ਪੀ. ਏ. ਯੂ. ਵਿਖੇ ਪਸਾਰ ਤੇ ਖੋਜ਼ ਮਾਹਰਾਂ ਦੀ ਸਾਉਣੀ ਫ਼ਸਲਾਂ ਬਾਰੇ ਗੋਸ਼ਟੀ ਸ਼ੁਰੂ

02/28/2017 11:03:53 AM

ਲੁਧਿਆਣਾ, (ਸਲੂਜਾ)—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਾਉਣੀ ਫ਼ਸਲਾਂ ਬਾਰੇ ਪਸਾਰ ਅਤੇ ਖੋਜ ਮਾਹਿਰਾਂ ਦੀ ਦੋ ਰੋਜ਼ਾ ਵਿਚਾਰ-ਗੋਸ਼ਟੀ ਅੱਜ ਆਰੰਭ ਹੋ ਗਈ। ਇਸ ਗੋਸ਼ਟੀ ਵਿਚ ਯੂਨੀਵਰਸਿਟੀ ਦੇ ਵਿਗਿਆਨੀਆਂ, ਪਸਾਰ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਪਸਾਰ ਵਿਗਿਆਨੀਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਸਦੀਵੀ ਖੇਤੀ ਲਈ ਖਾਦਾਂ ਅਤੇ ਕੁਦਰਤੀ ਸੋਮੇ ਬਚਾਉਣ ਵਾਲੀਆਂ ਵਿਧੀਆਂ ਦੀ ਉਚਿਤ ਵਰਤੋਂ ਬਹੁਤ ਜ਼ਰੂਰੀ ਹੈ। 
ਉਨ੍ਹਾਂ ਨੇ ਖੇਤੀ ਆਮਦਨ ''ਚ ਵਾਧਾ ਕਰਨ ਲਈ ਸੰਯੁਕਤ ਖੇਤੀ ਦੀ ਮਹੱਤਤਾ ਉੱਪਰ ਵੀ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ''ਚੋਂ ਬਾਹਰ ਨਿਕਲ ਕੇ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ ਦੀ ਅਪੀਲ ਕੀਤੀ। ਡਾ. ਢਿੱਲੋਂ ਨੇ ਕਿਹਾ ਕਿ ਅਜੋਕੇ ਸਮੇਂ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਦੇ ਨਾਲ ਪੈਣ ਵਾਲੇ ਮਾਰੂ ਅਸਰ, ਪਾਣੀ ਦੀ ਸੁਚੱਜੀ ਵਰਤੋਂ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਆਦਿ ਸੰਬੰਧੀ ਜਾਗਰੂਕਤਾ ਮੁਹਿੰਮਾਂ ਵਿੱਢਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਹਾਇਕ ਕਿੱਤਿਆਂ ਵੱਲ ਵੀ ਮੁੜਨਾ ਚਾਹੀਦਾ ਹੈ। 
ਨਿਰਦੇਸ਼ਕ ਖੇਤੀਬਾੜੀ, ਪੰਜਾਬ ਡਾ. ਜੇ. ਐੱਸ. ਬੈਂਸ ਨੇ ਦੱਸਿਆ ਕਿ ਕਣਕ-ਝੋਨੇ ਅਤੇ ਕਪਾਹ ਦੀ ਰਿਕਾਰਡ ਤੋੜ ਪੈਦਾਵਾਰ ਪਿਛਲੇ ਸਾਲ ਹੋਈ ਹੈ। ਇਸ ਰਿਕਾਰਡਤੋੜ ਪੈਦਾਵਾਰ ਦੇ ਨਾਲ ਸਾਡੇ ਸਾਹਮਣੇ ਕੁਝ ਚੁਣੌਤੀਆਂ ਵੀ ਆਈਆਂ ਹਨ, ਜਿਨ੍ਹਾਂ ਨੂੰ ਅਸੀਂ ਆਪਣੇ ਸਾਂਝੇ ਉਪਰਾਲਿਆਂ ਸਦਕਾ ਹੀ ਨਜਿੱਠ ਸਕਦੇ ਹਾਂ। ਡਾ. ਬੈਂਸ ਨੇ ਜ਼ਮੀਨ ਦੇ ਘੱਟ ਰਹੇ ਉਪਜਾਊ ਪੁਣੇ, ਪਾਣੀ ਦੇ ਡਿੱਗ ਰਹੇ ਪੱਧਰ, ਵਾਤਾਵਰਣ ਪ੍ਰਦੂਸ਼ਣ ਅਤੇ ਮੌਸਮੀ ਬਦਲਾਅ ਆਦਿ ਕਈ ਚੁਣੌਤੀ ਭਰੇ ਮੁੱਦਿਆਂ ਉਪਰ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਪਾਣੀ, ਖਾਦਾਂ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਉੱਪਰ ਜ਼ੋਰ ਪਾਉਂਦਿਆਂ ਕਿਸਾਨਾਂ ਨੂੰ ਸੰਯੁਕਤ ਖੇਤੀ ਵੱਲ ਵਾਪਸ ਆਉਣ ਦੀ ਅਪੀਲ ਕੀਤੀ। 
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਐੱਮ. ਐੱਸ. ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੀਆਂ ਖੋਜਾਂ, ਡਿੱਗਦੇ ਪਾਣੀ ਦੇ ਪੱਧਰ, ਲਘੂ ਤੱਤਾਂ ਦੀ ਘਾਟ, ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧ, ਖੇਤੀ ਵਿਭਿੰਨਤਾ, ਵਾਤਾਵਰਣ ਵਿਚ ਆ ਰਹੇ ਬਦਲਾਅ, ਚੋਖਾ ਮੁਨਾਫ਼ਾ, ਸੁਰੱਖਿਅਤ ਖੇਤੀ, ਬਾਇਓ ਐਨਰਜੀ, ਖੇਤ ਮਸ਼ੀਨਰੀ ਆਦਿ ਪਹਿਲੂਆਂ ਨੂੰ ਧਿਆਨ ''ਚ ਰੱਖ ਕੇ ਕੇਂਦਰਿਤ ਕੀਤੀਆਂ ਜਾ ਰਹੀਆਂ ਹਨ। 
ਡਾ. ਗਿੱਲ ਨੇ ਕਿਹਾ ਕਿ ਸੂਖਮ ਖੇਤੀ ਸਮੇਂ ਦੀ ਮੁੱਖ ਮੰਗ ਹੈ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਬਾਸਮਤੀ ਝੋਨੇ ਅਤੇ ਗੰਨੇ ਦੀਆਂ ਵਿਕਸਤ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਕੀ ਹੋਰ ਫ਼ਸਲਾਂ ਨਰਮਾ, ਜਾਪਾਨੀ ਪੁਦੀਨਾ ਅਤੇ ਹਲਦੀ ਦੀ ਕਾਸ਼ਤ ਸੁਚੱਜੇ ਢੰਗ ਨਾਲ ਕਰਨ ਦੀ ਅਪੀਲ ਕੀਤੀ। ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਨਵੀਆਂ ਵਿਕਸਤ ਤਕਨਾਲੋਜੀਆਂ ਅਤੇ ਵਿਧੀਆਂ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ। ਇਸ ਉਪਰਾਲੇ ਲਈ ਫ਼ਸਲਾਂ ਲਈ ਲਗਾਈਆਂ ਜਾਣ ਵਾਲੀਆਂ ਗੋਸ਼ਟੀਆਂ ਅਤਿਅੰਤ ਮਹੱਤਵਪੂਰਨ ਹਨ। ਇਸ ਮੌਕੇ ਯੂਨੀਵਰਸਿਟੀ ਦੇ ਵੱਖੋ-ਵੱਖ ਵਿਭਾਗਾਂ ਵੱਲੋਂ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਦਾ ਸੰਚਾਲਨ ਡਾ. ਟੀ. ਐੱਸ. ਰਿਆੜ ਨੇ ਕੀਤਾ।