ਮੀਂਹ ਤੇ ਧੁੰਦ ਨੇ ਵਿਗਾੜਿਆ ਮੌਸਮ ਦਾ ਮਿਜਾਜ਼, ਕਿਸਾਨਾਂ ਦੇ ਖਿੜ੍ਹੇ ਚਿਹਰੇ

01/28/2017 5:43:14 PM

ਸੰਗਰੂਰ (ਵਿਵੇਕ ਸਿੰਧਵਾਨੀ)— 2 ਦਿਨ ਮੀਂਹ ਪੈਣ ਉਪਰੰਤ ਸ਼ਨੀਵਾਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਿੱਥੇ ਮੌਸਮ ਸਾਰਾ ਦਿਨ ਖਰਾਬ ਰਿਹਾ ਉਥੇ ਲੋਕ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹੋਏ। ਸੰਘਣੀ ਧੁੰਦ ਤੇ ਮੀਂਹ ਕਾਰਨ ਇਕ ਵਾਰ ਫਿਰ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪਿਆ। ਜਿਥੇ ਸਾਰਾ ਦਿਨ ਸੜਕਾਂ ''ਤੇ ਚੱਲਣ ਵਾਲੇ ਵਾਹਨਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ ਉਥੇ ਰੇਲ ਗੱਡੀਆਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਚੱਲੀਆਂ। ਖਰਾਬ ਹੋਏ ਮੌਸਮ ਦਾ ਅਸਰ ਵਿਧਾਨ ਸਭਾ ਚੋਣਾਂ ''ਤੇ ਵੀ ਪਿਆ ਕਿਉਂਕਿ ਚੋਣ ਲੜ ਰਹੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਖਰਾਬ ਮੌਸਮ ਕਾਰਨ ਵੱਧ ਤੋਂ ਵੱਧ ਵੋਟਰਾਂ ਨਾਲ ਸੰਪਰਕ ਕਰਨ ''ਚ ਸਮੱਸਿਆ ਆਈ। ਬਾਜ਼ਾਰਾਂ ''ਚ ਵੀ ਲੋਕਾਂ ਦੇ ਘੱਟ ਆਉਣ ਕਾਰਨ ਦੁਕਾਨਦਾਰਾਂ ਨੂੰ ਮੰਦੇ ਦਾ ਸਾਹਮਣਾ ਕਰਨਾ ਪਿਆ। 
ਖੇਤੀਬਾੜੀ ਅਧਿਕਾਰੀ ਡਾ. ਜਗਤਾਰ ਸਿੰਘ ਬਰਾੜ ਨੇ 2 ਦਿਨ ਪਏ ਮੀਂਹ ਤੇ ਧੁੰਦ ਨੂੰ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੇ ਆਪਣੀਆਂ ਕਣਕਾਂ ਨੂੰ ਪਾਣੀ ਲਾਉਣਾ ਸੀ ਪਰ ਮੀਂਹ ਪੈਣ ਕਾਰਨ ਜਿੱਥੇ ਪਾਣੀ ਦਾ ਫਾਇਦਾ ਹੋਇਆ ਹੈ ਉਥੇ ਇਹ ਮੀਂਹ ਕਣਕ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਵੀ ਲਾਹੇਵੰਦ ਰਿਹਾ।