ਸੰਕਟ ਦੀ ਇਸ ਘੜੀ ’ਚ ਵੀ ਜਾਰੀ ਆਗੂਆਂ ਵੱਲੋਂ ਬੇਤੁਕੇ ਬਿਆਨਾਂ ਦਾ ਸਿਲਸਿਲਾ

04/30/2021 2:08:34 AM

ਇਸ ਸਮੇਂ ਜਦੋਂ ਕਿ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਪੱਛਮੀ ਬੰਗਾਲ, ਬਿਹਾਰ ਅਤੇ ਹਰਿਆਣਾ ਦੇ ਕਈ ਸੀਨੀਅਰ ਆਗੂਆਂ ਦੇ ਅਜਿਹੇ ਬਿਆਨ ਆਏ ਹਨ, ਜਿਨ੍ਹਾਂ ਲਈ ਉਨ੍ਹਾਂ ਦੀ ਭਾਰੀ ਆਲੋਚਨਾ ਹੋ ਰਹੀ ਹੈ।

* 14 ਅਪ੍ਰੈਲ ਨੂੰ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਪਸ਼ੂ ਪਾਲਣ ਮੰਤਰੀ ਪ੍ਰੇਮ ਸਿੰਘ ਨੇ ਕਿਹਾ, ‘‘ਜਿਨ੍ਹਾਂ ਦੀ ਉਮਰ ਹੋ ਜਾਂਦੀ ਹੈ, ਉਨ੍ਹਾਂ ਨੂੰ ਮਰਨਾ ਹੀ ਪੈਂਦਾ ਹੈ।’’

* 18 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਬੁਲਢਾਨਾ ਤੋਂ ਵਿਧਾਇਕ ਸੰਜੇ ਗਾਇਕਵਾੜ (ਸ਼ਿਵ ਸੈਨਾ) ਬੋਲੇ, ‘‘ਜੇ ਮੈਨੂੰ ਕੋਰੋੋਨਾ ਵਾਇਰਸ ਮਿਲ ਜਾਂਦਾ ਤਾਂ ਮੈਂ ਉਸ ਨੂੰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮੂੰਹ ’ਚ ਪਾ ਦਿੰਦਾ।’’ ਗਾਇਕਵਾੜ ਦੇ ਇਸ ਬਿਆਨ ਵਿਰੁੱਧ ਰੋਸ ਵਜੋਂ ਕਈ ਥਾਈਂ ਉਨ੍ਹਾਂ ਦੇ ਪੁਤਲੇ ਸਾੜੇ ਗਏ।

* 20 ਅਪ੍ਰੈਲ ਨੂੰ ਤ੍ਰਿਣਮੂਲ ਕਾਂਗਰਸ ਦੇ ਨੇਤਾ ਫਿਰਹਦ ਹਕੀਮ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਜਿਸ ’ਚ ਉਹ ਕਹਿ ਰਿਹਾ ਹੈ, ‘‘ਭਾਜਪਾ ਸੂਰ ਦਾ ਬੱਚਾ ਹੈ। ਉਨ੍ਹਾਂ ਨੂੰ ਕੁੱਟੋ।’’

* 21 ਅਪ੍ਰੈਲ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ (ਕਾਂਗਰਸ) ਨੇ ਕਿਹਾ, ‘‘ਪੰਜਾਬ ’ਚ ਜੇ 30 ਲੱਖ ਵੈਕਸੀਨ ਡੋਜ਼ ’ਚੋਂ 1 ਲੱਖ ਜਾਂ 1 ਲੱਖ 60 ਹਜ਼ਾਰ ਖਰਾਬ ਵੀ ਹੋ ਗਈਆਂ ਤਾਂ ਕੋਈ ਵੱਡੀ ਗੱਲ ਨਹੀਂ ਹੈ।’’

* 22 ਅਪ੍ਰੈਲ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੋਲੀ, ‘‘ਮੈਂ ਬੰਗਾਲ ਨੂੰ ਦਿੱਲੀ ਦੇ ਦੋ ਗੁੰਡਿਆਂ ਦੇ ਹੱਥਾਂ ’ਚ ਨਹੀਂ ਜਾਣ ਦੇਵਾਂਗੀ। ਮੈਂ ਕੋਈ ਖਿਡਾਰੀ ਨਹੀਂ ਹਾਂ ਪਰ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਕਿਵੇਂ ਖੇਡਣਾ ਚਾਹੀਦਾ ਹੈ। ਮੈਂ ਇਸ ਤੋਂ ਪਹਿਲਾਂ ਲੋਕ ਸਭਾ ’ਚ ਸਰਵੋਤਮ ਖਿਡਾਰੀ ਸੀ।’’

* 22 ਅਪ੍ਰੈਲ ਨੂੰ ਬਿਹਾਰ ਦੇ ਭਾਜਪਾ ਨੇਤਾ ਮਿਥਿਲੇਸ਼ ਕੁਮਾਰ ਤਿਵਾੜੀ ਨੇ ਸੀਨੀਅਰ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਆਸ਼ੀਸ਼ ਯੇਚੁਰੀ ਦੇ ਕੋਰੋਨਾ ਕਾਰਨ ਦਿਹਾਂਤ ’ਤੇ ਅਤਿਅੰਤ ਸ਼ਰਮਨਾਕ ਟਵੀਟ ਕਰਦੇ ਹੋਏ ਲਿਖਿਆ, ‘‘ਚੀਨ ਦੀ ਹਮਾਇਤੀ ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਬੇਟੇ ਆਸ਼ੀਸ਼ ਦਾ ਚਾਈਨੀਜ਼ ਕੋਰੋਨਾ ਕਾਰਨ ਦਿਹਾਂਤ।’’

ਤਿਵਾੜੀ ਦੇ ਇਸ ਟਵੀਟ ਕਾਰਨ ਬਵਾਲ ਮਚ ਗਿਆ ਅਤੇ ਉਨ੍ਹਾਂ ਨੂੰ ਕਾਹਲੀ-ਕਾਹਲੀ ’ਚ ਇਸ ਨੂੰ ਡਿਲੀਟ ਕਰਨਾ ਪਿਆ। ਇਸ ਦੇ ਜਵਾਬ ’ਚ ਰਾਜਦ ਨੇ ਹਮਲਾ ਬੋਲਦਿਆਂ ਕਿਹਾ, ‘‘ਟਵੀਟ ਨੂੰ ਡਿਲੀਟ ਕਰਨ ਨਾਲ ਸੰਘੀ ਸਰਕਾਰਾਂ ਦੀ ਦੁਰਗੰਧ ਨਹੀਂ ਮਿੱਟਦੀ। ਕੂੜੇਦਾਨ ਦੇ ਕੂੜੇਦਾਨ ਭਰੇ ਪਏ ਹਨ ਇਨ੍ਹਾਂ ਦੇ ਬਦਬੂਦਾਰ ਬਿਆਨਾਂ ਨਾਲ।’’

* 23 ਅਪ੍ਰੈਲ ਨੂੰ ਮੁੰਬਈ ਦੇ ਵਿਰਾਰ ’ਚ ਇਕ ਕੋਵਿਡ ਹਸਪਤਾਲ ’ਚ ਅੱਗ ਲੱਗਣ ਕਾਰਨ 14 ਮਰੀਜ਼ਾਂ ਦੀ ਹੋਈ ਮੌਤ ’ਤੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ (ਸ਼ਿਵ ਸੈਨਾ) ਨੇ ਕਿਹਾ, ‘‘ਇਹ ਜੋ ਘਟਨਾ ਵਾਪਰੀ ਹੈ, ਇਹ ਕੋਈ ਨੈਸ਼ਨਲ ਨਿਊਜ਼ ਨਹੀਂ ਹੈ। ਬਾਬਾ ਜਿਸ ਤਰ੍ਹਾਂ ਨਾਲ ਘਟਨਾ ਵਾਪਰੀ ਹੈ, ਉਸੇ ਤਰ੍ਹਾਂ ਨਾਲ ਮਦਦ ਕਰਨਗੇ।’’

* 27 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ (ਭਾਜਪਾ) ਨੇ ਦੇਸ਼ ’ਚ ਕੋਰੋਨਾ ਮਹਾਮਾਰੀ ਕਾਰਨ ਮੌਤਾਂ ਦੇ ਸਰਕਾਰੀ ਅੰਕੜਿਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਕਿਹਾ, ‘‘ਸਾਡੇ ਰੌਲਾ ਪਾਉਣ ਨਾਲ ਮਰੇ ਹੋਏ ਆਦਮੀ ਜ਼ਿੰਦਾ ਨਹੀਂ ਹੋ ਜਾਣਗੇ। ਇਸ ਲਈ ਇਸ ਸਮੇਂ ਕੋਰੋਨਾ ਕਾਰਨ ਹੋਣ ਵਾਲੀਅਾਂ ਮੌਤਾਂ ’ਤੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।’’

ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲਾ ਨੇ ਇਸ ’ਤੇ ਟਿੱਪਣੀ ਕੀਤੀ, ‘‘ਇਹ ਇਕ ਬੇਰਹਿਮ ਹੁਕਮਰਾਨ ਦੇ ਸ਼ਬਦ ਹੀ ਹੋ ਸਕਦੇ ਹਨ। ਹਰ ਮੌਤ, ਜੋ ਸਰਕਾਰ ਦੇ ਨਿਕੰਮੇਪਨ ਦਾ ਨਤੀਜਾ ਹੈ, ’ਤੇ ਰੌਲਾ ਪਾਉਣ ਦੀ ਲੋੜ ਹੈ ਤਾਂ ਜੋ ਬੋਲ਼ੀ ਭਾਜਪਾ ਸਰਕਾਰ ਨੂੰ ਗੂੰਜ ਸੁਣਾਈ ਦੇਵੇ।’’

* 28 ਅਪ੍ਰੈਲ ਨੂੰ ਜਦੋਂ ਇਕ ਕਿਸਾਨ ਨੇ ਫੋਨ ’ਤੇ ਕਰਨਾਟਕ ਦੇ ਖੁਰਾਕ ਅਤੇ ਸਪਲਾਈ ਮੰਤਰੀ ਉਮੇਸ਼ ਕੱਟੀ (ਭਾਜਪਾ) ਨੂੰ ਜਨਤਕ ਵੰਡ ਪ੍ਰਣਾਲੀ ਅਧੀਨ ਦਿੱਤੇ ਜਾਣ ਵਾਲੇ ਚੌਲ ਦੀ ਮਾਤਰਾ ਨੂੰ ਵਧਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਲੋਕ ਜ਼ਿੰਦਾ ਰਹਿਣ ਜਾਂ ਮਰ ਜਾਣ? ਤਾਂ ਉਨ੍ਹਾਂ ਜਵਾਬ ਦਿੱਤਾ, ‘‘ਤੁਸੀਂ ਮਰ ਹੀ ਜਾਵੋ ਤਾਂ ਬਿਹਤਰ ਹੈ ਅਤੇ ਮੈਨੂੰ ਦੁਬਾਰਾ ਫੋਨ ਵੀ ਨਾ ਕਰਨਾ।’’

ਇਸ ਬਿਆਨ ’ਤੇ ਮਚੇ ਬਵਾਲ ਪਿੱਛੋਂ ਉਮੇਸ਼ ਕੱਟੀ ਨੇ ਅਜੀਬ ਸਫਾਈ ਦਿੰਦੇ ਹੋਏ ਕਿਹਾ, ‘‘ਕਿਸੇ ਨੂੰ ਵੀ ਇਸ ਤਰ੍ਹਾਂ ਦੇ ਸਵਾਲ ਹੀ ਨਹੀਂ ਪੁੱਛਣੇ ਚਾਹੀਦੇ।’’ ਇਸ ਬਿਆਨ ਨੂੰ ਲੈ ਕੇ ਸੂਬੇ ’ਚ ਤੇਜ਼ ਹੋਈ ਸਿਆਸੀ ਹਲਚਲ ਦਰਮਿਆਨ ਮੁੱਖ ਮੰਤਰੀ ਯੇਦੀਯੁਰੱਪਾ ਨੇ ਮੁਆਫੀ ਮੰਗੀ ਅਤੇ ਕਿਹਾ ਕਿ ਕੱਟੀ ਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ ਸੀ।

ਕੋਰੋਨਾ ਮਹਾਮਾਰੀ ਦੇ ਇਸ ਦੌਰ ’ਚ ਜਦੋਂ ਕਿ ਲੋਕਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੇ ਜ਼ਖਮਾਂ ’ਤੇ ਹਮਦਰਦੀ ਦੀ ਮੱਲ੍ਹਮ ਲਾਉਣ ਦੀ ਲੋੜ ਹੈ, ਇਸ ਤਰ੍ਹਾਂ ਦੇ ਸੰਵੇਦਨਾਹੀਣ ਅਤੇ ਬੇਤੁਕੇ ਬਿਆਨ ਦੇ ਕੇ ਲੋਕਾਂ ਦੇ ਜ਼ਖਮਾਂ ਨੂੰ ਕੁਰੇਦਣਾ ਅਤੇ ਬੇਲੋੜੇ ਵਿਵਾਦ ਪੈਦਾ ਕਰਨਾ ਬਿਲਕੁਲ ਢੁੱਕਵਾਂ ਨਹੀਂ ਹੈ।

ਅਜਿਹਾ ਕਰਨ ਦੀ ਬਜਾਏ ਸਾਡੇ ਨੇਤਾਵਾਂ ਨੂੰ ਇਸ ਗੰਭੀਰ ਸੰਕਟ ਕਾਲ ’ਚ ਆਪਣੇ ਸਾਰੇ ਸਿਆਸੀ ਅਤੇ ਵਿਚਾਰਕ ਮਤਭੇਦ ਭੁਲਾ ਕੇ ਲੋਕਾਂ ਦੇ ਦਰਦ ਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ।

-ਵਿਜੇ ਕੁਮਾਰ

Bharat Thapa

This news is Content Editor Bharat Thapa