ਕਣਕ ਦੇ ਨਾੜ ਨੂੰ ਨਾ ਸਾੜਨ ਦੀ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ ਅਪੀਲ

04/13/2022 5:17:46 PM

ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪਲੀਤ ਹੁੰਦਾ ਹੈ, ਉੱਥੇ ਕਈ ਵਾਰੀ ਅੱਗ ਕਰਕੇ ਬੜੇ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਣਕ ਦੀ ਵਾਢੀ ਹੋਣ ਬਾਅਦ 75 ਤੋਂ 80% ਨਾੜ ਦੀ ਭਾਵੇ ਤੂੜੀ ਬਣਾ ਲਈ ਜਾਂਦੀ ਹੈ ਪਰ ਬਾਕੀ ਦੇ ਮੁੱਢਾਂ ਨੂੰ ਕਿਸਾਨ ਵੀਰ ਅੱਗ ਦੇ ਹਵਾਲੇ ਕਰ ਦਿੰਦੇ ਹਨ। ਕਿਸਾਨਾਂ ਦਾ ਆਖਣਾ ਹੈ ਕਿ ਝੋਨੇ ਲਈ ਕੱਦੂ ਕਰਨ ਤੋਂ ਬਆਦ ਅਤੇ ਝੋਨੇ ਦੀ ਲਵਾਈ ਤੋਂ ਬਾਅਦ ਇਹ ਕਣਕ ਦਾ ਨਾੜ ਪਾਣੀ ਦੀ ਸਤਿਹ ’ਤੇ ਤਰਦਾ ਹੈ ਅਤੇ ਤੇਜ਼ ਹਵਾ ਕਾਰਨ ਕਈ ਵਾਰੀ ਝੋਨੇ ਦੇ ਬੂਟਿਆ ਨੂੰ ਡਿੱਗਾ ਦਿੰਦਾ ਹੈ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਡਾ.ਸੁਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਨਾੜ ਨੂੰ ਜ਼ਮੀਨ ਵਿੱਚ ਦਬਾਅ ਦਿੱਤਾ ਜਾਂਦਾ ਹੈ ਤਾਂ ਕੁੱਦੂ ਕਰਨ ਉਪਰੰਤ 5-6 ਘੰਟਿਆਂ ਲਈ ਖੇਤ ਨੂੰ ਖਾਲੀ ਛੱਡਣ ਨਾਲ  ਪਾਣੀ ਦੀ ਸਤਿਹ ’ਤੇ ਖੇਤ ਦੇ ਇੱਕ ਪਾਸੇ ਕਣਕ ਦਾ ਨਾੜ ਇੱਕਠਾਂ ਹੋ ਜਾਵੇਗਾ, ਜਿਸ ਨੂੰ ਤਰੰਗਲੀ ਨਾਲ ਇੱਕਠਾ ਕਰਦੇ ਹੋਏ ਸੰਭਾਵਿਤ ਨੁਕਸਾਨ ਤੋਂ ਝੋਨੇ ਦੇ ਪੋਦਿਆਂ ਨੂੰ ਬਚਾਇਆ ਸਕਦਾ ਹੈ। ਕਿਸਾਨਾਂ ਦੇ ਤਜ਼ਰਬੇ ਅਨੁਸਾਰ ਇਹ ਵੀ ਵੇਖਿਆ ਗਿਆ ਕਿ ਕੁੱਦੂ ਘੱਟ ਪਾਣੀ ਵਿੱਚ ਕਰਕੇ ਕਣਕ ਦੇ ਨਾੜ ਨੂੰ ਕੁੱਦੂ ਦੇ ਗਾਰੇ ਵਿੱਚ ਹੀ ਰਲਾਅ ਕੇ ਨਾੜ ਦੇ ਤਰਨ ਵਾਲੀ ਸਮੱਸਿਆ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। 

ਡਾ.ਸਿੰਘ ਨੇ ਕਿਹਾ ਕਿ ਕਿਸਾਨਾਂ ਵੀਰਾਂ ਕੋਲ ਕਣਕ ਦੀ ਵਾਡੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਕਾਫੀ ਸਮਾਂ ਹੁੰਦਾ ਹੈ। ਜਿਸ ਦਾ ਸਹੀ ਇਸਤੇਮਾਲ ਕਰਦੇ ਹੋਏ ਕਿਸਾਨ ਵੀਰ ਕਣਕ ਦੇ ਮੁੱਢਾਂ ਵਿੱਚ ਸਿੱਧੇ ਤੌਰ ’ਤੇ 20 ਕਿਲੋ ਪ੍ਰਤੀ ਏਕੜ ਅਨੁਸਾਰ ਢਾਂਚੇ ਦੀ ਬੀਜਾਈ ਕਰ ਸਕਦੇ ਹਨ। ਇਸ ਤਰ੍ਹਾਂ ਬੀਜੇ ਢਾਂਚੇ ਦੀ 6-8 ਹਫ਼ਤੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਝੋਨੇ ਦੀ ਲਵਾਈ ਸਮੇਂ-ਸਿਰ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਕਣਕ ਦੇ ਮੁੱਢਾ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ ਹੈ, ਉੱਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਡਾ.ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਹਰੀ ਖਾਦ ਵੱਜੋਂ ਢਾਂਚਾ ਬੀਜਣ ਨਾਲ 25 ਕਿਲੋ ਨਾਈਟਰੋਜਨ ਦੀ ਪ੍ਰਤੀ ਏਕੜ ਬਚਤ ਕੀਤੀ ਜਾ ਸਕਦੀ ਹੈ।

ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ।

 

rajwinder kaur

This news is Content Editor rajwinder kaur