‘ਇਹ ਹੈ ਭਾਰਤ ਦੇਸ਼ ਸਾਡਾ’

09/11/2020 3:26:12 AM

ਭਾਰਤ ਉੱਚ ਆਦਰਸ਼ਾਂ ਵਾਲੇ ਮਹਾਪੁਰਸ਼ਾਂ ਦਾ ਦੇਸ਼ ਰਿਹਾ ਹੈ, ਜਿਸ ਤੋਂ ਪ੍ਰਾਚੀਨ ਕਾਲ ’ਚ ਸਮੁੱਚਾ ਵਿਸ਼ਵ ਰਹਿਨੁਮਾਈ ਹਾਸਲ ਕਰਦਾ ਸੀ ਪਰ ਅੱਜ ਇਹੀ ਦੇਸ਼ ਨੈਤਿਕ ਪਤਨ ਦੇ ਪਤਾਲ ’ਚ ਧਸਦਾ ਜਾ ਰਿਹਾ ਹੈ। ਪ੍ਰਾਚੀਨ ਅਾਦਰਸ਼ ਭੁਲਾ ਕੇ ਅੱਜ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੈਂਬਰਾਂ ਅਤੇ ਇਥੋਂ ਤਕ ਕਿ ਸਮੇਂ-ਸਮੇਂ ’ਤੇ ਕੁਝ ਚੰਗੇ ਫੈਸਲੇ ਸੁਣਾਉਣ ਵਾਲੀਅਾਂ ਖਾਪ ਪੰਚਾਇਤਾਂ ਵਲੋਂ ਵੀ ਕੁਝ ਤਾਲਿਬਾਨੀ ਕਿਸਮ ਦੇ ਫਰਮਾਨਾਂ ਅਤੇ ਕਾਰਿਅਾਂ ਨਾਲ ਪ੍ਰਾਚੀਨ ਉੱਚ-ਆਦਰਸ਼ਾਂ, ਨੈਤਿਕਤਾ ਅਤੇ ਰਿਸ਼ਤਿਅਾਂ ਦੀਅਾਂ ਮਰਿਆਦਾਵਾਂ ਤਾਰ-ਤਾਰ ਹੋ ਰਹੀਅਾਂ ਹਨ :

* 16 ਅਗਸਤ ਨੂੰ ਬਿਹਾਰ ਦੇ ਖਗੜੀਅਾ ’ਚ ਦਬੰਗਾਂ ਨੇ ਇਕ ਨਾਬਾਲਗ ਨੂੰ ਇਕ ਲੜਕੀ ਨਾਲ ਛੇੜਛਾੜ ਦੇ ਦੋਸ਼ ’ਚ, ਜਿਸ ਤੋਂ ਉਸ ਨੇ ਨਾਂਹ ਕੀਤੀ ਹੈ, ਪਹਿਲਾਂ ਤਾਂ ਰੁੱਖ ਨਾਲ ਬੰਨ੍ਹ ਕੇ ਕੁੱਟਿਆ, ਫਿਰ ਉਸ ਦੇ ਵਾਲ ਮੁੰਨ ਕੇ ਅਤੇ ਸਰੀਰ ’ਤੇ ਕਾਲਖ ਤੇ ਚੂਨਾ ਮਲ ਕੇ ਉਸ ਨੂੰ ਪਿੰਡ ’ਚ ਘੁਮਾਇਆ, ਿਜਸ ਨਾਲ ਉਹ ਸਦਮੇ ’ਚ ਚਲਾ ਗਿਆ।

* 21 ਅਗਸਤ ਨੂੰ ਰਾਜਸਥਾਨ ਦੇ ਸੀਕਰ ਜ਼ਿਲੇ ਦੇ ਪਿੰਡ ‘ਸੋਲਾ’ ਵਿਚ ਇਕ ਖਾਪ ਪੰਚਾਇਤ ਨੇ 400 ਵਿਅਕਤੀਅਾਂ ਦੇ ਸਾਹਮਣੇ ਰਿਸ਼ਤੇ ’ਚ ਚਾਚੀ ਅਤੇ ਭਤੀਜਾ ਲੱਗਣ ਵਾਲੇ ਸਾਂਸੀ ਭਾਈਚਾਰੇ ਦੀ ਇਕ ਔਰਤ ਅਤੇ ਨੌਜਵਾਨ ਨੂੰ ਜਨਤਕ ਤੌਰ ’ਤੇ ਨੰਗਿਅਾਂ ਕਰ ਕੇ ਉਨ੍ਹਾਂ ਨੂੰ ਦੁੱਧ ਨਾਲ ਨੁਹਾ ਕੇ ਉਨ੍ਹਾਂ ਦਾ ‘ਸ਼ੁੱਧੀਕਰਨ’ ਕੀਤਾ।

ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਦੀਅਾਂ ਫੋਟੋਅਾਂ ਖਿੱਚਣ ਤੋਂ ਇਲਾਵਾ ਉਨ੍ਹਾਂ ਕੋਲੋਂ 51 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਕੋਈ ਉਨ੍ਹਾਂ ਦੀ ਸਹਾਇਤਾ ਲਈ ਨਹੀਂ ਆਇਆ।

* 22 ਅਗਸਤ ਨੂੰ ਭਿਲਾਈ ’ਚ ‘ਚੰਦਰਖੁਰੀ’ ਦੇ ਇਕ ਫਾਰਮ ਹਾਊਸ ’ਚ 78 ਸਾਲਾ ਇਕ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਫੜਿਆ ਗਿਆ।

* 27 ਅਗਸਤ ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ ’ਚ ਨਾਬਾਲਗਾ ਵਲੋਂ ਇਕ ਬੱਚੇ ਨੂੰ ਜਨਮ ਦੇਣ ’ਤੇ ਉਸ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ।

* 03 ਸਤੰਬਰ ਨੂੰ ਕੇਰਲ ਦੇ ਮਾਲਾਪੁਰਮ ’ਚ ਇਕ ਜੂਨੀਅਰ ਹੈਲਥ ਇੰਸਪੈਕਟਰ ਨੇ ਇਕਾਂਤਵਾਸ ’ਚ ਰੱਖੀ ਗਈ ਇਕ ਸ਼ੱਕੀ ਕੋਰੋੋਨਾ ਇਨਫੈਕਟਿਡ ਔਰਤ ਨੂੰ ਆਪਣੇ ਫਲੈਟ ’ਚ ਬੰਨ੍ਹ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਹੀ ਕੇਰਲ ’ਚ ਇਕ ਐਂਬੂਲੈਂਸ ਡਰਾਈਵਰ ਨੇ ਇਕ ਕੋਰੋਨਾ ਪਾਜ਼ੇਟਿਵ ਮੁਟਿਆਰ ਨਾਲ ਜਬਰ-ਜ਼ਨਾਹ ਕੀਤਾ ਸੀ।

* 07 ਸਤੰਬਰ ਨੂੰ ਲੁਧਿਆਣਾ ਦੇ ਨੇੜੇ ਕੰਗਣਵਾਲ ਦੇ ਪ੍ਰੇਮ ਨਗਰ ਦੀ ਰਹਿਣ ਵਾਲੀ 14 ਸਾਲਾ ਨਾਬਾਲਗਾ ਨਾਲ ਉਸ ਦੇ ਪਿਤਾ ਰਾਮ ਕਰਨ ਵਲੋਂ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਪੀੜਤਾ ਦੀ ਮਾਂ ਨੇ ਪੁਲਸ ਕੋਲ ਦਰਜ ਕਰਵਾਈ।

* 07 ਸਤੰਬਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ’ਚ ਇਕ 96 ਸਾਲਾ ਬਜ਼ੁਰਗ ਨੇ ਜ਼ਿਲਾ ਕੁਲੈਕਟਰ ਦੇ ਦਫਤਰ ਤੋਂ ਇੱਛਾ ਮੌਤ ਦੀ ਅਪੀਲ ਕਰਦੇ ਹੋਏ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਨੇ ਉਸ ਦੀ 12 ਏਕੜ ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾ ਲੈਣ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਹੁਣ ਉਸ ਦੇ ਕੋਲ ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਬਚਿਆ।

* 07 ਸਤੰਬਰ ਨੂੰ ਗੁੜਗਾਓਂ ਦੇ ਤੋਡੂ ਪਿੰਡ ’ਚ ਇਕ ਔਰਤ ਨੇ ਆਪਣੀ ਨੂੰਹ ਵਲੋਂ ਤੀਸਰੀ ਧੀ ਨੂੰ ਜਨਮ ਦੇਣ ’ਤੇ ਬੱਚੀ ਨੂੰ ਤਲਾਬ ’ਚ ਸੁੱਟ ਕੇ ਮਾਰ ਦਿੱਤਾ।

* 07 ਸਤੰਬਰ ਨੂੰ ਝਾਰਖੰਡ ਦੇ ਗੋਡਾ ਸਥਿਤ ‘ਸੰਤ ਸੇਵੀ ਆਸ਼ਰਮ’ ਵਿਚ ਆਯੋਜਿਤ ਧਾਰਮਿਕ ਸਮਾਗਮ ’ਚ ਬਨਾਰਸ ਤੋਂ ਹਿੱਸਾ ਲੈਣ ਆਈ ਇਕ ਸਾਧਵੀ ਨਾਲ ਬਾਹਰੋਂ ਆਏ ਚਾਰ ਵਿਅਕਤੀਅਾਂ ਨੇ ਆਸ਼ਰਮ ’ਚ ਮੌਜੂਦ ਲੋਕਾਂ ਨੂੰ ਵੱਖ-ਵੱਖ ਕਮਰਿਅਾਂ ’ਚ ਬੰਦ ਕਰ ਕੇ ਸਮੂਹਿਕ ਜਬਰ-ਜ਼ਨਾਹ ਕਰ ਦਿੱਤਾ।

* 07 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਵੀਡੀਓ ਗੇਮ ’ਚ ਇਕ 9 ਸਾਲਾ ਬੱਚੀ ਦੇ ਹੱਥੋਂ ਮਿਲੀ ਹਾਰ ਨਾਲ ਗੁੱਸੇ ’ਚ ਆਏ ਇਕ 11 ਸਾਲਾ ਬੱਚੇ ਨੇ ਪੱਥਰ ਨਾਲ ਸਿਰ ਦਰੜ ਕੇ ਉਸ ਨੂੰ ਮਾਰ ਦਿੱਤਾ।

* 07 ਸਤੰਬਰ ਨੂੰ ਦਿੱਲੀ ਦੇ ‘ਛਾਵਲਾ’ ਵਿਚ ਇਕ 37 ਸਾਲਾ ਨੌਜਵਾਨ ਨੂੰ 90 ਸਾਲਾ ਬਜ਼ੁਰਗ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 08 ਸਤੰਬਰ ਨੂੰ ਹਿਮਾਚਲ ਦੇ ਨਾਲਾਗੜ੍ਹ ਦੇ ਇਕ ਪਿੰਡ ’ਚ ਇਕ 13 ਸਾਲਾ ਬੱਚੇ ਨੇ ਇਕ ਪ੍ਰਵਾਸੀ ਕਿਰਤੀ ਦੀ 5 ਸਾਲਾ ਧੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 08 ਸਤੰਬਰ ਨੂੰ ਇੰਦੌਰ ’ਚ ਪ੍ਰਕਾਸ਼ ਨਾਂ ਦੇ ਇਕ ਪੁਜਾਰੀ ਨੂੰ ਇਕ 10 ਸਾਲਾ ਬੱਚੀ ਨੂੰ ਕੰਨਿਆ ਪੂਜਨ ਦੇ ਬਹਾਨੇ ਭਰਮਾ ਕੇ ਆਪਣੇ ਘਰ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 8 ਸਤੰਬਰ ਨੂੰ ਜੋਧਪੁਰ ’ਚ ਦੇਵਾਸੀ ਸਮਾਜ ਦੀ ਇਕ ਮੁਟਿਆਰ ਵਲੋਂ ਦੂਸਰਾ ਵਿਆਹ ਕਰਨ ’ਤੇ ਪੰਚਾਇਤ ਨੇ ਉਸ ਦੇ ਪਿਤਾ ਨੂੰ ਸਮਾਜ ਵਿਚੋਂ ਛੇਕ ਕੇ ਮੁੜ ਸ਼ਾਮਲ ਹੋਣ ਲਈ 11 ਲੱਖ ਰੁਪਏ ਦਾ ਜੁਰਮਾਨਾ ਕੀਤਾ।

ਇਸ ਤੋਂ ਪਹਿਲਾਂ 6 ਅਗਸਤ ਨੂੰ ਮੁਟਿਆਰ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਸਮਾਜ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਵੀ ਨਹੀਂ ਕਰਨ ਦਿੱਤਾ ਗਿਆ ਸੀ। ਹੁਣ ਪੀੜਤ ਨੇ ਪੰਚਾਂ ਦੇ ਵਿਰੁੱਧ ਝੰਵਰ ਥਾਣੇ ’ਚ ਰਿਪੋਰਟ ਦਰਜ ਕਰਵਾਈ ਹੈ।

ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਅਾਂ ਅਜਿਹੀਅਾਂ ਘਟਨਾਵਾਂ ਹੋਈਅਾਂ ਹੋਣਗੀਅਾਂ, ਜਿਨ੍ਹਾਂ ’ਚ ਵੱਖ-ਵੱਖ ਸੰਗਠਨਾਂ, ਪੰਚਾਇਤਾਂ ਅਤੇ ਬੇਗਾਨਿਅਾਂ ਦੇ ਨਾਲ-ਨਾਲ ਆਪਣਿਅਾਂ ਦੇ ਹੱਥੋਂ ਕਿੰਨੇ ਲੋਕ ਪੀੜਤ ਹੋਏ ਹੋਣਗੇ।

ਇਸ ਲਈ ਅਜਿਹਾ ਆਚਰਨ ਕਰਨ ਵਾਲਿਅਾਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ, ਤਾਂਕਿ ਭਾਰਤੀ ਸਮਾਜ ’ਚ ਆ ਰਹੇ ਪਤਨ ਨੂੰ ਰੋਕ ਕੇ ਅਸੀਂ ਆਪਣਾ ਪ੍ਰਾਚੀਨ ਮਾਣ ਹਾਸਲ ਕਰਨ ਵੱਲ ਵਧ ਸਕੀਏ।

–ਵਿਜੇ ਕੁਮਾਰ

Bharat Thapa

This news is Content Editor Bharat Thapa