ਪੀ. ਏ. ਯੂ. ਮਾਹਿਰਾਂ ਨੇ ਗੁਲਾਬੀ ਸੁੰਡੀ ਤੋਂ ਬਚਾਅ ਲਈ ਕਿਸਾਨਾਂ ਨੂੰ ਦਿੱਤੇ ਅਹਿਮ ਸੁਝਾਅ

10/09/2020 1:26:36 PM

ਲੁਧਿਆਣਾ (ਸਰਬਜੀਤ ਸਿੱਧੂ) - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਅਨੁਸਾਰ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਕੁਝ ਖੇਤਾਂ ਵਿਚ ਝੋਨੇ ਦੀ ਫ਼ਸਲ ਉਪਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਤਣੇ ਦੀ ਗੁਲਾਬੀ ਸੁੰਡੀ ਆਮ ਤੌਰ ’ਤੇ ਸਤੰਬਰ-ਅਕਤੂਬਰ ਦੇ ਮਹੀਨੇ ’ਚ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੀ ਹੈ। ਇਸ ਦੀਆਂ ਸੁੰਡੀਆਂ ਝੋਨੇ ਦੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਅੰਦਰਲਾ ਮਾਦਾ ਖਾਂਦੀਆਂ ਹਨ, ਜਿਸ ਨਾਲ ਬੂਟੇ ਦੀ ਗੋਭ ਸੁੱਕ ਜਾਂਦੀ ਹੈ ਅਤੇ ਅਖੀਰ ’ਚ ਬੂਟੇ ਮਰ ਜਾਂਦੇ ਹਨ।

ਪੀ. ਏ. ਯੂ. ਮਾਹਿਰਾਂ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਖਾਸ ਕਰ ਕੇ ਉਨ੍ਹਾਂ ਖੇਤਾਂ ’ਚ ਜਿੱਥੇ ਝੋਨੇ ਦੀਆਂ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ-44, ਪੀਲੀ ਪੂਸਾ ਆਦਿ ਦੀ ਲਵਾਈ ਕੀਤੀ ਹੋਵੇ। ਤਣੇ ਦੀ ਗੁਲਾਬੀ ਸੁੰਡੀ ਅਗਲੀ ਬੀਜੀ ਜਾਣ ਵਾਲੀ ਕਣਕ ਦੀ ਫਸਲ ’ਤੇ ਵੀ ਨੁਕਸਾਨ ਕਰ ਸਕਦੀ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੇ ਖੇਤਾਂ ’ਚ ਕਣਕ ਦੀ ਅਗੇਤੀ ਬਿਜਾਈ ਕਰਨ ਤੋ ਗੁਰੇਜ਼ ਕਰਨ ਜਿੱਥੇ ਝੋਨੇ ਦੀ ਫਸਲ ਉੱਪਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ। 

ਜਿੱਥੇ ਝੋਨੇ ਦੇ ਖੇਤਾਂ ਵਿਚ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਨਹੀ ਮਿਲਦਾ, ਉਥੇ ਕਣਕ ਦੀ ਫ਼ਸਲ ਦੀ ਬਿਜਾਈ 25 ਅਕਤੂਬਰ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਅਤੇ ਘੱਟੋ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਘੱਟ ਹੋ ਜਾਂਦਾ ਹੈ। 15 ਅਕਤੂਬਰ ਦੇ ਆਸ-ਪਾਸ ਬਹੁਤ ਜਲਦੀ ਬੀਜੀ ਗਈ ਕਣਕ ਦੀ ਫਸਲ ’ਚ ਉਚ ਤਾਪਮਾਨ ਕਾਰਣ ਵਧੀਆ ਫੁਟਾਰਾ ਨਹੀਂ ਹੋ ਸਕੇਗਾ ਅਤੇ ਮਾਹਿਰਾਂ ਅਨੁਸਾਰ ਇਸ ਨਾਲ ਝਾੜ ਉਪਰ ਅਸਰ ਪੈ ਸਕਦਾ ਹੈ।

rajwinder kaur

This news is Content Editor rajwinder kaur