ਨਾਬਾਲਿਗਾਂ ਵੱਲੋਂ ਵਾਹਨ ਚਲਾਉਣ ਕਾਰਨ ਹਾਦਸਿਆਂ ’ਚ ਹੋ ਰਹੀਆਂ ਬੇਵਕਤੀ ਮੌਤਾਂ

04/30/2023 1:42:04 AM

ਅੱਜਕਲ ਕੁਝ ਅਜਿਹਾ ਮਾਹੌਲ ਬਣ ਗਿਆ ਹੈ ਕਿ ਮਾਤਾ-ਪਿਤਾ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਆਪਣੇ ਨਾਬਾਲਿਗ ਬੱਚਿਆਂ ਨੂੰ ਬਿਨਾਂ ਲਾਇਸੰਸ ਵਾਹਨ ਚਲਾਉਣ ਦੀ ਆਗਿਆ ਦੇ ਦਿੰਦੇ ਹਨ ਜੋ ਆਪਣੇ ਗੈਰ-ਤਜਰਬੇ ਕਾਰਨ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਵਾਹਨ ਦੌੜਾ ਕੇ ਆਪਣੀ ਅਤੇ ਹੋਰਨਾਂ ਦੀ ਜਾਨ ਲਈ ਵੀ ਖਤਰਾ ਪੈਦਾ ਕਰ ਰਹੇ ਹਨ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 10 ਜਨਵਰੀ ਨੂੰ ਲਾਤੇਹਾਰ (ਝਾਰਖੰਡ) ਜ਼ਿਲੇ ਦੇ ਚੰਦਵਾ ’ਚ ਬਿਨਾਂ ਹੈਲਮੇਟ ਦੇ ਜਾ ਰਹੇ 12 ਸਾਲ ਦੇ ਨਾਬਾਲਿਗ ਦੀ ਤੇਜ਼ ਰਫਤਾਰ ਬਾਈਕ ਇਕ ਟਰੱਕ ’ਚ ਜਾ ਵੜੀ ਜਿਸ ਕਾਰਨ ਉਸ ਦੀ ਧੌਣ ਧੜ ਤੋਂ ਵੱਖ ਹੋ ਕੇ ਲਟਕ ਗਈ।

* 9 ਫਰਵਰੀ ਨੂੰ ਜੈਪੁਰ (ਰਾਜਸਥਾਨ) ਵਿਖੇ 17 ਸਾਲ ਦੇ ਨਾਬਾਲਿਗ ਨੇ ਤੇਜ਼ ਰਫਤਾਰ ਨਾਲ ਕਾਰ ਦੌੜਾਉਂਦੇ ਹੋਏ 3 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਭ ਵਾਹਨਾਂ ਦੇ ਪਰਖਚੇ ਉੱਡ ਗਏ। ਇਸ ਹਾਦਸੇ ’ਚ ਇਕ ਔਰਤ ਦੀਆਂ 3 ਉਂਗਲਾਂ ਵੱਢੀਆਂ ਗਈਆਂ ਅਤੇ ਕਈ ਵਾਹਨ ਚਾਲਕਾਂ ਦੇ ਹੱਥ-ਪੈਰ ਟੁੱਟ ਗਏ।

* 12 ਫਰਵਰੀ ਨੂੰ ਬੁਰਾੜੀ ਫਲਾਈਓਵਰ ਨੇੜੇ 14 ਸਾਲ ਦੇ ਇਕ ਬੱਚੇ ਦੀ ਬਾਈਕ ਡਿਵਾਈਡਰ ਨਾਲ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੇ 2 ਹੋਰ ਨਾਬਾਲਿਗ ਜ਼ਖਮੀ ਹੋ ਗਏ।

* 1 ਮਾਰਚ ਨੂੰ ਬਾਲੋਦ (ਮੱਧ ਪ੍ਰਦੇਸ਼) ਵਿਖੇ ਤੇਜ਼ ਰਫਤਾਰ ਕਾਰ ਨੂੰ ਨਾਬਾਲਿਗ ਡਰਾਈਵਰ ਨੇ ਟੋਏ ’ਚ ਸੁੱਟ ਦਿੱਤਾ ਜਿਸ ਕਾਰਨ ਉਸ ਦੇ ਪਰਖਚੇ ਉੱਡ ਗਏ ਅਤੇ ਨਾਬਾਲਿਗ ਡਰਾਈਵਰ ਅਤੇ ਉਸ ਦਾ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 3 ਮਾਰਚ ਨੂੰ ਉੱਨਾਵ (ਉੱਤਰ ਪ੍ਰਦੇਸ਼) ’ਚ ਓਰਾਵਾ ਥਾਣਾ ਖੇਤਰ ’ਚ ਪ੍ਰੀਖਿਆ ਦੇਣ ਜਾ ਰਹੇ 2 ਨਾਬਾਲਿਗ ਵਿਦਿਆਰਥੀਆਂ ਦੀ ਮੋਟਰਸਾਈਕਲ ਦੇ ਇਕ ਹੋਰ ਵਾਹਨ ਨਾਲ ਟਕਰਾ ਜਾਣ ਕਾਰਨ ਦੋਹਾਂ ਹੀ ਵਿਦਿਆਰਥੀਆਂ ਦੀ ਮੌਤ ਹੋ ਗਈ।

* 16 ਮਾਰਚ ਨੂੰ ਅੰਬਿਕਾਪੁਰ (ਛੱਤੀਸਗੜ੍ਹ) ਦੇ ਪਿੰਡ ਸਕਾਲੋ ਵਿਖੇ 16 ਸਾਲਾ ਨਾਬਾਲਿਗ ਦੀ ਮੋਟਰਸਾਈਕਲ ਇਕ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

* 15 ਅਪ੍ਰੈਲ ਨੂੰ ਇਟਾਰਸੀ (ਮੱਧ ਪ੍ਰਦੇਸ਼) ਵਿਖੇ ਆਪਣੇ 2 ਦੋਸਤਾਂ ਨਾਲ ਬਾਈਕ ’ਤੇ ਜਾ ਰਹੇ 13 ਸਾਲ ਦੇ ਨਾਬਾਲਿਗ ਦੀ ਮੋਟਰਸਾਈਕਲ ਇਕ ਪੁਲੀ ਨਾਲ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਦੇ 2 ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 23 ਅਪ੍ਰੈਲ ਨੂੰ ਬਿਲਾਸਪੁਰ (ਹਰਿਆਣਾ) ਦੇ ਸਿਧਰਾਂਵਾਲੀ ਵਿਖੇ ਟਰੈਕਟਰ ਚਲਾ ਰਹੇ ਨਾਬਾਲਿਗ ਨੇ ਸਿਰਫ 1 ਸਾਲ ਦੀ ਉਮਰ ਦੀ ਮਾਸੂਮ ਬੱਚੀ ਨੂੰ ਕੁਚਲ ਦਿੱਤਾ।

ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਲੋੜ ਇਸ ਗੱਲ ਦੀ ਹੈ ਕਿ ਮਾਪੇ ਆਪਣੇ ਨਾਬਾਲਿਗ ਬੱਚਿਆਂ ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਬਿਨਾਂ ਹੈਲਮੇਟ ਅਤੇ ਬਿਨਾਂ ਲਾਇਸੰਸ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਕਿਉਂਕਿ ਆਮ ਤੌਰ ’ਤੇ ਅਜਿਹੀਆਂ ਗੱਲਾਂ ਦਾ ਨਤੀਜਾ ਦੁਖਦਾਈ ਹੀ ਨਿਕਲਦਾ ਹੈ ਜਿਵੇਂ ਕਿ ਉਪਰ ਦਰਜ ਘਟਨਾਵਾਂ ਤੋਂ ਸਪੱਸ਼ਟ ਹੈ। 

-ਵਿਜੇ ਕੁਮਾਰ

Anmol Tagra

This news is Content Editor Anmol Tagra