ਸੂਬੇ ''ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਝੋਨੇ ਤੇ ਬਾਸਮਤੀ ਦਾ ਕਰੀਬ 6.25 ਲੱਖ ਏਕੜ ਰਕਬਾ

07/24/2023 5:36:38 PM

ਡਾ.ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੂਬੇ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਹੜ੍ਹਾਂ ਵਰਗੇ ਹਾਲਾਤ ਕਰਕੇ ਝੋਨੇ ਅਤੇ ਬਾਸਮਤੀ ਦਾ ਲਗਭਗ 6.25 ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਕੁੱਝ ਰਕਬੇ ਵਿੱਚ ਪਾਣੀ ਲੱਥਣ ਨਾਲ ਝੋਨਾ ਦੁਬਾਰਾ ਤੁਰ ਪਿਆ ਹੈ। ਤਕਰੀਬਨ 2 ਲੱਖ ਏਕੜ ਰਕਬੇ ਵਿੱਚ ਝੋਨਾ ਦੁਬਾਰਾ ਲਗਾਉਣਾ ਪੈ ਸਕਦਾ ਹੈ।

ਡਾ. ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨਾਂ ਦੀ ਮਦਦ  ਲਈ ਰਾਜ ਪੱਧਰ 'ਤੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿਖੇ ਹੜ੍ਹ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ, ਜਿਸ ਰਾਹੀਂ ਪ੍ਰਭਾਵਿਤ ਝੋਨੇ / ਬਾਸਮਤੀ ਦੇ ਰਕਬੇ ਲਈ ਨਰਸਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੂਬੇ ਦੇ ਕਿਸਾਨ ਇਸ ਸਹਾਇਤਾ ਕੇਂਦਰ ਦੇ ਨੰਬਰ 7710665725 'ਤੇ ਰਾਬਤਾ ਕਾਇਮ ਕਰਕੇ ਨਰਸਰੀ ਦੀ ਲੋੜ ਬਾਰੇ ਜਾਣਕਾਰੀ ਦੇ ਸਕਦੇ ਹਨ। ਬਹੁਤ ਸਾਰੇ ਕਿਸਾਨ /ਪੰਚਾਇਤਾਂ ਲੋੜਵੰਦ ਕਿਸਾਨਾਂ ਨੂੰ ਪਨੀਰੀ ਮੁਫ਼ਤ ਮੁੱਹਇਆ ਕਰਵਾਉਣ ਲਈ ਵੀ ਅੱਗੇ ਆ ਰਹੇ ਹਨ।

ਉਹਨਾਂ ਨੇ ਦੱਸਿਆ ਕਿ ਮਿਤੀ 18/07/23 ਨੂੰ ਸਥਾਪਿਤ ਕੀਤੇ ਇਸ ਕੇਂਦਰ ਨਾਲ ਹੁਣ ਤੱਕ 563 ਕਿਸਾਨਾਂ ਨੇ ਟੈਲੀਫੋਨ ਰਾਹੀਂ ਰਾਬਤਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਭਾਗ ਵੱਲੋਂ 1180 ਕੁਇੰਟਲ ਝੋਨੇ ਅਤੇ ਬਾਸਮਤੀ ਦਾ ਬੀਜ ਵੀ ਮੁੱਹਇਆ ਕਰਵਾਈਆ ਜਾ ਚੁੱਕਾ ਹੈ। ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਪਾਣੀ ਲੱਥਣ 'ਤੇ ਉਹ ਅਗਸਤ ਦੇ ਪਹਿਲੇ ਹਫ਼ਤੇ ਤੱਕ ਝੋਨੇ ਦੀ ਘੱਟ ਸਮਾਂ ਲੈਣ ਵਾਲੀ ਪੀ ਆਰ 126 ਜਾਂ ਬਾਸਮਤੀ ਦੀ 1509 ਕਿਸਮ ਦੀ ਲਵਾਈ ਕਰ ਸਕਦੇ ਹਨ। ਡਾਇਰੈਕਟਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਹੜ੍ਹ ਕੰਟਰੋਲ ਯੂਨਿਟ ਰਾਹੀਂ ਪ੍ਰਾਪਤ ਜਾਣਕਾਰੀ ਸਬੰਧਿਤ ਜ਼ਿਲ੍ਹਿਆਂ ਨਾਲ ਸਾਂਝੇ ਕਰਦੇ ਹੋਏ ਕਿਸਾਨਾਂ ਦੀ ਪਨੀਰੀ ਸੰਬੰਧੀ ਲੋੜ ਪੂਰੀ ਕੀਤੀ ਜਾ ਰਹੀ ਹੈ।

ਡਾ.ਨਰੇਸ਼ ਕੁਮਾਰ ਗੁਲਾਟੀ
ਜ਼ਿਲ੍ਹਾ ਸਿਖਲਾਈ ਅਫ਼ਸਰ ਕਪੂਰਥਲਾ 
ਕਮ ਸੰਪਰਕ ਅਫ਼ਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਪੰਜਾਬ।

rajwinder kaur

This news is Content Editor rajwinder kaur