ਮੌਤ ਦੇ ਫੁਰਮਾਨ ਸੁਣਾਉਣ ਵਾਲਾ ਹਿਟਲਰ ਦਾ ''ਖੂਨੀ ਫੋਨ'' ਨੀਲਾਮ

02/20/2017 3:09:38 PM

ਵਾਸ਼ਿੰਗਟਨ— ਅਮਰੀਕਾ ''ਚ ਇਕ ਨੀਲਾਮੀ ਦੌਰਾਨ ਅਡੌਲਫ਼ ਹਿਟਲਰ ਦਾ ਨਿੱਜੀ ਟੈਲੀਫੋਨ 2,43,000 ਅਮਰੀਕੀ ਡਾਲਰ ''ਚ ਵਿਕ ਚੁੱਕਿਆ ਹੈ। ਇਹ ਨੀਲਾਮੀ ਮੈਰੀਲੈਂਡ ਦੇ ਚੇਸਾਪੀਕ ਸ਼ਹਿਰ ''ਚ ਹੋਈ। ਹਿਟਲਰ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਇਸੇ ਹੀ ਟੈਲੀਫੋਨ ਦੇ ਜ਼ਰੀਏ ਮੌਤ ਦੇ ਕਈ ਫੁਰਮਾਨ ਸੁਣਾਏ ਸਨ। ਬੈਕੇਲਾਈਟ (ਪਲਾਸਟਿਕ) ਨਾਲ ਬਣੇ ਕਾਲੇ ਰੰਗ ਦੇ ਇਸ ਟੈਲੀਫੋਨ ਨੂੰ ਬਾਅਦ ''ਚ ਗੂੜੇ ਲਾਲ ਰੰਗ ਨਾਲ ਪੇਂਟ ਕਰ ਦਿੱਤਾ ਗਿਆ ਸੀ ਅਤੇ ਇਸ ''ਤੇ ''ਹਿਟਲਰ'' ਲਿਖ ਦਿੱਤਾ ਗਿਆ ਸੀ। ਇਹ ਟੈਲੀਫੋਨ ਹਿਟਲਰ ਦੀ ਹਾਰ ਤੋਂ ਬਾਅਦ ਸਾਲ 1945 ''ਚ ਬਰਲਿਨ ਦੇ ਇਕ ਬੰਕਰ ''ਚੋਂ ਮਿਲਿਆ ਸੀ। ਹਾਲਾਂਕਿ ਟੈਲੀਫੋਨ ਨੂੰ ਨੀਲਾਮ ਕਰਨ ਵਾਲੇ ''ਅਲੈਗਜ਼ੈਂਡਰ ਹਿਸਟੋਰੀਕਲ ਔਕਸ਼ਨ'' ਵੱਲੋਂ ਹਿਟਲਰ ਦੇ ਇਸ ਫੋਨ ਨੂੰ ਖਰੀਦਣ ਵਾਲੇ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ ਹੈ। ਟੈਲੀਫੋਨ ਦੀ ਨੀਲਾਮੀ ਲਈ ਸ਼ੁਰੂਆਤੀ ਬੋਲੀ 1,00,000 ਅਮਰੀਕੀ ਡਾਲਰ ਰੱਖੀ ਗਈ ਸੀ। ਮੈਰੀਲੈਂਡ ਦੀ ਕੰਪਨੀ ਨੇ ਟੈਲੀਫੋਨ ਸਮੇਤ ਲਗਭਗ ਹਜ਼ਾਰਾਂ ਚੀਜ਼ਾਂ ਦੀ ਨੀਲਾਮੀ ਕੀਤੀ। ਇਨ੍ਹਾਂ ''ਚ ਹਿਟਲਰ ਨਾਲ ਸੰਬੰਧਿਤ ਚੀਨੀ ਮਿੱਟੀ ਦੇ ਬਣੇ ਅਲਸ਼ੇਸ਼ਨ ਕੁੱਤੇ ਦੀ ਮੂਰਤੀ ਵੀ ਸ਼ਾਮਲ ਹੈ, ਜੋ 24,300 ਅਮਰੀਕੀ ਡਾਲਰ ''ਚ ਨੀਲਾਮ ਹੋਈ। ਇਹ ਬੋਲੀਆਂ ਦੋ ਵੱਖ-ਵੱਖ ਵਿਅਕਤੀਆਂ ਵੱਲੋਂ ਦਿੱਤੀਆਂ ਗਈਆ ਅਤੇ ਦਿਲਚਸਪ ਗੱਲ ਇਹ ਹੈ ਕਿ ਬੋਲੀ ਦੇਣ ਦੇ ਕਾਰਜ ਨੂੰ ਟੈਲੀਫੋਨਾਂ ਰਾਹੀ ਹੀ ਨੇਪਰੇ ਚਾੜਿਆ ਗਿਆ।