ਭਾਰਤ-ਅਮਰੀਕਾ ਦੁਵੱਲਾ ਵਪਾਰ ਦੁਰਾਹੇ ''ਤੇ : ਰਿਪੋਰਟ

07/17/2019 4:06:27 PM

ਵਾਸ਼ਿੰਗਟਨ — ਭਾਰਤ ਅਤੇ ਅਮਰੀਕਾ ਨੂੰ ਮੌਜੂਦਾ ਵਪਾਰ ਤਣਾਅ ਨੂੰ ਦੂਰ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਦੀ ਪਹਿਲ ਤੈਅ ਕਰਨੀ ਚਾਹੀਦੀ ਹੈ ਅਤੇ ਬੌਧਿਕ ਜਾਇਦਾਦ ਅਧਿਕਾਰ ਅਤੇ ਡਿਜੀਟਲ ਵਪਾਰ ਵਰਗੇ ਖੇਤਰਾਂ ਵਿਚ ਆਪਸੀ ਸਹਿਯੋਦ ਦੀਆਂ ਯੋਜਨਾਵਾਂ ਚਲਾਉਣੀਆਂ ਚਾਹੀਦੀਆਂ ਹਨ। ਟਰੰਪ ਪ੍ਰਸ਼ਾਸਨ ਦੇ ਸਾਬਕਾ ਵਪਾਰ ਅਧਿਕਾਰੀ ਨੇ ਇਕ ਰਿਪੋਰਟ ਵਿਚ ਇਹ ਲਿਖਿਆ ਹੈ। ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦੇ ਸਾਬਕਾ ਸਹਾਇਕ ਵਪਾਰ ਪ੍ਰਤੀਨਿਧੀ ਮਾਰਕ ਲਿੰਸਟਾਰ ਨੇ ਰਿਪੋਰਟ 'ਦੁਰਾਹੇ 'ਤੇ ਵਪਾਰ : ਅਮਰੀਕਾ-ਭਾਰਤ ਵਪਾਰਕ ਰਿਸ਼ਤਿਆਂ 'ਤੇ ਇਕ ਨਜ਼ਰ' 'ਚ ਲਿਖਿਆ ਹੈ ਕਿ ਇਹ ਸਪੱਸ਼ਟ ਹੈ ਕਿ ਭਵਿੱਖ ਲਈ ਪਹਿਲੀ ਪਹਿਲ ਮੌਜੂਦਾ ਚੁਣੌਤੀਆਂ ਦੇ ਪ੍ਰਬੰਧਨ ਅਤੇ ਨੇੜਲੇ ਭਵਿੱਖ 'ਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਹੋਣੀ ਚਾਹੀਦੀ ਹੈ। ਰਿਪੋਰਟ 'ਚ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਵਿਚ ਤਾਜ਼ਾ ਗੱਲਬਾਤ ਅਤੇ ਛੋਟੀ, ਮੱਧਮ ਅਤੇ ਲੰਮੀ ਮਿਆਦ ਲਈ ਸਿਫਾਰਸ਼ਾਂ ਵੀ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀ 'ਚ ਕੋਈ ਆਸਾਨ ਰਸਤਾ ਨਹੀਂ ਹੈ। ਦੁਵੱਲੇ ਵਪਾਰਕ ਸੰਬੰਧਾਂ ਵਿਚ ਸੁਧਾਰ ਲਿਆਉਣ ਲਈ ਮਜ਼ਬੂਤ ਇੱਛਾ ਸ਼ਕਤੀ ਅਤੇ ਭਵਿੱਖ ਲਈ ਠੋਸ ਆਧਾਰ ਦੀ ਇਸ ਸਮੇਂ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀ ਇਹ ਦੱਸਦੀ ਹੈ ਕਿ ਦੋਵੇਂ ਦੇਸ਼ ਇਸ ਸਮੇਂ ਦੁਰਾਹੇ 'ਤੇ ਖੜ੍ਹੇ ਹਨ। ਇਸ ਵਿਚੋਂ ਇਕ ਰਸਤਾ ਸ਼ੁਰੂਆਤ ਦੁਵੱਲੇ ਸਮਝੌਤੇ ਵੱਲ ਜਾਂਦਾ ਹੈ ਜਦੋਂਕਿ ਦੂਜਾ ਸਿੱਧੇ ਟਕਰਾਅ ਦਾ ਰਸਤਾ ਬਚਦਾ ਹੈ। ਰਿਪੋਰਟ ਦਾ ਪ੍ਰਕਾਸ਼ਨ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਦਾ ਕਾਰੋਬਾਰੀ ਵਫਦ ਨਵੀਂ ਦਿੱਲੀ ਤੋਂ ਪਰਤਿਆ ਹੈ। ਇਹ ਵਫਦ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਵਪਾਰ ਖੇਤਰ ਵਿਚ ਪੈਦਾ ਹੋਏ ਮਤਭੇਦ ਨੂੰ ਦੂਰ ਕਰਨ ਲਈ ਪਹਿਲੀ ਗੱਲਬਾਤ ਲਈ ਇਥੇ ਪਹੁੰਚਿਆ ਸੀ। ਦੋਵਾਂ ਦੇਸ਼ਾਂ ਵਿਚ ਇਹ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਜਾਪਾਨ 'ਚ ਜੀ-20 ਦੀ ਬੈਠਕ ਦੇ ਮੌਕੇ 'ਤੇ ਹੋਈ ਮੁਲਾਕਾਤ ਦੇ ਬਾਅਦ ਉਨ੍ਹਾਂ ਦੇ ਨਿਰਦੇਸ਼ 'ਤੇ ਹੋਈ।