਨ। ਇਹੋ ਨਹੀਂ, ਇਸ ਯਾਤਰਾ ਤੋਂ ਜੰਮੂ-ਕਸ਼ਮੀਰ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ। ਇਸ ਸਾਲ ਬਾਬਾ ਅਮਰਨਾਥ ਦੇ ਸ਼ਰਧਾਲੂਆਂ ਲਈ 10 ਸਾਲਾਂ 'ਚ ਇਹ ਪਹਿਲਾ ਮੌਕਾ ਹੈ, ਜਦੋਂ ਸ਼੍ਰੀ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋ ਕੇ 26 ਅਗਸਤ ਤਕ ਲਗਾਤਾਰ 60 ਦਿਨ ਚੱਲੇਗੀ, ਜਦਕਿ ਪਿਛਲੇ ਸਾਲ ਯਾਤਰਾ ਦੀ ਮਿਆਦ ਸਿਰਫ 40 ਦਿਨਾਂ ਤਕ ਸਿਮਟ ਗਈ ਸੀ ਤੇ 2.60 ਲੱਖ ਸ਼ਰਧਾਲੂ ਹੀ ਆਏ ਸਨ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਵਲੋਂ ਯਾਤਰਾ ਦੀ ਮਿਆਦ ਵਧਾਉਣ ਦਾ ਫੈਸਲਾ ਬਹੁਤ ਚੰਗਾ ਹੈ, ਜਿਸ ਦਾ ਅਸਰ ਸ਼ਰਧਾਲੂਆਂ ਦੀ ਗਿਣਤੀ 'ਤੇ ਵੀ ਪਵੇਗਾ ਤੇ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ 3 ਲੱਖ ਤੋਂ ਪਾਰ ਹੋਣ ਦੀ ਵੀ ਉਮੀਦ ਹੈ। ਇਸ ਦੇ ਲਈ 1 ਮਾਰਚ ਤੋਂ ਦੇਸ਼ ਭਰ ਵਿਚ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਯੈੱਸ ਬੈਂਕ ਦੀਆਂ 437 ਬ੍ਰਾਂਚਾਂ ਵਿਚ ਅਗਾਊਂ ਯਾਤਰੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਵਿਵਸਥਾ ਕੀਤੀ ਗਈ ਹੈ ਪਰ ਜੇ ਇਹ ਸਹੂਲਤ ਹੋਰਨਾਂ ਬੈਂਕਾਂ 'ਚ ਵੀ ਵਧਾ ਦਿੱਤੀ ਜਾਂਦੀ ਤਾਂ ਹੋਰ ਚੰਗਾ ਹੁੰਦਾ। ਯਾਤਰਾ ਦੌਰਾਨ 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਜ਼ਿਆਦਾ ਉਮਰ ਦੇ ਤੰਦਰੁਸਤ ਲੋਕਾਂ ਨੂੰ ਯਾਤਰਾ ਦੀ ਇਜਾਜ਼ਤ ਨਾ ਦੇਣ ਦਾ ਪਹਿਲਾਂ ਤੋਂ ਹੀ ਲਾਗੂ ਫੈਸਲਾ ਕੀਤਾ ਗਿਆ ਹੈ, ਜੋ ਠੀਕ ਨਹੀਂ ਲੱਗਦਾ ਕਿਉਂਕਿ 75 ਸਾਲ ਤੋਂ ਜ਼ਿਆਦਾ ਉਮਰ ਦੇ ਤੰਦਰੁਸਤ ਲੋਕਾਂ ਨੂੰ ਇਸ ਦੀ ਇਜਾਜ਼ਤ ਦੇਣ ਨਾਲ ਜਿੱਥੇ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ, ਉਥੇ ਹੀ ਉਨ੍ਹਾਂ ਤੋਂ ਹੋਣ ਵਾਲੀ ਆਮਦਨ ਨਾਲ ਸੂਬੇ 'ਚ ਖੁਸ਼ਹਾਲੀ ਆਵੇਗੀ। ਪਹਿਲਾਂ ਵੀ ਕਈ ਸੰਗਠਨ ਇਹ ਪਾਬੰਦੀ ਖਤਮ ਕਰਨ ਦੀ ਮੰਗ ਕਰ ਚੁੱਕੇ ਹਨ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra