ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਭਾਰਤ ਦੇ ਖੇਤੀਬਾੜੀ ਖੇਤਰ ਨੂੰ ਬਦਲ ਸਕਦਾ ਹੈ

08/14/2023 4:50:23 PM

ਆਰਥਿਕ ਸਰਵੇਖਣ 2022-23 ਮੁਤਾਬਕ, ਦੇਸ਼ ਦੀ ਲਗਭਗ 65 ਫੀਸਦੀ ਆਬਾਦੀ ਪੇਂਡੂ ਖੇਤਰਾਂ ’ਚ ਰਹਿੰਦੀ ਹੈ ਅਤੇ 47 ਫੀਸਦੀ ਰੋਜ਼ੀ-ਰੋਟੀ ਲਈ ਖੇਤੀਬਾੜੀ ’ਤੇ ਨਿਰਭਰ ਹੈ। ਖੇਤੀਬਾੜੀ ਇਕ ਸਮਾਂਬੱਧ ਸਰਗਰਮੀ ਹੈ ਜਿਸ ’ਚ ਉਤਪਾਦਨ ਅਤੇ ਉਤਪਾਦਿਕਤਾ ਨੂੰ ਵਧੇਰੇ ਕਰਨ ਲਈ ਸਹੀ ਸਮੇਂ ’ਤੇ ਸਹੀ ਖੇਤੀਬਾੜੀ ਇਨਪੁਟ ਦੀ ਲੋੜ ਹੁੰਦੀ ਹੈ। ਖੇਤੀਬਾੜੀ ਇਨਪੁਟ ਖੇਤੀ ਦੇ ਲੋੜੀਂਦੇ ਤੱਤ ਹਨ ਅਤੇ ਇਕ ਹੁਨਰਮੰਦ ਵੰਡ ਪ੍ਰਣਾਲੀ ਖੇਤੀਬਾੜੀ ਦੀ ਆਮਦਨ ’ਚ ਵਾਧਾ ਕਰਨ ਸਮੇਂ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ।

ਭਾਰਤ ’ਚ ਇਨਪੁਟ ਸੇਵਾਵਾਂ ਦਾ ਨੈੱਟਵਰਕ ਖਿਲਰਿਆ ਹੋਇਆ ਹੈ। ਸਾਇਲੋ ’ਚ ਬੀਜ, ਖਾਦ, ਕੀੜੇਮਾਰ ਦਵਾਈਆਂ ਅਤੇ ਯੰਤਰਾਂ ਲਈ ਵੱਖ-ਵੱਖ ਡੀਲਰ ਨੈੱਟਵਰਕ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਮਿੱਟੀ, ਬੀਜ, ਖਾਦ ਦੀ ਜਾਂਚ ਦੀਆਂ ਸਹੂਲਤਾਂ ਅਤੇ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਵੱਖ-ਵੱਖ ਏਜੰਸੀਆਂ ਰਾਹੀਂ ਅਸਬੰਧਤ ਅਤੇ ਟੁਕੜਿਆਂ ’ਚ ਕਿਸਾਨਾਂ ਤਕ ਪੁੱਜਦੀ ਹੈ। ਇਹ ਵਿਵਸਥਾ ਇਕ ਢੁੱਕਵਾਂ ਫੈਸਲਾ ਲੈਣ ਲਈ ਤਕਨਾਲੋਜੀ ਆਧਾਰਿਤ ਸਮੁੱਚੀ ਜਾਣਕਾਰੀ ਪ੍ਰਦਾਨ ਕਰਨ ’ਚ ਨਾਕਾਮ ਰਹਿੰਦੀ ਹੈ। ਇਸ ਦਾ ਹੱਲ ਸਰਕਾਰ ਵੱਲੋਂ ਹਮਾਇਤ ਪ੍ਰਾਪਤ ਇਕ ਛੱਤ ਹੇਠਾਂ ਕਿਸਾਨਾਂ ਨੂੰ ਸਭ ਸਹੂਲਤਾਂ ਪ੍ਰਦਾਨ ਕਰਨ ’ਚ ਨਿਹਿਤ ਹੈ, ਜਿਸ ’ਤੇ ਕਿਸਾਨ ਭਰੋਸਾ ਕਰ ਸਕਣ ਅਤੇ ਉਸ ਦੀ ਪਾਲਣਾ ਕਰ ਸਕਣ। ਬੀਤੇ ਸਮੇਂ ’ਚ ਨਿੱਜੀ ਖੇਤਰ ਨੇ ਕਿਸਾਨਾਂ ਦੀ ਇਨਪੁਟ ਅਤੇ ਸੇਵਾਵਾਂ ਲਈ ਅਜਿਹੇ ਹੀ ਕੇਂਦਰਾਂ ਦੇ ਮਾਡਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕਾਫੀ ਹੱਦ ਤਕ ਅਸਫਲ ਰਿਹਾ।

ਇਸ ਤਰ੍ਹਾਂ ਮੌਜੂਦਾ ਖਾਦ ਦੀਆਂ ਪ੍ਰਚੂਨ ਦੁਕਾਨਾਂ ਨੂੰ ਵਨ-ਸਟਾਪ ਸ਼ਾਪ ਸਮਾਧਾਨ, ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (ਪੀ. ਐੱਮ. ਕੇ. ਐੱਸ. ਕੇ.) ’ਚ ਤਬਦੀਲ ਕਰਨ ਦਾ ਵਿਚਾਰ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਕ ਸਥਾਈ ਅਤੇ ਲੰਬੇ ਸਮੇਂ ਦੇ ਹੱਲ ਵਜੋਂ ਸਾਹਮਣੇ ਆਇਆ ਹੈ। ਇਸ ਪ੍ਰੋਗਰਾਮ ਨੇ ਦੇਸ਼ ਦੇ ਖੇਤੀਬਾੜੀ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ। ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਖੇਤੀਬਾੜੀ ਵਿਕਾਸ ਨੂੰ ਹੱਲਾਸ਼ੇਰੀ ਦੇਣ ਪੱਖੋਂ ਇਸ ਪਹਿਲ ਦਾ ਮੰਤਵ ਖੇਤੀਬਾੜੀ ਇਨਪੁਟ, ਸੂਚਨਾ ਅਤੇ ਸੇਵਾਵਾਂ ਤਕ ਪਹੁੰਚ ਨੂੰ ਸੌਖਾ ਬਣਾਉਣਾ, ਕਿਸਾਨਾਂ ਦੇ ਜੀਵਨ ਦਾ ਉੱਥਾਨ ਕਰਨਾ ਅਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣਾ ਹੈ।

ਪੀ. ਐੱਮ. ਕੇ. ਐੱਸ. ਕੇ. ਪਹਿਲ ਅਧੀਨ, ਲਗਭਗ 2,80,000 ਸਰਗਰਮ ਪ੍ਰਚੂਨ ਖਾਦ ਦੀਆਂ ਦੁਕਾਨਾਂ ਕਿਸਾਨਾਂ ਲਈ ਵਿਆਪਕ ਵਨ-ਸਟਾਪ ਸ਼ਾਪ ’ਚ ਲੜੀਵਾਰ ਰੁਪਾਂਤਰਨ ਦੇ ਦੌਰ ’ਤੋਂ ਲੰਘ ਰਹੀਆਂ ਹਨ। ਇਸ ਦੇ ਮੂਲ ’ਚ ਪੀ. ਐੱਮ. ਕੇ. ਐੱਸ. ਕੇ. ਦੇ ਕਿਸਾਨਾਂ ਨੂੰ ਪ੍ਰੇਸ਼ਾਨੀ ਮੁਕਤ ਢੰਗ ਨਾਲ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ, ਡ੍ਰੋਨ ਸੇਵਾਵਾਂ ਅਤੇ ਛੋਟੀ ਖੇਤੀਬਾੜੀ ਮਸ਼ੀਨਰੀ ਸਮੇਤ ਖੇਤੀਬਾੜੀ ਇਨਪੁਟ ਦੀ ਇਕ ਵੰਨ-ਸੁਵੰਨੀ ਲੜੀ ਦੀ ਪੇਸ਼ਕਸ਼ ਕੇਂਦਰਿਤ ਹੈ। ਇਕ ਅਹਿਮ ਪੱਖ ਮਿੱਟੀ ਅਤੇ ਬੀਜ ਪ੍ਰੀਖਣ ਦੀਆਂ ਸਹੂਲਤਾਂ ਦਾ ਪ੍ਰਬੰਧ ਵੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਵਧੀਆ ਮਿੱਟੀ ਅਤੇ ਫਸਲ ਦੀ ਸਥਿਤੀ ਬਾਰੇ ਗਿਆਨ ਪ੍ਰਦਾਨ ਕਰ ਕੇ ਇਹ ਸਹੂਲਤਾਂ ਢੁੱਕਵਾਂ ਫੈਸਲਾ ਲੈਣ, ਢੁੱਕਵੇਂ ਸੋਮਿਆਂ ਦੀ ਵਰਤੋਂ ਕਰਨ ਅਤੇ ਉੱਚ ਪੈਦਾਵਾਰ ਨੂੰ ਸਮਰੱਥ ਬਣਾਉਂਦੀ ਹੈ। ਇਹ ਸਟੀਕ ਖੇਤੀਬਾੜੀ ਅਤੇ ਸੋਮਿਆਂ-ਹੁਨਰ ਵਾਲੀ ਖੇਤੀਬਾੜੀ ਤਕਨਾਲੋਜੀ ਨੂੰ ਹੱਲਾਸ਼ੇਰੀ ਦਿੰਦੀ ਹੈ। ਇਸ ਤੋਂ ਇਲਾਵਾ ਪੀ. ਐੱਮ. ਕੇ. ਐੱਸ. ਕੇ. ਇਕ ਗਿਆਨ ਕੇਂਦਰ ਵਜੋਂ ਕੰਮ ਕਰਦੇ ਹਨ। ਉਹ ਫਸਲਾਂ ਅਤੇ ਸਰਕਾਰੀ ਕਲਿਆਣ ਯੋਜਨਾਵਾਂ ’ਤੇ ਅਹਿਮ ਜਾਣਕਾਰੀ ਦਾ ਪਸਾਰ ਕਰਦੇ ਹਨ। ਸੂਚਨਾ ਫਰਕ ਨੂੰ ਘਟਾਉਂਦੇ ਹੋਏ ਇਹ ਕੇਂਦਰ ਕਿਸਾਨਾਂ ਨੂੰ ਸਹੀ ਬਦਲ ਚੁਣਨ ਲਈ ਸ਼ਕਤੀਸ਼ਾਲੀ ਬਣਾਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਸਮਰੱਥਾ ਅਤੇ ਆਮਦਨ ’ਚ ਵਾਧਾ ਹੁੰਦਾ ਹੈ।

ਇਸ ਦਾ ਮਕਸਦ ਲੱਖਾਂ ਕਿਸਾਨਾਂ ਦੇ ਜੀਵਨ ਨੂੰ ਸੌਖਾ ਬਣਾਉਣਾ ਹੈ। ਹਾਲ ਦੇ ਘਟਨਾਕ੍ਰਮ ਇਸ ਦੀ ਸਫਲਤਾ ਨੂੰ ਦਰਸਾਉਂਦੇ ਹਨ। 27 ਜੁਲਾਈ ਨੂੰ ਰਾਜਸਥਾਨ ਦੇ ਸੀਕਰ ’ਚ ਆਯੋਜਿਤ ਪੀ. ਐੱਮ.-ਕਿਸਾਨ ਸੰਮੇਲਨ ਵਰਗੇ ਇਕ ਅਹਿਮ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ 1,25,000 ਪੀ. ਐੱਮ. ਕੇ. ਐੱਸ. ਕੇ. ਰਾਸ਼ਟਰ ਨੂੰ ਸਮਰਪਿਤ ਕੀਤੇ। ਪੂਰੇ ਦੇਸ਼ ਦੇ ਲਗਭਗ 20 ਮਿਲੀਅਨ ਕਿਸਾਨਾਂ ਦੀ ਵਿਆਪਕ ਭਾਈਵਾਲੀ ਇਸ ਪਹਿਲ ਦੇ ਆਖਰੀ ਵਰਤੋਂ ਕਰਨ ਵਾਲਿਆਂ ਤਕ ਪਹੁੰਚ ਦੀ ਉਸਾਰੂ ਮੋਹਰ ਦਿਖਾਉਂਦੀ ਹੈ।

ਸਫਲਤਾ ਦਾ ਅੰਦਾਜ਼ਾ ਵੱਖ-ਵੱਖ ਹਿੱਤਧਾਰਕਾਂ ਦਰਮਿਆਨ ਏਕਤਾ ਅਤੇ ਮਾਣ ਦੀ ਭਾਵਨਾ ਤੋਂ ਵੀ ਲਾਇਆ ਜਾ ਸਕਦਾ ਹੈ। ਇਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕੇਂਦਰਾਂ ’ਤੇ ਆਉਣ ਵਾਲੇ ਕਿਸਾਨਾਂ ਦੀ ਗਿਣਤੀ ’ਚ ਪਹਿਲਾਂ ਤੋਂ ਹੀ 15-20 ਫੀਸਦੀ ਦਾ ਵਾਧਾ ਹੋਇਆ ਹੈ। ਇਹ ਨੋਟ ਕੀਤਾ ਿਗਆ ਹੈ ਕਿ ਉਹ ਪੀ. ਐੱਮ. ਕੇ. ਐੱਸ. ਕੇ. ਦੇ ਮਾਹੌਲ ਅਤੇ ਉਪਲੱਬਧ ਇਨਪੁਟ ਤੋਂ ਖੁਸ਼ ਹਨ। ਇਨ੍ਹਾਂ ਪੀ. ਐੱਮ. ਕੇ. ਐੱਸ. ਕੇ. ਰਾਹੀਂ ਨੈਨੋ ਯੂਰੀਆ ਦੀ ਵਿਕਰੀ ਵੀ 6 ਕਰੋੜ ਰੁਪਏ ਤਕ ਪਹੁੰਚ ਗਈ ਹੈ। ਖਾਦ ਕੰਪਨੀਆਂ ਵੱਲੋਂ ਸਮਰਥਿਤ ਡ੍ਰੋਨ ਉੱਦਮੀ ਖਾਦਾਂ ਅਤੇ ਰਸਾਇਣਾਂ ਦੇ ਛਿੜਕਾਅ ਨੂੰ ਵਧੀਆ ਢੰਗ ਨਾਲ ਹੱਲਾਸ਼ੇਰੀ ਦੇਣ ਲਈ ਹੌਲੀ-ਹੌਲੀ ਕਿਸਾਨਾਂ ਨੂੰ ਪੀ. ਐੱਮ. ਕੇ. ਐੱਸ. ਕੇ. ਨਾਲ ਜੋੜ ਰਹੇ ਹਨ। ਸੂਬਿਆਂ, ਕੇ. ਵੀ. ਕੇ. ਅਤੇ ਡੀਲਰਾਂ ਦਰਮਿਆਨ ਵਧਦੇ ਸਬੰਧਾਂ ਦੇ ਸਿੱਟੇ ਵਜੋਂ ਗਿਆਨ ਅਤੇ ਸੇਵਾਵਾਂ ਦਾ ਸਫਲ ਪਸਾਰ ਹੋਇਆ ਹੈ।

ਪੀ. ਐੱਮ. ਕੇ. ਐੱਸ. ਕੇ. ਪਹਿਲ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਤੇ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਨੂੰ ਮਜ਼ਬੂਤ ਕਰਨ ’ਚ ਗੇਮ ਚੇਂਜਰ ਸਾਬਤ ਹੋ ਰਹੀ ਹੈ। ਖੇਤੀਬਾੜੀ ਇਨਪੁਟਸ ਅਤੇ ਨਾਲੇਜ ਤਕ ਪਹੁੰਚ ਨੂੰ ਸੌਖਾ ਬਣਾ ਕੇ, ਆਧੁਨਿਕ ਤਕਨਾਲੋਜੀ ਨਾਲ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਅਤੇ ਟਿਕਾਊ ਰਵਾਇਤਾਂ ਨੂੰ ਹੱਲਾਸ਼ੇਰੀ ਦੇ ਕੇ ਪੀ. ਐੱਮ. ਕੇ. ਐੱਸ. ਕੇ. ਖੇਤੀਬਾੜੀ ਭਾਈਚਾਰੇ ਲਈ ਖੁਸ਼ਹਾਲੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ। ਅਟੁੱਟ ਸਰਕਾਰੀ ਹਮਾਇਤ ਅਤੇ ਹਿੱਤਧਾਰਕਾਂ ਦੇ ਸਮੂਹਿਕ ਯਤਨਾਂ ਨਾਲ ਪੀ. ਐੱਮ. ਕੇ. ਐੱਸ. ਕੇ. ਉਸਾਰੂ ਤਬਦੀਲੀ ਲਿਆਉਣਾ ਜਾਰੀ ਰੱਖਣਗੇ। ਦੇਸ਼ ਦੀ ਖੇਤੀਬਾੜੀ ਦੀ ਰੀੜ੍ਹ ਨੂੰ ਮਜ਼ਬੂਤ ਕਰਨਗੇ ਅਤੇ ਇਕ ਖੁਸ਼ਹਾਲ ਅਤੇ ਸਵੈ-ਨਿਰਭਰ ਖੇਤੀਬਾੜੀ ਹਾਲਾਤ ਪ੍ਰਣਾਲੀ ’ਚ ਯੋਗਦਾਨ ਪਾਉਣਗੇ।

ਡਾ. ਮਨਸੁਖ ਮਾਂਡਵੀਆ (ਕੇਂਦਰੀ ਖਾਦ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ)

Rakesh

This news is Content Editor Rakesh