ਝੋਨਾ ਲਗਾਉਣ ਵਾਲੀ ਮਸ਼ੀਨ ਰਾਂਹੀ ਪਨੀਰੀ ਦੀ ਲਵਾਈ

05/15/2020 6:45:49 PM

ਜਲੰਧਰ (ਬਿਊਰੋ) - ਕੋਵਿਡ -19 ਦੀ ਮਹਾਮਾਰੀ ਕਰਕੇ ਝੋਨੇ ਦੀ ਲਵਾਈ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਝੋਨੇ ਦੀ ਖੇਤੀ ਲਈ ਜਰੂਰੀ ਅਤੇ ਮਹੱਤਵਪੂਰਨ ਅੰਗ ਬਣਦੀ ਨਜ਼ਰ ਆ ਰਹੀ ਹੈ। ਕੋਰੋਨਾ ਵਾਇਰਸ ਕਰਕੇ ਪ੍ਰਵਾਸੀ ਮਜਦੂਰਾਂ ਦਾ ਪਲਾਇਨ ਵੱਡੇ ਪੱਧਰ ’ਤੇ ਹੋਣ ਕਰਕੇ ਝੋਨੇ ਦੀ ਰਵਾਇਤੀ ਤਰੀਕੇ ਨਾਲ ਲਵਾਈ ਕਰਨ ਵਿਚ ਮੁਸ਼ਕਲ ਆ ਸਕਦੀ ਹੈ। ਮਜਦੂਰਾਂ ਦੀ ਕਮੀ ਕਰਕੇ ਕਈਂ ਵਾਰੀ ਝੋਨੇ ਦੀ ਲਵਾਈ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਸਮੇਂ 10 ਜੂਨ ਤੋਂ ਵੀ ਲੇਟ ਹੋ ਸਕਦੀ ਹੈ। ਮਜਦੂਰਾਂ ਦੀ ਕਮੀ ਕਰਕੇ ਝੋਨਾ ਲੇਟ ਲੱਗਣ ਅਤੇ ਵਧੇਰੇ ਸਮਾਂ ਲੱਗਣ ਕਰਕੇ ਅਤੇ ਉਪਰੰਤ ਝੋਨੇ ਦੀ ਫਸਲ ਲੇਟ ਪੱਕਣ ਕਰਕੇ ਅਗਲੀ ਕਣਕ ਦੀ ਫਸਲ ਦੀ ਬਿਜਾਈ ਵੀ ਲੇਟ ਹੋ ਸਕਦੀ ਹੈ। ਇਨ੍ਹਾਂ ਹਾਲਾਤਾਂ ਵਿਚ ਝੋਨੇ ਦੀ ਲਵਾਈ ਮਸ਼ੀਨ ਨਾਲ ਕਰਨ ਨਾਲ ਝੋਨੇ ਦੀ ਲਵਾਈ ਘੱਟ ਮਜਦੂਰਾਂ ਦੀ ਵਰਤੋਂ ਕਰਦੇ ਹੋਏ ਜਲਦੀ ਨਿੱਬੜ ਸਕਦੀ ਹੈ ਅਤੇ ਉਪਰੰਤ ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਤੋਂ ਬਾਅਦ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਕ ਦਿਨ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਨਾਲ 2-3 ਮਜਦੂਰ 6-8 ਝੋਨੇ ਦੇ ਖੇਤ ਸਹਿਜੇ ਹੀ ਲਗਾਅ ਸਕਦੇ ਹਨ।

ਝੋਨੇ ਦੀ ਮਸ਼ੀਨ ਨਾਲ ਲਵਾਈ ਦੀ ਕਾਮਯਾਬੀ ਲਈ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਸਾਂਭ-ਸੰਭਾਲ ਅਹਿਮ ਹੁੰਦੀ ਹੈ। ਮਸ਼ੀਨਾ ਰਾਹੀਂ ਝੋਨੇ ਦੀ ਲਵਾਈ ਲਈ ਟਰੇਆਂ ਜਾਂ ਫਰੇਮਾਂ ਰਾਹੀਂ ਮੈਟ ਟਾਈਪ ਪਨੀਰੀ ਬੀਜੀ ਜਾਂਦੀ ਹੈ, ਇਹ ਟਰੈਆਂ ਜਾਂ ਫਰੇਮ ਵੱਖ-ਵੱਖ ਸਾਇਜ ਦੇ ਹੁੰਦੇ ਹਨ ਅਤੇ ਮਸ਼ੀਨ ਦੇ ਨਾਲ ਹੀ ਉਪਲੰਬਧ ਹੁੰਦੇ ਹਨ। ਝੋਨੇ ਦੀ ਲਵਾਈ ਲਈ ਆਮ ਤੌਰ ’ਤੇ ਜੋ ਪ੍ਰਚਲਿਤ ਮਸ਼ੀਨਾਂ ਹਨ, ਉਨ੍ਹਾਂ ਵਿਚ ਇੰਜਣ ਨਾਲ ਚੱਲਣ ਵਾਲੀਆਂ ਮਸ਼ੀਨਾ ਅਤੇ ਸੇਲਫ ਪਰੋਪੇਲਡ ਮਸ਼ੀਨਾਂ ਹਨ। ਇਨ੍ਹਾਂ ਵੱਖ-ਵੱਖ ਮਸ਼ੀਨਾਂ ਲਈ ਫਰੇਮਾਂ ਦਾ ਸਾਇਜ਼ ਵੀ ਵੱਖ-ਵੱਖ ਹੁੰਦਾ ਹੈ। ਇਨ੍ਹਾਂ ਫਰੇਮਾਂ ਨੂੰ 50-60 ਗੇਜ ਦੀ ਪੋਲੀਥੀਨ ਸ਼ੀਟ ਜੋ 90 ਸੇਂਟੀਮੀਟਰ ਚੋੜੀ ਹੋਵੇ ਉਪਰ ਟਿਕਾਅ ਕਿ 2 ਸੈਂਟੀਮੀਟਰ ਰੂੜੀ ਮਿਲਿਆ ਰੋੜੇ ਜਾਂ ਪੱਥਰ ਤੋਂ ਰਹਿਤ ਮਿੱਟੀ ਜੇਕਰ ਮਿੱਟੀ ਛਾਣੀ ਹੋਵੇ ਤਾਂ ਚੰਗਾ ਹੋਵੇਗਾ, ਦਾ ਮਿਕਸਚਰ ਪਾ ਕੇ ਝੋਨੇ ਦਾ ਬੀਜ ਬੀਜਿਆ ਜਾਂਦਾ ਹੈ। ਤਕਰੀਬਨ 200 ਮੇਟਾਂ ਲਈ  ਲਗਭਗ 8-10 ਕਿਲੋ ਬੀਜ ਇਕ ਏਕੜ ਦੀ ਝੋਨੇ ਦੀ ਲਵਾਈ ਵਾਸਤੇ ਕਾਫੀ ਹੁੰਦਾ ਹੈ। ਬੀਜ ਦੀ ਬੀਜਾਈ ਤੋਂ ਪਹਿਲਾ ਬੀਜ ਨੂੰ 8-10 ਘੰਟੇ ਲਈ ਭਿਉਣਾ ਅਤੇ ਛਾਵੇਂ ਤਕਰੀਬਨ ਅੱਧੇ ਘੰਟੇ ਲਈ ਸੁਕਾਉਣ ਤੋਂ ਬਾਅਦ  ਫਿਰ ਸਪਰਿੰਟ 75 ਤਾਕਤ ਦਵਾਈ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧਣ ਉਪਰੰਤ ਬੀਜਾਈ ਕਰਨੀ ਚਾਹੀਦੀ ਹੈ।

ਮੈਟ-ਟਾਈਪ ਪਨੀਰੀ ਬੀਜਣ ਲਈ ਥਾਂ ਦੀ ਚੋਣ ਖਾਸੀ ਮਹੱਤਤਾ ਰੱਖਦੀ ਹੈ, ਕਿਉਂਕਿ ਪਾਣੀ ਦੇ ਸੋਮੇਂ ਤੋਂ 20 ਮੀਟਰ ਦੇ ਘੇਰੇ ਦੇ ਵਿਚ ਮੇਟ ਟਾਇਪ ਝੋਨੇ ਦੀ ਪਨੀਰੀ ਬੀਜਣ ਦੀ ਸਿਫਾਰਿਸ਼ ਕੀਤੀ ਜਾਦੀ ਹੈ, ਅਜਿਹਾ ਇਸ ਲਈ ਜਰੂਰੀ ਹੈ, ਕਿਉਂਕਿ ਤੇਜ਼ ਧੁੱਪ ਕਰਕੇ ਅਤੇ ਸਿਰਫ 2 ਸੈਂਟੀਮੀਟਰ ਮੋਟੀ ਮਿੱਟੀ ਦੀ ਮੋਟਾਈ ਵਾਲੇ ਮੇਟ ਉੱਪਰ ਬੀਜੇ ਗਈ ਝੋਨੇ ਦੀ ਪੌਦ ਨੂੰ ਵਾਰ-ਵਾਰ ਪਾਣੀ ਦੇਣ ਦੀ ਜਰੂਰਤ ਪੈਂਦੀ ਹੈ। ਕਈਂ ਵਾਰੀ ਇਸ ਬਾਰੇ ਧਿਆਨ ਨਾ ਦੇਣ ਕਰਕੇ ਜਾ ਅਣਗਹਿਲੀ ਕਰਕੇ ਅਤੇ ਤੇਜ਼ ਧੁੱਪ ਕਾਰਨ ਝੋਨੇ ਦੀ ਪਨੀਰੀ ਦੇ ਸੜਨ ਦਾ ਖਤਰਾ ਬਣਿਆ ਰਹਿੰਦਾ ਹੈ, ਇਸੇ ਕਰਕੇ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਮਸ਼ੀਨ ਨਾਲ ਲਵਾਈ ਵਿਚ ਕਾਮਯਾਬੀ ਦੀ ਅਹਿਮ ਕੜੀ ਵਜੋਂ ਪਨੀਰੀ ਨੂੰ ਸਫਲਤਾ ਪੂਰਵਕ ਪ੍ਰਵਾਨ ਚੜਾਉਣਾ ਹੀ ਹੁੰਦਾ ਹੈ। ਝੋਨੇ ਦੀ ਮਸ਼ੀਨ ਨਾਲ ਲਵਾਈ ਅਤੇ ਪਨੀਰੀ ਬੀਜਣ ਵਾਲੇ ਖੇਤਾਂ ਦਾ ਪੱਧਰਾ ਹੋਣਾ ਵੀ ਬੇਹੱਦ ਜਰੂਰੀ ਹੈ 25-30 ਦਿਨਾਂ ਦੀ ਮੇਟ ਟਾਇਪ ਪਨੀਰੀ ਲੇਜਰ ਲੈਵਲਰ ਅਤੇ ਚੰਗੇ ਕੁੱਦੂ ਕੀਤੇ ਖੇਤ ਵਿਚ ਮਸ਼ੀਨ ਰਾਹੀਂ ਲਗਾਈ ਜਾ ਸਕਦੀ ਹੈ। ਝੋਨੇ ਦੀ ਮਸ਼ੀਨ ਨਾਲ ਲਵਾਈ ਦੇ ਕੰਮ ਨੂੰ ਸਾਡੇ ਪੈਂਡੂ ਇਲਾਕਿਆਂ ਵਿਚ ਇਕ ਨਵੇਂ ਸਹਾਇਕ ਧੰਦੇ ਵਜੋਂ ਵੀ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਮਕਸਦ ਲਈ ਪਿੰਡਾਂ ਜਾਂ ਕਸਬਿਆਂ ਵਿਚ ਅਜਿਹੇ ਉਦੱਮੀ ਨੌਜਵਾਨਾਂ ਲਈ ਕੰਮ ਦੇ ਸੁਨਹਿਰੀ ਮੌਕੇ ਹਨ, ਜੋ ਖੇਤੀ ਤੋਂ ਵਧੇਰੇ ਆਮਦਨ ਲੈਣ ਦੇ ਇੱਛੁਕ ਹਨ।

ਮੈਟ-ਟਾਇਪ ਪਨੀਰੀ ਬੀਜਣ ਦੀ ਪ੍ਰਕ੍ਰਿਆ ਦੀ ਸ਼ੁਰੂਆਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਕੀਤੀ ਜਾ ਸਕਦੀ ਹੈ। ਅਜਿਹੇ ਉਦੱਮੀ ਕਿਸਾਨ ਝੋਨਾ ਲਾਉਣ ਵਾਲੀ ਮਸ਼ੀਨ ਪ੍ਰਾਪਤ ਕਰਦੇ ਹੋਏ ਅਤੇ ਨਾਲ ਹੀ ਮੈਟ ਟਾਇਪ ਪਨੀਰੀ ਖੁਦ ਪੈਦਾ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਪਨੀਰੀ ਦੇ ਨਾਲ-ਨਾਲ ਖੇਤਾਂ ਵਿਚ ਮਸ਼ੀਨ ਰਾਹੀਂ ਲਵਾਈ ਦੀ ਸੇਵਾ ਪ੍ਰਦਾਨ ਕਰਦੇ ਹੋਏ ਜਿਥੇ ਇਲਾਕੇ ਵਿਚ ਝੋਨੇ ਦੀ ਲਵਾਈ ਵਿਚ ਸ਼ਲਾਘਾਯੋਗ ਕੰਮ ਦਾ ਆਰੰਭ ਕਰ ਸਕਦੇ ਹਨ। ਉਥੇ ਨਾਲ ਹੀ ਚੋਖਾ ਮੁਨਾਫਾ ਹਾਸਿਲ ਵੀ ਕਰ ਸਕਦੇ ਹਨ ਭਾਵ ਕਿ ਨਾਲੇ "ਪੁੰਨ ਅਤੇ ਨਾਲੇ ਫਲੀਆਂ" ਵਾਲੀ ਗੱਲ ਸੱਚੀ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਮੇਂ ਸਿਰ ਬੀਜੇ ਗਏ ਝੋਨੇ ਲਈ 33 ਬੂਟੇ ਪ੍ਰਤੀ ਵਰਗ ਮੀਟਰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਝੋਨਾ ਲਗਾਉਣ ਵਾਲੀ ਮਸ਼ੀਨ ਨਾਲ ਖੇਤਾਂ ਵਿਚ ਬੂਟਿਆਂ ਦੀ ਗਿਣਤੀ ਪੂਰੀ ਹੋ ਸਕਦੀ ਹੈ ਅਤੇ ਨਤੀਜੇ ਵਜੋਂ ਝੋਨੇ ਦੇ ਝਾੜ ਵਿਚ ਵੀ ਵਾਧਾ ਹਾਸਿਲ ਕੀਤਾ ਜਾ ਸਕਦਾ ਹੈ। ਪੰਜਾਬ ਭਰ ਵਿਚ ਕਈ ਉੱਦਮਿਆਂ ਵਲੋਂ ਮਾਹਿਰਾਂ ਦੀ ਮਦਦ ਨਾਲ ਝੋਨਾ ਲਾਉਣ ਵਾਲੀ ਮਸ਼ੀਨ ਨਾਲ ਸਪ੍ਰੇਅਰ ਦੀ ਅਟੈਚਮੈਂਟ ਲਗਾ ਕਿ ਦੋਹਰਾ ਫਾਇਦਾ ਵੀ ਉਠਾਇਆ ਜਾ ਰਿਹਾ ਹੈ। ਇਸ ਤਰਾਂ ਕਰਨ ਨਾਲ ਪੂਰਾ ਸਾਲ ਇਸ ਮਸ਼ੀਨ ਰਾਹੀਂ ਖੇਤੀ ਅਧਾਰਿਤ ਕੰਮ ਕੀਤੇ ਜਾ ਸਕਦੇ ਹਨ। ਸੋ ਕੁੱਲ ਮਿਲਾਅ ਕਿ ਇਹ ਸਪਸ਼ਟ ਹੈ ਕਿ ਝੋਨੇ ਦੀ ਲਵਾਈ ਵਾਸਤੇ ਮਸ਼ੀਨੀਕਰਨ ਸੂਬੇ ਵਿਚ ਝੋਨੇ ਦੀ ਪੈਦਾਵਾਰ ਵਿਚ ਇਕ ਕ੍ਰਾਂਤੀਕਾਰੀ ਉੱਦਮ ਸਾਬਿਤ ਹੋ ਸਕਦਾ ਹੈ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ, ਜਲੰਧਰ

rajwinder kaur

This news is Content Editor rajwinder kaur