‘ਵੈਟੀਕਨ’ ’ਚ ਔਰਤਾਂ ਦੀ ਭਾਈਵਾਲੀ ਵਧਾਉਣ ਲਈ ਪੋਪ ਫਰਾਂਸਿਸ ਦੇ 2 ਮਹੱਤਵਪੂਰਨ ਫੈਸਲੇ

04/29/2023 1:30:59 AM

ਪੋਪ ਫਰਾਂਸਿਸ ਨੇ 19 ਮਾਰਚ, 2013 ਨੂੰ ਵੈਟੀਕਨ ਦਾ ਨਵਾਂ ਮੁਖੀ ਬਣਦੇ ਹੀ ਵੈਟੀਕਨ ’ਚ ਘਰ ਕਰ ਚੁੱਕੀਆਂ ਖਾਮੀਆਂ ਦੂਰ ਕਰਨ ਲਈ ਇਸ ’ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਸੰਕੇਤ ਦੇ ਦਿੱਤੇ ਸਨ, ਜਿਸ ’ਚ ਵੈਟੀਕਨ ਦੇ ਕੰਮਕਾਜ ’ਚ ਔਰਤਾਂ ਨੂੰ ਵਿਸ਼ੇਸ਼ ਥਾਂ ਦੇਣੀ ਵੀ ਸ਼ਾਮਲ ਹੈ।

* 2021 ’ਚ ਪੋਪ ਫਰਾਂਸਿਸ ਨੇ ਪਹਿਲੀ ਵਾਰ ਇਕ ਔਰਤ ਨੂੰ ਵੈਟੀਕਨ ਸਿਟੀ ਦੇ ਗਵਰਨਰਸ਼ਿਪ ’ਚ ਨੰਬਰ 2 ਅਹੁਦੇ ’ਤੇ ਨਿਯੁਕਤ ਕੀਤਾ, ਜੋ ਵੈਟੀਕਨ ਸਿਟੀ ਵਿਚ ਕਿਸੇ ਔਰਤ ਦੀ ਸਭ ਤੋਂ ਉੱਚ ਅਹੁਦੇ ’ਤੇ ਨਿਯੁਕਤੀ ਸੀ।

* ਉਸੇ ਸਾਲ ਪੋਪ ਨੇ ਇਤਾਲਵੀ ‘ਨਨ’ ਸਿਸਟਰ ‘ਆਲੇਸਾਂਦਰਾ ਸਮੇਰਿਲੀ’ ਨੂੰ ਵੈਟੀਕਨ ਦੇ ਵਿਕਾਸ ਵਿਭਾਗ ਵਿਚ ਨੰਬਰ 2 ਦੇ ਅਹੁਦੇ ’ਤੇ ਨਿਯੁਕਤ ਕੀਤਾ।

* 2022 ਵਿਚ ਪੋਪ ਨੇ ਚਰਚ ਵਿਚ ਔਰਤਾਂ ਦੀ ਭਾਈਵਾਲੀ ਵਧਾਉਣ ਲਈ ਔਰਤਾਂ ਸਮੇਤ ਦੀਕਸ਼ਾ ਲੈ ਚੁੱਕੇ ਕੈਥੋਲਿਕਾਂ ਨੂੰ ਵੈਟੀਕਨ ਦੇ ਵਧੇਰੇ ਵਿਭਾਗਾਂ ਦਾ ਮੁਖੀ ਬਣਾਉਣ ਅਤੇ ਵਿਸ਼ਵ ਭਰ ਲਈ 5300 ਬਿਸ਼ਪਾਂ (ਧਰਮ ਮੁਖੀਆਂ) ਦੀ ਨਿਯੁਕਤੀ ਸੰਬੰਧੀ ਆਪਣੀ ਸਲਾਹਕਾਰ ਸੰਸਥਾ ‘ਸਾਇਨੋਡ ਆਫ ਬਿਸ਼ਪ’ ਵਿਚ 3 ਔਰਤਾਂ ਨੂੰ ਸ਼ਾਮਲ ਕਰਨ ਵਰਗੇ ਮਹੱਤਵਪੂਰਨ ਫੈਸਲੇ ਲਏ। ਇਸ ਵਿਚ ਪਹਿਲਾਂ ਮਰਦ ਹੀ ਹੁੰਦੇ ਸਨ।

* ਅਤੇ ਹੁਣ 26 ਅਪ੍ਰੈਲ, 2023 ਨੂੰ ਇਕ ਇਤਿਹਾਸਕ ਕਦਮ ਵਧਾਉਂਦੇ ਹੋਏ ਪੋਪ ਫਰਾਂਸਿਸ ਨੇ ਪਹਿਲੀ ਵਾਰ ਔਰਤਾਂ ਨੂੰ ਅਕਤੂਬਰ ਵਿਚ ਹੋਣ ਵਾਲੀ ਬਿਸ਼ਪਾਂ ਦੀ ਕੌਮਾਂਤਰੀ ਬੈਠਕ ਵਿਚ ਪੋਲਿੰਗ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।

ਨਵੇਂ ਬਦਲਾਵਾਂ ਤਹਿਤ ਹੁਣ 5 ‘ਸਿਸਟਰਸ’ ਧਾਰਮਿਕ ਹੁਕਮਾਂ ਲਈ ਪੋਲਿੰਗ ਨੁਮਾਇੰਦਗੀ ਦੇ ਰੂਪ ਵਿਚ 5 ਪਾਦਰੀਆਂ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੀਆਂ, ਜਦਕਿ ਹੁਣ ਤੱਕ ਸਿਰਫ ਮਰਦ ਹੀ ਇਸ ਵਿਚ ਪੋਲਿੰਗ ਕਰ ਸਕਦੇ ਸਨ।

ਇਸ ਤੋਂ ਪਹਿਲਾਂ ਔਰਤਾਂ ਨੂੰ ਆਡਿਟਰ ਦੇ ਰੂਪ ਵਿਚ ਪੋਪ ਦੀ ਸਲਾਹਕਾਰ ਸੰਸਥਾ ‘ਸਾਇਨੋਡ ਆਫ ਬਿਸ਼ਪ’ ਵਿਚ ਹਿੱਸਾ ਲੈਣ ਦੀ ਇਜਾਜ਼ਤ ਤਾਂ ਸੀ ਪਰ ਉਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ। ਇਸੇ ਕਾਰਨ ਵੈਟੀਕਨ ਕੌਂਸਲ ਵੋਟ ਦੇਣ ਦੇ ਅਧਿਕਾਰ ਦੀ ਮੰਗ ਕਰਨ ਵਾਲੇ ਕੈਥੋਲਿਕ ਮਹਿਲਾ ਸਮੂਹਾਂ ਦੇ ਨਿਸ਼ਾਨੇ ’ਤੇ ਆਈ ਹੋਈ ਸੀ।

* ਇਥੇ ਹੀ ਬਸ ਨਹੀਂ, ਪੋਪ ਫਰਾਂਸਿਸ ਨੇ ‘ਸਾਇਨੋਡ ਆਫ ਬਿਸ਼ਪ’ ਦੇ 70 ਗੈਰ-ਪਾਦਰੀ ਮੈਂਬਰਾਂ ਨੂੰ ਨਿਯੁਕਤ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਵਿਚ ਵੀ ਅੱਧੀਆਂ ਔਰਤਾਂ ਹੋਣਗੀਆਂ ਅਤੇ ਉਨ੍ਹਾਂ ਕੋਲ ਵੀ ਵੋਟ ਦੇਣ ਦਾ ਅਧਿਕਾਰ ਹੋਵੇਗਾ।

ਸਦੀਆਂ ਤੋਂ ਮਰਦ ਪ੍ਰਧਾਨ ਰਹੀ ਵੈਟੀਕਨ ਦੀ ਸੰਸਥਾ ਲਈ ਇਹ ਤਬਦੀਲੀਆਂ ਇਤਿਹਾਸਕ ਮੰਨੀਆਂ ਜਾ ਰਹੀਆਂ ਹਨ। ਕੈਥੋਲਿਕ ਚਰਚ ਦੇ ਪੈਰੋਕਾਰਾਂ ਨੂੰ ਉਮੀਦ ਹੈ ਕਿ ਪੋਪ ਫਰਾਂਸਿਸ ਅੱਗੇ ਵੀ ਵੈਟੀਕਨ ਵਿਚ ਸੁਧਾਰਾਂ ਨੂੰ ਜਾਰੀ ਰੱਖਣਗੇ, ਜਿਸ ਨਾਲ ਵੈਟੀਕਨ ਦੇ ਵੱਕਾਰ ਵਿਚ ਹੋਰ ਵਾਧਾ ਹੋਵੇਗਾ।

–ਵਿਜੇ ਕੁਮਾਰ

Mukesh

This news is Content Editor Mukesh