ਭਾਰਤ ਦੀ ਵਿਦੇਸ਼ੀ ਮੁਦਰਾ ਖਰੀਦ ''ਚ ਜ਼ਿਕਰਯੋਗ ਵਾਧਾ : ਅਮਰੀਕਾ

10/18/2017 11:35:38 PM

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਵਿੱਤ ਵਿਭਾਗ ਨੇ ਕਿਹਾ ਹੈ ਕਿ ਭਾਰਤ ਦੀ ਸ਼ੁੱਧ ਵਿਦੇਸ਼ੀ ਮੁਦਰਾ ਖਰੀਦ ਦੇ ਪੱਧਰ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਵਿੱਤ ਵਿਭਾਗ ਨੇ ਅਮਰੀਕੀ ਸੰਸਦ ਨੂੰ ਕਿਹਾ ਹੈ ਕਿ ਉਹ ਭਾਰਤ ਦੀ ਵਿਦੇਸ਼ੀ ਮੁਦਰਾ ਵਟਾਂਦਰਾ ਅਤੇ ਆਰਥਿਕ ਨੀਤੀਆਂ ਦੀ ਨਜ਼ਦੀਕੀ ਨਾਲ ਨਿਗਰਾਨੀ ਕਰੇਗਾ। ਵਿਭਾਗ ਨੇ ਕਾਂਗਰਸ ਵਿਚ ਪੇਸ਼ ਆਪਣੀ 2017 ਦੀ ਪਹਿਲੀ ਛਿਮਾਹੀ ਦੀ ਰਿਪੋਰਟ ਵਿਚ ਕਿਹਾ ਕਿ ਭਾਰਤ ਦੀ ਵਿਦੇਸ਼ੀ ਮੁਦਰਾ ਖਰੀਦ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਇਹ ਜੂਨ 2017 ਤੱਕ 4 ਤਿਮਾਹੀਆਂ ਵਿਚ ਲਗਭਗ 42 ਅਰਬ ਡਾਲਰ ਜਾਂ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 1.8 ਫੀਸਦੀ 'ਤੇ ਪੁੱਜ ਗਈ ਹੈ।
ਅਮਰੀਕਾ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਦੀਆਂ ਵਿਦੇਸ਼ੀ ਵਟਾਂਦਰਾ ਨੀਤੀਆਂ 'ਤੇ ਕਾਂਗਰਸ ਵਿਚ ਪੇਸ਼ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਅਮਰੀਕਾ ਨਾਲ ਵਸਤੂਆਂ ਦਾ ਜ਼ਿਕਰਯੋਗ ਵਪਾਰਕ ਸਬੰਧ ਹੈ। ਜੂਨ 2017 ਤੱਕ 4 ਤਿਮਾਹੀਆਂ ਵਿਚ ਇਹ 23 ਅਰਬ ਡਾਲਰ ਸੀ। ਵਿੱਤ ਵਿਭਾਗ ਨੇ ਕਿਹਾ ਕਿ ਉਹ ਭਾਰਤ ਦੇ ਵਿਦੇਸ਼ੀ-ਵਟਾਂਦਰਾ ਅਤੇ ਆਰਥਿਕ ਨੀਤੀਆਂ ਦੀ ਨਜ਼ਦੀਕੀ ਨਾਲ ਨਿਗਰਾਨੀ ਕਰੇਗਾ।
ਭਾਰਤ ਦੇ ਮੈਡੀਕਲ ਮੁੱਲ ਕੰਟਰੋਲ ਉਪਾਵਾਂ ਖਿਲਾਫ ਅਮਰੀਕੀ ਕੰਪਨੀਆਂ ਯੂ. ਐੱਸ. ਟੀ. ਆਰ. ਵਿਚ
ਅਮਰੀਕਾ ਦੀਆਂ ਮੈਡੀਕਲ ਉਪਕਰਨ ਅਤੇ ਸਿਹਤ ਸੂਚਨਾ ਪ੍ਰਣਾਲੀਆਂ ਬਣਾਉਣ ਵਾਲਿਆਂ ਨੇ ਭਾਰਤ ਵੱਲੋਂ ਕੋਰੋਨਰੀ ਸਟੈਂਟ ਅਤੇ ਗੋਡੇ ਬਦਲਣ ਦੇ ਉਪਕਰਨਾਂ ਦਾ ਮੁੱਲ ਕੰਟਰੋਲ ਕਰਨ ਦੇ ਉਪਾਵਾਂ ਖਿਲਾਫ ਅਮਰੀਕੀ ਵਪਾਰਕ ਪ੍ਰਤੀਨਿਧੀ (ਯੂ. ਐੱਸ. ਟੀ. ਆਰ. ) ਦੇ ਸਾਹਮਣੇ ਅਪੀਲ ਕੀਤੀ ਹੈ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹੇ ਕਦਮਾਂ ਨਾਲ ਉਨ੍ਹਾਂ ਨੂੰ ਸਮਾਨ ਬਾਜ਼ਾਰ ਪਹੁੰਚ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਐਡਵਾਂਸਡ ਮੈਡੀਕਲ ਟੈਕਨਾਲੋਜੀ ਐਸੋਸੀਏਸ਼ਨ (ਏ. ਡੀ. ਵੀ. ਅਮੇਡ) ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਕਾਟ ਵ੍ਹਾਹੇਟਕਰ ਨੇ ਯੂ. ਐੱਸ. ਟੀ. ਆਰ. ਨੂੰ ਬੇਨਤੀ ਕੀਤੀ ਹੈ ਕਿ ਭਾਰਤ ਨੂੰ ਜੀ. ਐੱਸ. ਪੀ. ਤਹਿਤ ਦਿੱਤੇ ਜਾ ਰਹੇ ਲਾਭ ਵਾਪਸ ਲਏ ਜਾਣ। ਸਕਾਟ ਨੇ ਕਿਹਾ ਕਿ ਏ. ਡੀ. ਵੀ. ਅਮੇਡ ਅਤੇ ਉਸਦੇ ਮੈਂਬਰ ਭਾਰਤ ਵਿਚ ਇਨ੍ਹਾਂ ਉਪਕਰਨਾਂ ਦਾ ਮੁੱਲ ਕੰਟਰੋਲ ਕਰਨ ਦੇ ਉਪਾਵਾਂ ਤੋਂ ਕਾਫੀ ਚਿੰਤਤ ਹਨ। ਭਾਰਤ ਨੇ ਸਟੈਂਟ 'ਤੇ ਜਿੱਥੇ ਕੀਮਤ 85 ਫੀਸਦੀ ਤੱਕ ਘਟਾਈ ਹੈ, ਉਥੇ ਹੀ ਗੋਡੇ ਬਦਲਣ ਦੇ ਉਪਕਰਨਾਂ 'ਤੇ ਕੀਮਤਾਂ ਵਿਚ 70 ਫੀਸਦੀ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਹੋਰ ਜੀਵਨ ਰੱਖਿਅਕ ਦਵਾਈਆਂ ਅਤੇ ਮੈਡੀਕਲ ਉਪਕਰਨਾਂ 'ਤੇ ਵੀ ਰੇਟ ਘਟਾਏ ਜਾ ਸਕਦੇ ਹਨ।