ਸਿੱਧੇ ਬੀਜ ਰਾਹੀਂ ਬੀਜੇ ਝੋਨੇ ’ਚ ਨਦੀਨਾ ਤੋਂ ਨਾ ਘਬਰਾਓ, ਸਗੋਂ ਸਿਫਾਰਸ਼ਾਂ ਅਨੁਸਾਰ ਕਰੋ ਇਨ੍ਹਾਂ ਦੀ ਰੋਕਥਾਮ

06/23/2020 6:00:02 PM

ਝੋਨੇ ਦੀ ਸਿੱਧੀ ਬੀਜ ਰਾਹੀਂ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਨਦੀਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਸਗੋਂ ਇਨ੍ਹਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਕਾਮਯਾਬ ਉਪਰਾਲੇ ਕਰਨੇ ਚਾਹੀਦੇ ਹਨ। ਅੱਜ ਮੁੱਖ ਖੇਤੀਬਾੜੀ ਅਫਸਰ ਵੱਲੋਂ ਦਾਦੂਵਾਲ ਸਮਰਾਏ, ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਵਲੋਂ ਸ. ਗੁਰਨੇਕ ਸਿੰਘ ਪਿੰਡ ਰਾਏਪੁਰ ਦੇ ਸਿੱਧੀ ਬਿਜਾਈ ਦੀ ਤਕਨੀਕ ਰਾਹੀਂ ਬੀਜੇ ਗਏ ਝੋਨੇ ਦਾ 6 ਏਕੜ ਰਕਬੇ ਦਾ ਪਲਾਟ ਦੇਖਿਆ। ਇਸ ਮੌਕੇ ਮੌਜੂਦ ਸ. ਹਰਭੁਪਿੰਦਰ ਸਿੰਘ ਚੈਅਰਮੇਨ ਮੰਡੀ ਬੋਰਡ ਜਲੰਧਰ ਕੈਂਟ, ਸ .ਨਿਰਮਲ ਸਿੰਘ ਪਿੰਡ ਦਾਦੂਵਾਲ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਬੀਜੇ ਗਏ ਲਗਭਗ 11 ਏਕੜ ਰਕਬੇ ਵਿੱਚ ਸਿੱਧੀ ਬੀਜਾਈ ਕੀਤੀ ਗਈ ਹੈ। ਉਹ ਇਸ ਤਕਨੀਕ ਤੋਂ ਸੰਤੁਸ਼ਟ ਹਨ।

ਧੀਆਂ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਮੇਰਾ ਕੀ ਕਸੂਰ’

ਮੌਕੇ ’ਤੇ ਮੌਜੂਦ ਸਬੰਧਤ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਸਲ ਵਿੱਚ ਸੁਆਂਕ ਅਤੇ ਮੌਥੇ ਵਰਗੇ ਨਦੀਨ ਸਨ, ਜਿਸ ਲਈ ਉਨ੍ਹਾਂ ਨੇ 100 ਐੱਮ.ਐੱਲ ਪ੍ਰਤੀ ਏਕੜ ਨੋਮਨੀਗੋਲਡ 10 ਐੱਸ.ਸੀ ਦੀ ਸਪਰੇ ਕੀਤੀ ਹੈ। ਸ. ਗੁਰਨੇਕ ਸਿੰਘ ਪਿੰਡ ਰਾਏਪੁਰ ਨੇ ਕਿਹਾ ਕਿ ਉਸ ਵੱਲੋਂ ਪਹਿਲੀ ਵਾਰ ਝੋਨੇ ਦੀ ਪਰਮਲ ਕਿਸਮ ਦੀ ਸਿੱਧੀ ਬੀਜਾਈ ਕੀਤੀ ਗਈ ਹੈ ਅਤੇ ਉਸ ਵੱਲੋਂ ਇਹ ਬੀਜਾਈ ਮਿਤੀ 10 ਜੂਨ ਨੂੰ ਡਰਿੱਲ ਰਾਹੀਂ ਕੀਤੀ ਗਈ ਸੀ। ਫਸਲ ਦਾ ਜੰਮ ਬਹੁਤ ਵਧੀਆ ਹੈ ਅਤੇ ਭਵਿੱਖ ਵਿੱਚ ਉਹ ਇਸੇ ਤਕਨੀਕ ਰਾਹੀਂ ਹੀ ਝੋਨੇ ਦੀ ਕਾਸ਼ਤ ਕਰਨਗੇ। ਸ.ਹਰਭੂਪਿੰਦਰ ਸਿੰਘ ਪਿੰਡ ਸਮਰਾਏ ਨੇ ਵੀ ਕਿਹਾ ਕਿ ਇਸ ਤਕਨੀਕ ਰਾਹੀਂ ਪਾਣੀ ਦੀ ਲਗਭਗ 50% ਬਚਤ ਹੋਈ ਹੈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਨੋਮਨੀਗੋਲਡ ਦਵਾਈ ਬੀਜਾਈ ਤੋਂ 20-25 ਦਿਨਾਂ ’ਤੇ 150 ਲੀਟਰ ਪਾਣੀ ਵਿੱਚ ਘੋਲ ਕੇ ਕਰਨੀ ਚਾਹੀਦੀ ਹੈ। 

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)

ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ 5-10 ਦਿਨਾਂ ਦੇ ਵਕਫੇ ’ਤੇ ਪਾਣੀ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਝੌਨੇ ਦਾ ਮੋਥਾ, ਗੰਡੀ ਵਾਲਾ ਮੋਥਾ ਜਾਂ ਚੋੜੀ ਪੱਤਿਆਂ ਵਾਲੇ ਨਦੀਨ ਜਿਵੇਂ ਮਿਰਚ ਬੂਟੀ, ਚੌਲਾਈ, ਦੌਧਕ ਆਦਿ ਹੋਣ ਬਾਰੇ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਤਾਂ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਤੀ ਏਕੜ 16 ਗ੍ਰਾਮ ਸੈਗਮੈਂਟ 50 ਡੀ.ਐੱਫ. ਨਾਮ ਦੀ ਦਵਾਈ ਜਾਂ 8 ਗ੍ਰਾਮ ਐਲਮਿਕਸ 20 ਡਬਲਯੂ. ਪੀ. ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰਨ ਦੀ ਸਿਫਾਰਿਸ਼ ਹੈ। ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਗਾਹੇ-ਬੁਗਾਹੇ ਗੇੜਾ ਜਰੂਰ ਮਾਰਨ ਤਾਂ ਜੋ ਵੇਲੇ ਸਿਰ ਸ਼ਿਫਾਰਿਸ਼ਾਂ ਅਨੁਸਾਰ ਢੁੱਕਵੇਂ ਉਪਰਾਲੇ ਕੀਤੇ ਜਾ ਸਕਣ। 

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ ਭਿੱਜੇ ਹੋਏ ਛੋਲੇ

ਉਨ੍ਹਾਂ ਇਹ ਵੀ ਕਿਹਾ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਕਈਂ ਥਾਈਂ ਗੁੱੜਤ-ਮਧਾਣਾ, ਚਿੱੜੀ ਘਾਹ ਜਾਂ ਤੱਕੜੀ ਘਾਹ ਦੀ ਸਮੱਸਿਆ ਵੀ ਹੋ ਸਕਦੀ ਹੈ। ਇਨ੍ਹਾਂ ਦੀ ਰੋਕਥਾਮ ਲਈ ਬਿਜਾਈ ਤੋਂ 20 ਦਿਨਾਂ ’ਤੇ 400 ਐੱਮ.ਐੱਲ ਰਾਈਸਸਟਾਰ 6.7 ਈ ਸੀ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਉਸ ਦੇ ਨਿਵਾਰਣ ਲਈ ਆਪਣੇ ਹਲਕੇ ਦੇ ਖੇਤੀਬਾੜੀ ਮਾਹਿਰਾਂ ਨਾਲ ਰਾਬਤਾ ਕਾਇਮ ਜ਼ਰੂਰ ਕਰਨ। ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਕਿਉਂਕਿ ਇਸ ਸਾਲ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ ਹੇਠ ਰਕਬੇ ਵਿੱਚ ਬਹੁਤ ਵਾਧਾ ਹੋਇਆ ਹੈ ਜੋ ਕਿ ਕੁੱਲ ਝੋਨੇ ਹੇਠ ਰਕਬੇ ਦਾ ਤਕਰੀਬਨ 10% ਹੈ ਅਤੇ ਕਈਂ ਕਿਸਾਨਾਂ ਨੂੰ ਇਸ ਤਕਨੀਕ ਪ੍ਰਤੀ ਪੂਰਾ ਤਜਰਬਾ ਵੀ ਨਹੀਂ ਹੈ।

ਇਸ ਲਈ ਦੇਖੋ-ਦੇਖੀ ਸਮੱਸਿਆ ਦਾ ਹੱਲ ਆਪਣੇ ਪੱਧਰ ’ਤੇ ਕਰਨ ਨਾਲੋਂ ਖੇਤੀ ਮਾਹਿਰਾਂ ਦੀ ਰਾਇ ਅਨੁਸਾਰ ਕਰਨਾ ਜ਼ਿਆਦਾ ਬੇਹਤਰ ਹੈ। ਉਨ੍ਹਾਂ ਕਿਸਾਨ ਵੀਰਾ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਦਵਾਈ, ਖਾਦ ਆਦਿ ਦੀ ਖਰੀਦ ਹਮੇਸ਼ਾਂ ਰਜਿਸਟਰਡ ਅਤੇ ਭਰੋਸੇਯੋਗ ਡੀਲਰ ਪਾਸੋਂ ਕੀਤੀ ਜਾਵੇ ਅਤੇ ਖਰੀਦ ਦਾ ਬਿੱਲ ਜਰੂਰ ਪ੍ਰਾਪਤ ਕੀਤਾ ਜਾਵੇ। 

ਡਾ.ਨਰੇਸ਼ ਗੁਲਾਟੀ
ਸੰਪਰਕ ਅਫਸਰ-ਕਮ-ਖੇਤੀਬਾੜੀ ਅਫਸਰ 
ਜਲੰਧਰ।

rajwinder kaur

This news is Content Editor rajwinder kaur