ਝੋਨੇ ਦੀ ਸੁਚੱਜੀ ਮੰਡੀਕਾਰੀ ਲਈ ਕਿਸਾਨ ਸੁੱਕੀ ਉਪਜ ਮੰਡੀ ’ਚ ਲਿਆਉਣ : ਡਾ ਸੁਰਿੰਦਰ ਸਿੰਘ

09/30/2020 10:31:02 AM

ਜ਼ਿਲ੍ਹਾ ਜਲੰਧਰ ਦੀ ਪੇਸਟ ਸਰਵੈਲੇਂਸ ਦੀ ਮੀਟਿੰਗ ਵਿੱਚ ਸ਼ਾਮਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾ ਨੇ ਸਲਾਹ ਦਿੱਤੀ ਹੈ ਕਿ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਵਾਢੀ ਰਾਤ ਵੇਲੇ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਫਸਲ ਵਿੱਚ ਨਮੀ ਵੱਧ ਜਾਂਦੀ ਹੈ। ਖੇਤੀ ਮਾਹਿਰਾਂ ਨੇ ਕਿਹਾ ਹੈ ਕਿ ਕਿਸਾਨ ਵੀਰਾਂ ਨੂੰ ਆਪਣੀਆਂ ਫਸਲਾਂ ਦਾ ਰੈਗੂਲਰ ਤੌਰ ’ਤੇ ਸਰਵੇਖਣ ਅਤੇ ਨਿਰੀਖਣ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ ’ਤੇ ਜ਼ਹਿਰਾਂ ਦਾ ਇਸਤੇਮਾਲ ਕੀਤਾ ਜਾ ਸਕੇ। 

ਡਾ.ਕੁਲਦੀਪ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ.ਨੂਰਮਹਿਲ ਨੇ ਮੀਟਿੰਗ ਰਾਹੀਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਵਾਢੀ ਉਪਰੰਤ ਪਰਾਲ ਨੂੰ ਅੱਗ ਨਾ ਲਗਾਉਣ। ਪਰਾਲੀ ਦੇ ਸੜਨ ਨਾਲ ਕੋਵਿਡ-19 ਲਾਗ, ਜੋ ਸਾਹ ਦੀ ਬੀਮਾਰੀ ਨਾਲ ਸਬੰਧਤ ਹੈ, ਵਿੱਚ ਵਾਧਾ ਹੋ ਸਕਦਾ ਹੈ। ਡਾ. ਮਨਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਫਸਲ ਵਿਗਿਆਨ ਨੇ ਕਿਹਾ ਹੈ ਕਿ ਲੇਟ ਬੀਜੀ ਗਈ ਮੱਕੀ ਦੀ ਫਸਲ ’ਤੇ ਫਾਲ ਆਰਮੀ ਵਰਮ ਦਾ ਹਮਲਾ ਕਈਂ ਥਾਵਾਂ ’ਤੇ ਰਿਪੋਰਟ ਹੋਇਆ ਹੈ। ਇਸ ਲਈ ਕਿਸਾਨਾਂ ਨੂੰ ਮਾਹਿਰਾ ਦੀ ਸਲਾਹ ਅਨੁਸਾਰ ਧਿਆਨ ਦੇਣ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ ਹੈ ਕਿ ਝੋਨੇ ਅਤੇ ਬਾਸਮਤੀ ਦੀ ਫਸਲ ’ਤੇ ਝੂਠੀ ਕਾਂਗਿਆਰੀ ਅਤੇ ਸ਼ੀਥ ਬਲਾਇਟ ਦੇ ਹਮਲੇ ਬਾਰੇ ਵੀ ਕਿਸਾਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਉਪਰਾਲੇ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਵਾਢੀ ਉਪਰੰਤ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਹੁਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵਿੱਚ ਵਾਧਾ ਹੁੰਦਾ ਹੈ। 

ਇਸ ਮੀਟਿੰਗ ਵਿੱਚ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ’ਤੇ ਬਗੈਰ ਲੋੜ ਤੋਂ ਖਾਦ ਜਾਂ ਦਵਾਈ ਦਾ ਇਸਤੇਮਾਲ ਨਾ ਕਰਨ ਅਤੇ ਝੋਨੇ ਦਾ ਬੀਜ ਅਗਲੀ ਫਸਲ ਵਾਸਤੇ ਰੱਖਣ ਲਈ ਉਪਰਾਲੇ ਜ਼ਰੂਰ ਕਰਨ। ਇਸ ਲਈ ਵੱਖਰੀ ਕਿਸਮ ਜਾਂ ਨਦੀਨਾ ਦੇ ਨਜ਼ਰ ਆਉਂਦੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨ ਦੇ ਨਾਲ-ਨਾਲ ਬੀਜ ਲਈ ਰੱਖਣ ਵਾਲੀ ਫਸਲ ਦਾ ਉਚੇਚਾ ਧਿਆਨ ਦਿੰਦੇ ਹੋਏ ਕੰਬਾਇਨ ਮਸ਼ੀਨਾਂ ਸਾਫ ਕਰਦੇ ਹੋਏ ਵਾਢੀ ਵੱਖਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਸਰ ਕਿਸਾਨ ਹਰ ਸਾਲ ਝੋਨੇ ਦਾ ਨਵਾਂ ਬੀਜ ਖ੍ਰੀਦਣ ਲਈ ਕਾਫੀ ਪੈਸਾ ਖਰਚ ਕਰਦੇ ਹਨ। ਇਸ ਲਈ ਹੁਣ ਵੇਲਾ ਹੈ ਕਿ ਝੋਨੇ ਦੇ ਚੰਗੇ ਖੇਤਾਂ ਦਾ ਬੀਜ ਵਖਰੇ ਤੌਰ ’ਤੇ ਹਾਰਵੈਸਟ ਕੀਤਾ ਜਾਵੇ ਅਤੇ ਇਸ ਨੂੰ ਵਖਰੇ ਤੌਰ ਤੇ ਹੀ ਸਟੌਰ ਕੀਤਾ ਜਾਵੇ। 

ਉਨ੍ਹਾਂ ਕਿਹਾ ਹੈ ਕਿ ਕੰਬਾਇਨ ਉਪਰੇਟਰਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨਾ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਕਿਸਾਨ ਵੀਰ ਖਾਸ ਧਿਆਨ ਦੇਣ ਤਾਂ ਜੋ ਸਾਫ ਤੇ 17% ਨਮੀ ਦੀ ਨਿਰਧਾਰਿਤ ਮਾਤਰਾ ਵਾਲੀ ਫਸਲ ਹੀ ਮੰਡੀ ਵਿੱਚ ਲਿਆਉਣ। ਉਨ੍ਹਾਂ ਕਿਸਾਨ ਵੀਰਾਂ ਨੂੰ ਕੋਵਿਡ-19 ਵਰਗੀ ਵਿਸ਼ਵਵਿਆਪੀ ਲਾਗ ਦੇ ਚੱਲਦੀਆਂ ਕੰਬਾਇਨ ਹਾਰਵੈਸਟ ਮਸ਼ੀਨਾਂ ਨੂੰ ਸੈਨੇਟਾਇਜ ਕਰਨ ਅਤੇ ਮੰਡੀਆਂ ਵਿੱਚ ਮਾਸਕ ਅਤੇ ਸਮਾਜਿਕ ਦੂਰੀ ਵਰਗੇ ਉਪਰਾਲੇ ਕਰਨ ਲਈ ਵੀ ਬੇਨਤੀ ਕੀਤੀ ਹੈ।

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ,
ਕਮ ਸੰਪਰਕ ਅਫਸਰ ਜਲੰਧਰ।

rajwinder kaur

This news is Content Editor rajwinder kaur