ਝੋਨੇ ਦੀ ਪਨੀਰੀ ਮਸ਼ੀਨ ਰਾਹੀਂ ਲਵਾਈ ਦੇ ਕੰਮ ਨੂੰ ਸੌਖਾ ਕਰਨ ਲਈ ਕਿਸਾਨ ਦਾ ਨਿਵੇਕਲਾ ਉੱਦਮ

06/18/2020 6:29:24 PM

ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਮਾਰੀ ਕਰਕੇ ਸੂਬੇ ਵਿੱਚ ਝੋਨੇ ਦੀ ਖੇਤੀ ਵਿੱਚ ਵਾਤਾਵਰਨ ਅਤੇ ਹਾਲਾਤਾਂ ਦੇ ਅਨੁਕੂਲ ਜ਼ਬਰਦਸਤ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਭਾਵੇਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੇ ਬੀਜ ਦੀ ਸਿੱਧੀ ਬਿਜਾਈ ਅਤੇ ਝੋਨੇ ਦੀ ਪਨੀਰੀ ਮਸ਼ੀਨਾਂ ਨਾਲ ਲੁਆਈ ਬਾਰੇ ਬੜੇ ਲੰਮੇ ਸਮੇਂ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਇਸ ਸਾਲ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਤਕਰੀਬਨ 38000 ਏਕੜ ਰਕਬਾ ਅਤੇ ਮਸ਼ੀਨ ਹੇਠ ਲਵਾਈ ਦਾ 11000 ਰਕਬਾ ਬੀਜਿਆ ਜਾ ਚੁੱਕਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਤਕਨੀਕਾ ਰਾਹੀਂ ਝੋਨੇ ਦੀ ਲਵਾਈ ਵਿੱਚ ਕਿਸਾਨਾਂ ਵਲੋਂ ਨਵੇਂ ਰਾਹ ਵੀ ਲੱਭੇ ਜਾ ਰਹੇ ਹਨ। ਝੋਨੇ ਦੀ ਪਨੀਰੀ ਦੀ ਮਸ਼ੀਨ ਰਾਹੀਂ ਲਵਾਈ ਨੂੰ ਬਲਾਕ ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਵਿੱਚ ਨਵਾਂ ਉਤਸ਼ਾਹ ਮਿਲ ਰਿਹਾ ਹੈ। ਸ. ਮੇਜਰ ਸਿੰਘ ਅਤੇ ਰਜਿੰਦਰ ਸਿੰਘ ਪਿੰਡ ਬਾਜਵਾਂ ਕਲਾਂ ਨੇ ਪਨੀਰੀ ਦੀ ਮਸ਼ੀਨ ਨਾਲ ਲਵਾਈ ਨੂੰ ਹੋਰ ਸੁਖਾਲਾ ਕਰਨ ਲਈ ਮੈਟ ਟਾਈਪ ਪਨੀਰੀ ਬੀਜਣ ਲਈ ਇਕ ਮਸ਼ੀਨ ਤਿਆਰ ਕੀਤੀ ਹੈ।

ਇਸ ਦੇ ਸਬੰਧ ਵਿੱਚ ਖੇਤੀਬਾੜੀ ਵਿਭਾਗ ਵਲੋਂ ਪਿੰਡ ਬਾਜਵਾ ਕਲਾਂ ਵਿੱਚ ਮੈਟ ਟਾਈਪ ਪਨੀਰੀ ਬੀਜਣ ਵਾਲੀ ਨਿਵੇਕਲੀ ਮਸ਼ੀਨ ਦਾ ਦਿਖਾਵਾ ਕੀਤਾ ਗਿਆ। ਸ. ਮੇਜਰ ਸਿੰਘ ਅਤੇ ਸ. ਰਜਿੰਦਰ ਸਿੰਘ ਦੇ ਉੱਦਮਾਂ ਸਦਕਾ ਤਿਆਰ ਇਸ ਮਸ਼ੀਨ ਰਾਹੀਂ ਮੈਟ ਟਾਈਪ ਪਨੀਰੀ ਤਿੰਨ ਮਜਦੂਰਾਂ ਰਾਹੀਂ 25-30 ਏਕੜ ਦੀ ਪਨੀਰੀ  ਇੱਕ ਦਿਹਾੜੀ ਵਿੱਚ ਬੀਜੀ ਜਾ ਸਕਦੀ ਹੈ ਜਦਕਿ ਆਮ ਹਾਲਾਤਾਂ ਵਿੱਚ 10 ਮਜਦੂਰ ਇੱਕ ਦਿਹਾੜੀ ਵਿੱਚ ਮਸਾਂ 5 ਏਕੜ ਦੀ ਮੈਟ ਟਾਈਪ ਪਨੀਰੀ ਬੀਜ ਸਕਦੇ ਹੈ। ਕੋਵਿਡ-19 ਦੀ ਮਹਾਮਾਰੀ ਕਰਕੇ ਮਜਦੂਰਾਂ ਦੇ ਪਲਾਇਣ ਕਰਕੇ ਇਸ ਮਸ਼ੀਨ ਨੂੰ ਤਿਆਰ ਕਰਨ ਸਬੰਧੀ ਫੁਰਨਾ ਸ. ਮੇਜਰ ਸਿੰਘ ਦੇ ਧਿਆਨ ਵਿੱਚ ਫੁਰਿਆ ਅਤੇ ਉਸ ਵਲੋਂ ਇਹ ਮਸ਼ੀਨ ਜੋ ਕਿ ਪੋਲੀਥੀਨ ਨੂੰ ਵਿਛਾਉਣ ਤੋਂ ਲੈ ਕੇ ਛਾਣੀ ਮਿੱਟੀ ਪਾਉਣ ਤੱਕ ਅਤੇ ਉਪਰੰਤ ਸਪਰੈਡਰ ਨਾਲ ਬੀਜ ਖਿਲਾਰਦੇ ਹੋਏ ਬੈੱਡ ਤੇ ਪਾਣੀ ਵੀ ਇੱਕੋ ਸਮੇਂ ਛਿੜਕਾਉਦੀਂ ਹੈ।

ਡਾ. ਸੁਰਿੰਦਰ ਸਿੰਘ ਨੇ ਇਨ੍ਹਾਂ ਦੋਵੇਂ ਉਦਮੀ ਕਿਸਾਨਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਕਿਹਾ ਕਿ ਝੋਨੇ ਦੀ ਪਨੀਰੀ ਨਾਲ ਲਵਾਈ ਦੇ ਮਸ਼ੀਨੀਕਰਨ ਨੂੰ ਹੋਰ ਹੁੰਗਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਮੈਟ ਟਾਈਪ ਪਨੀਰੀ ਘੱਟ ਖਰਚੇ ਅਤੇ ਘੱਟ ਲੇਬਰ ਰਾਹੀਂ ਸਮੇ ਸਿਰ ਪ੍ਰਵਾਨ ਚੜਾਈ ਜਾ ਸਕਦੀ ਹੈ। ਇੰਜ. ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜੀਨਿਅਰ ਨੇ ਦੱਸਿਆ ਕਿ ਕਿਸਾਨ ਵਲੋਂ ਘਰ ਵਿੱਚ ਪਏ ਵਾਧੂ ਲੋਹੇ ਅਤੇ ਡਰਿੱਲ ਮਸ਼ੀਨਾਂ ਦੇ ਪਹੀਏ ਆਦਿ ਵਰਤਦੇ ਹੋਏ ਤਕਰੀਬਨ 8 ਫੁੱਟ ਲ਼ੰਬਾ ਜੁਗਾੜ ਕਿਸਾਨ ਵਲੋਂ ਖੁਦ ਤਿਆਰ ਕੀਤਾ ਗਿਆ ਹੈ ਅਤੇ ਇਸ ਕਿਸਾਨ ਅਨੁਸਾਰ ਇਸ ਮਸ਼ੀਨ ਨੂੰ ਤਿਆਰ ਕਰਨ ਤੇ ਤਕਰੀਬਨ 70 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ। ਜਦਕਿ ਪ੍ਰਤੀ ਏਕੜ ਮੈਟ ਟਾਈਪ ਪਨੀਰੀ ਬੀਜਣ ਦੇ ਖਰਚੇ ਵਿੱਵ 80% ਦੀ ਕਮੀ ਹੋਈ ਹੈ। ਉਨ੍ਹਾਂ ਕਿਸਾਨ ਦੇ ਇਸ ਕੰਮ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਜ਼ਿਲ੍ਹੇ ਵਿੱਚ ਇਸ ਸਾਲ ਤਕਰੀਬਨ 100 ਪੈਡੀ ਟਰਾਂਸਪਲਾਂਟਰਾਂ ਰਾਹੀਂ 25000 ਏਕੜ ਰਕਬਾ ਬੀਜੇ ਜਾਣ ਦੀ ਉਮੀਦ ਹੈ।

ਇਲਾਕੇ ਦੇ ਉੱਘੇ ਕਿਸਾਨ ਸ. ਗੁਰਦੇਵ ਸਿੰਘ ਨਵਾਂ ਕਿਲ੍ਹਾ, ਸ.ਅਸ਼ਵਿੰਦਰ ਸਿੰਘ ਮਲਸੀਆਂ ਨੇ ਇਸ ਮਸ਼ੀਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਝੋਨੇ ਦੀ ਪਨੀਰੀ ਨੂੰ ਮਸ਼ੀਨ ਰਾਹੀਂ ਲਵਾਈ ਲਈ ਮੈਟ ਟਾਈਪ ਪਨੀਰੀ ਬੀਜਣ ਵਿੱਚ ਆਉਦੀਂਆਂ ਮੁਸ਼ਲਾਂ ਦਾ ਇਸ ਮਸ਼ੀਨ ਰਾਹੀਂ ਹੱਲ ਹੋ ਜਾਵੇਗਾ ਅਤੇ ਭਵਿੱਖ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਝੋਨੇ ਦੇ ਮਸ਼ੀਨੀਕਰਨ ਵਾਲੇ ਪਾਸੇ ਆਉਣਗੇ। ਸ਼੍ਰੀ ਰਮੇਸ਼ ਚੰਦਰ ਰਿਟਾਇਰਡ ਟੈਕਨੀਸ਼ਿਅਨ ਖੇਤੀਬਾੜੀ ਵਿਭਾਗ ਜਲੰਧਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ ਸਿਰਫ 800 ਏਕੜ ਝੋਨਾ ਪੈਡੀ ਟਰਾਂਸਪਲਾਂਟਰ ਮਸ਼ੀਨ ਦੇ ਰਾਹੀਂ ਲਗਾਇਆ ਗਿਆ ਸੀ ਅਤੇ ਉਹ ਪਿਛਲੇ ਲੱਗਭਗ 5 ਸਾਲ਼ਾਂ ਤੋਂ ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਧੀਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਨੂੰ ਮਸ਼ੀਨੀਕਰਨ ਕਰਨ ਲਈ ਕਿਸਾਨਾਂ ਨੂੰ ਕਹਿ ਰਹੇ ਸੀ ਅਤੇ ਹਮੇਸ਼ਾਂ ਕਿਸਾਨਾਂ ਵਲੋਂ ਮੈਟ ਟਾਈਪ ਪਨੀਰੀ ਬੀਜਣ ਦਾ ਢੰਗ ਤਰੀਕਾ ਕਿਸਾਨਾਂ ਨੂੰ ਔਖਾ ਲਗਦਾ ਸੀ ਪਰ ਹੁਣ ਇਸ ਮਸ਼ੀਨ ਰਾਹੀਂ ਇਹ ਕੰਮ ਸੋਖਾਲਾ ਹੋ ਗਿਆ ਹੈ। ਇਸ ਮਸ਼ੀਨ ਕਰਕੇ ਵੱਡੀ ਗਿਣਤੀ ਵਿਚ ਕਿਸਾਨ ਇਸ ਮਸ਼ੀਨ ਦੀ ਵਰਤੋ ਕਰਦੇ ਹੋਏ ਪਨੀਰੀ ਦੀ ਲਵਾਈ ਕਰਨਗੇ।  

ਡਾ. ਨਰੇਸ਼ ਕੁਮਾਰ ਗੁਲਾਟੀ, 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ (ਬੀਜ)
ਜਲੰਧਰ।  

rajwinder kaur

This news is Content Editor rajwinder kaur