H1-B ਵੀਜ਼ਾ ਧਾਰਕਾਂ ਦੀ ਮਦਦ ਲਈ ਅੱਗੇ ਆਇਆ Google, ਸੁੰਦਰ ਪਿਚਾਈ ਨੇ ਭਾਰਤੀਆਂ ਲਈ ਆਖੀ ਵੱਡੀ ਗੱਲ

05/15/2021 7:37:36 PM

ਵਾਸ਼ਿੰਗਟਨ (ਭਾਸ਼ਾ) - ਗੂਗਲ ਐਚ -1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦਵਾਉਣ ਨਾਲ ਸਬੰਧਿਤ ਇਕ ਪ੍ਰੋਗਰਾਮ ਵਿਚ ਮਦਦ ਲਈ ਚੋਟੀ ਦੀਆਂ ਯੂ.ਐਸ. ਟੈਕਨਾਲੌਜੀ ਕੰਪਨੀਆਂ ਦੇ ਯਤਨਾਂ ਦੀ ਅਗਵਾਈ ਕਰ ਰਿਹਾ ਹੈ। ਭਾਰਤੀ ਆਈ.ਟੀ. ਪੇਸ਼ੇਵਰਾਂ ਵਿਚ ਐਚ1 ਬੀ ਵੀਜ਼ਾ ਦੀ ਭਾਰੀ ਮੰਗ ਹੈ। ਗੂਗਲ ਐਚ -4 ਈਏਡੀ (ਰੋਜ਼ਗਾਰ ਕਲੀਅਰੈਂਸ ਦਸਤਾਵੇਜ਼) ਪ੍ਰੋਗਰਾਮ ਦਾ ਸਮਰਥਨ ਕਰਨ ਲਈ 30 ਹੋਰ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਅੱਗੇ ਆਏ ਇਹ ਵਿਦੇਸ਼ੀ ਨੌਜਵਾਨ, ਕੀਤੇ 1 ਅਰਬ ਡਾਲਰ ਦਾਨ

ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (ਯੂ.ਐਸ.ਸੀ.ਆਈ.ਐਸ.) ਐਚ -1 ਬੀ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ (ਪਤੀ / ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਨੂੰ ਐਚ -4 ਵੀਜ਼ਾ ਜਾਰੀ ਕਰਦੀ ਹੈ। ਐਚ 1 ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਯੂ.ਐਸ. ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਵਿਸ਼ੇਸ਼ ਕਿੱਤਿਆਂ ਵਿਚ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਆਗਿਆ ਦਿੰਦਾ ਹੈ। ਟੈਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੂੰ ਨੌਕਰੀ 'ਤੇ ਰੱਖਣ ਲਈ ਇਸ ਵੀਜ਼ਾ 'ਤੇ ਨਿਰਭਰ ਕਰਦੀਆਂ ਹਨ।

ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਟਵਿੱਟਰ 'ਤੇ ਲਿਖਿਆ, 'ਗੂਗਲ ਸਾਡੇ ਦੇਸ਼ ਦੇ ਪ੍ਰਵਾਸੀਆਂ ਦੀ ਮਦਦ ਕਰਨ ਵਿਚ ਮਾਣ ਮਹਿਸੂਸ ਕਰਦਾ ਹੈ। ਅਸੀਂ ਐਚ -4 ਈ.ਏ.ਡੀ. ਪ੍ਰੋਗਰਾਮ ਦੀ ਰੱਖਿਆ ਲਈ 30 ਹੋਰ ਕੰਪਨੀਆਂ ਨਾਲ ਜੁੜ ਚੁੱਕੇ ਹਾਂ। ਇਹ ਪ੍ਰੋਗਰਾਮ ਨਵੀਨਤਾ ਨੂੰ ਉਤਸ਼ਾਹਤ ਕਰਦਾ ਹੈ, ਰੁਜ਼ਗਾਰ ਅਤੇ ਮੌਕੇ ਪੈਦਾ ਕਰਦਾ ਹੈ ਅਤੇ ਪਰਿਵਾਰਾਂ ਦੀ ਮਦਦ ਕਰਦਾ ਹੈ।'

ਇਹ ਵੀ ਪੜ੍ਹੋ : ਇਟਲੀ ਨੇ ਗੂਗਲ 'ਤੇ ਠੋਕਿਆ 904 ਕਰੋੜ ਰੁਪਏ ਦਾ ਜੁਰਮਾਨਾ, ਕਿਹਾ- ਨਹੀਂ ਚੱਲੇਗੀ ਮਨਮਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur