ਘਰ ਬਗੀਚੀ ਦਾ ਪਰਿਵਾਰ ਦੇ ਚੰਗੇ ਪੌਸ਼ਟਿਕ ਭੋਜਨ ਲਈ ਅਹਿਮ ਯੋਗਦਾਨ

06/11/2018 6:23:34 AM

ਕਿਸਾਨ ਵੀਰੋ, ਤੁਸੀਂ ਘਰ ਬਗੀਚੀ ਬਾਰੇ ਬਹੁਤ ਸੁਣਿਆ ਹੋਵੇਗਾ ਅਤੇ ਕੁਝ ਆਪਣੇ ਘਰ ਦੇ ਆਲੇ-ਦੁਆਲੇ ਘਰ ਬਗੀਚੀ ਕਰਦੇ ਵੀ ਹੋਵੋਗੇ ਪਰ ਜੇਕਰ ਘਰ ਬਗੀਚੀ ਨੂੰ ਵਿਗਿਆਨਕ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ। ਘਰ ਬਗੀਚੀ ਦਾ ਮੁੱਖ ਉਦੇਸ਼ ਪਰਿਵਾਰ ਨੂੰ ਤਾਜ਼ਾ ਸਬਜ਼ੀਆਂ ਦੇਣਾ ਹੈ। ਘਰ ਬਗੀਚੀ ਚੰਗੀ ਸਿਹਤ ਅਤੇ ਆਰਥਿਕ ਪੱਖੋਂ ਕਿਸਾਨਾਂ ਲਈ ਬਹੁਤ ਲਾਭਦਾਇਕ ਹੈ। ਘਰ ਬਗੀਚੀ ਤੋਂ ਭਾਵ ਹੈ ਆਪਣੇ ਘਰ ਵਿਚ ਆਪਣੇ ਖਾਣ ਲਈ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਨੀ।
ਪਰਿਵਾਰ ਦਿਨੋਂ-ਦਿਨ ਵਧ ਰਹੇ ਹਨ ਅਤੇ ਕਾਸ਼ਤ ਲਈ ਜ਼ਮੀਨਾਂ ਵੀ ਘੱਟ ਰਹੀਆਂ ਹਨ। ਵਧਦੀ ਜਨਸੰਖਿਆ ਦਾ ਢਿੱਡ ਭਰਨ ਲਈ ਖੇਤੀ ਹੇਠੋਂ ਜ਼ਮੀਨ ਵੀ ਜ਼ਿਆਦਾ ਨਹੀਂ ਘਟਾਈ ਜਾ ਸਕਦੀ। ਸਬਜ਼ੀਆਂ ਦੀ ਜ਼ਿਆਦਾ ਮੰਗ ਅਤੇ ਘੱਟ ਪੈਦਾਵਾਰ ਹੋਣ ਕਾਰਨ ਸਬਜ਼ੀਆਂ ਦਾ ਮੁੱਲ ਬਾਜ਼ਾਰ ਵਿਚ ਕਾਫੀ ਜ਼ਿਆਦਾ ਹੁੰਦਾ ਹੈ, ਜਿਸ ਨਾਲ ਕਿਸਾਨ ਦੀ ਜੇਬ ਉੱਤੇ ਆਰਥਿਕ ਬੋਝ ਵਧ ਜਾਂਦਾ ਹੈ। ਹਰ ਇਕ ਵਿਅਕਤੀ ਦੇ ਵਿਕਾਸ ਲਈ ਪੌਸ਼ਟਿਕ ਭੋਜਨ ਦੀ ਰੋਜ਼ ਜ਼ਰੂਰਤ ਹੁੰਦੀ ਹੈ। ਹਰ ਮਨੁੱਖ ਨੂੰ ਔਸਤਨ ਰੋਜ਼ਾਨਾ 300 ਗ੍ਰਾਮ ਸਬਜ਼ੀ ਦਾ ਸੇਵਨ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਇਨ੍ਹਾਂ ਤੋਂ ਪ੍ਰੋਟੀਨ, ਕਾਰਬੋਹਾਈਡ੍ਰੇਟ ਆਦਿ ਜ਼ਰੂਰੀ ਤੱਤ ਮਨੁੱਖ ਨੂੰ ਸਿੱਧੇ ਤੌਰ 'ਤੇ ਮਿਲਦੇ ਹਨ। ਬਾਜ਼ਾਰ ਵਿਚ ਸਬਜ਼ੀਆਂ ਜ਼ਿਆਦਾਤਰ ਮਹਿੰਗੀਆਂ ਹੁੰਦੀਆਂ ਹਨ। ਸਬਜ਼ੀਆਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਪਰ ਅੱਜਕਲ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਲੋੜ ਨਾਲੋਂ ਵੱਧ ਵਰਤੋਂ ਕਰਕੇ ਇਹ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਰਹੀਆਂ ਹਨ, ਜਿਸ ਕਾਰਨ ਘਰ ਬਗੀਚੀ ਦੀ ਮਹੱਤਤਾ ਹੋਰ ਵਧ ਜਾਂਦੀ ਹੈ।
ਘਰ ਬਗੀਚੀ ਘਰ ਦੇ ਨੇੜੇ ਉਹ ਜਗ੍ਹਾ ਹੁੰਦੀ ਹੈ, ਜਿਥੇ ਅਸੀਂ ਪਰਿਵਾਰ ਦੀ ਲੋੜ ਅਨੁਸਾਰ ਸਬਜ਼ੀਆਂ ਦੀ ਸਾਰਾ ਸਾਲ ਕਾਸ਼ਤ ਕਰ ਸਕਦੇ ਹਾਂ। ਜ਼ਿਆਦਾਤਰ ਇਹ ਘਰ ਦੇ ਨਾਲ ਲੱਗਦੀ ਜਗ੍ਹਾ ਵਿਚ ਹੁੰਦੀ ਹੈ। ਘਰ ਬਗੀਚੀ ਹੇਠ ਜਗ੍ਹਾ ਲਿਆਉਣ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜ਼ਮੀਨ ਦੀ ਸਿਹਤ ਠੀਕ ਹੋਵੇ, ਕਿਸੇ ਪ੍ਰਕਾਰ ਦੇ ਨਿਮਾਟੋਡ ਦਾ ਕੋਈ ਹਮਲਾ ਨਾ ਹੋਵੇ, ਪਾਣੀ ਦੀ ਉਪਲੱਬਧਤਾ ਹੋਵੇ ਅਤੇ ਸੂਰਜ ਦੀ ਰੌਸ਼ਨੀ ਪੂਰਨ ਤੌਰ ਉੱਤੇ ਪੈਂਦੀ ਹੋਵੇ।
ਘਰ ਬਗੀਚੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੀ ਮਾਡਲ ਦਿੱਤਾ ਗਿਆ ਹੈ, ਜਿਸ ਵਿਚ ਲੱਗਭਗ 1.4 ਮਰਲੇ ਜ਼ਮੀਨ ਵਿਚ ਸਾਰਾ ਸਾਲ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਜੋ ਕਿ 4-5 ਜੀਆਂ ਦੇ ਪਰਿਵਾਰ ਲਈ ਕਾਫੀ ਹੁੰਦੀ ਹੈ।
ਘਰ ਬਗੀਚੀ ਲਈ ਸਬਜ਼ੀਆਂ ਦੀ ਚੋਣ : ਘਰ ਬਗੀਚੀ ਲਈ ਸਬਜ਼ੀਆਂ ਦੀ ਕਿਸਮ ਦੀ ਚੋਣ ਅਤੇ ਉਨ੍ਹਾਂ ਲਈ ਉਚਿਤ ਜਗ੍ਹਾ ਦੀ ਚੋਣ ਬਹੁਤ ਮਹੱਤਵਪੂਰਨ ਹੈ। ਟਮਾਟਰ, ਬੈਂਗਣ, ਭਿੰਡੀ ਨੂੰ ਉਥੇ ਬੀਜੋ, ਜਿਥੇ ਜ਼ਿਆਦਾ ਧੁੱਪ ਪੈਂਦੀ ਹੋਵੇ। ਵੇਲਦਾਰ ਸਬਜ਼ੀਆਂ ਜਿਵੇਂ ਘੀਆ, ਤੋਰੀਆਂ, ਖੀਰਾ ਆਦਿ ਨੂੰ ਕਿਸੇ ਸਹਾਰੇ ਨਾਲ ਜਾਂ ਦਰੱਖਤ 'ਤੇ ਚੜ੍ਹਾਇਆ ਜਾ ਸਕਦਾ ਹੈ। ਇਨ੍ਹਾਂ ਸਬਜ਼ੀਆਂ ਨੂੰ ਛਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਘਰ ਦੇ ਨੇੜੇ ਦਰੱਖਤਾਂ ਦੀ ਛਾਂ ਹੇਠ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਦਾਰ ਬੂਟੇ ਜਿਵੇਂ ਅਮਰੂਦ, ਪਪੀਤਾ, ਲੀਚੀ, ਨਿੰਬੂ ਅਤੇ ਅੰਬ ਆਦਿ ਵੀ ਘਰ ਬਗੀਚੀ ਵਿਚ ਲਗਾਏ ਜਾ ਸਕਦੇ ਹਨ।
ਧਿਆਨ ਦੇਣ ਯੋਗ ਮੁੱਖ ਗੱਲਾਂ :
* ਘਰ ਬਗੀਚੀ ਛਾਂ ਵਾਲੀ ਜਗ੍ਹਾ ਤੋਂ ਦੂਰ ਬਣਾਉਣੀ ਚਾਹੀਦੀ ਹੈ।
* ਸਬਜ਼ੀਆਂ ਦੀ ਚੋਣ ਘਰ ਦੀ ਪੂਰੇ ਸਾਲ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ।
* ਘਰ ਬਗੀਚੀ ਲਈ ਖਰਚਾ ਘੱਟ ਤੋਂ ਘੱਟ ਆਵੇ।
* ਜੇ ਹੋ ਸਕੇ ਤਾਂ ਕੁਦਰਤੀ ਤੌਰ 'ਤੇ ਹੀ ਘਰ ਬਗੀਚੀ ਮਾਡਲ ਬਣਾਓ।
* ਜਗ੍ਹਾ ਦਾ ਵੱਧ ਤੋਂ ਵੱਧ ਸਹੀ ਉਪਯੋਗ ਕਰਨਾ ਚਾਹੀਦਾ ਹੈ ਤਾਂ ਜੋ ਜਗ੍ਹਾ ਖਾਲੀ ਨਾ ਰਹੇ ਅਤੇ ਵੱਧ ਤੋਂ ਵੱਧ ਸਬਜ਼ੀਆਂ ਲਾਈਆਂ ਜਾ ਸਕਣ।
* ਵੱਟਾਂ ਉੱਤੇ ਗਾਜਰ, ਮੂਲੀ ਅਤੇ ਪੱਤੇਦਾਰ ਸਬਜ਼ੀਆਂ ਦੀ ਬੀਜਾਈ ਕਰਨੀ ਚਾਹੀਦੀ ਹੈ।
* ਕੰਧ ਜਾਂ ਵਾੜ ਦੇ ਸਹਾਰੇ ਵੇਲ ਵਾਲੀਆਂ ਸਬਜ਼ੀਆਂ ਲਗਾਈਆਂ ਜਾ ਸਕਦੀਆਂ ਹਨ।
ਘਰ ਬਗੀਚੀ ਕਰਨ ਦੇ ਲਾਭ :
* ਘਰ ਦੇ ਆਸ-ਪਾਸ ਖਾਲੀ ਥਾਂ ਦੀ ਸਹੀ ਵਰਤੋਂ ਹੁੰਦੀ ਹੈ।
* ਪੂਰੇ ਸਾਲ ਲਈ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਪੂਰਤੀ ਕੀਤੀ ਜਾ ਸਕਦੀ ਹੈ।
* ਪਰਿਵਾਰ ਨੂੰ ਚੰਗਾ ਅਤੇ ਸੰਤੁਲਿਤ ਪੋਸ਼ਣ ਮਿਲਦਾ ਹੈ।
* ਘਰ ਵਿਚ ਬੀਜੀਆਂ ਸਬਜ਼ੀਆਂ ਬਾਜ਼ਾਰ ਨਾਲੋਂ ਜ਼ਿਆਦਾ ਸੁਆਦ ਬਣਦੀਆਂ ਹਨ।
* ਰਸੋਈ ਘਰ ਦੀ ਰਹਿੰਦ-ਖੂੰਹਦ ਅਤੇ ਛਿਲਕਿਆਂ ਆਦਿ ਦੀ ਕੰਪੋਸਟ ਬਣਾ ਕੇ ਉਸ ਨੂੰ ਘਰ ਬਗੀਚੀ ਵਿਚ ਖਾਦ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।
* ਰਸੋਈ ਦੇ ਫਿਲਟਰ ਦੇ ਵਾਧੂ ਪਾਣੀ ਜਾਂ ਹੋਰ ਵਾਧੂ ਪਾਣੀ ਨੂੰ ਘਰ ਬਗੀਚੀ ਵਿਚ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ।
* ਵਾਧੂ ਸਮੇਂ ਦਾ ਸਦ-ਉਪਯੋਗ ਕਰਨ ਦਾ ਇਹ ਇਕ ਵਧੀਆ ਸਾਧਨ ਹੈ।
* ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਵੀ ਸਹਾਈ ਹੁੰਦੀ ਹੈ।
ਸੋ ਉਪਰੋਕਤ ਨੁਕਤੇ ਅਪਣਾ ਕੇ ਅਸੀਂ ਥੋੜ੍ਹੀ ਥਾਂ ਵਿਚ ਹੀ ਪਰਿਵਾਰ ਲਈ ਜ਼ਰੂਰੀ ਸਬਜ਼ੀਆਂ ਪੈਦਾ ਕਰ ਸਕਦੇ ਹਾਂ, ਜਿਸ ਦੇ ਨਾਲ ਸਾਡਾ ਰੋਜ਼ ਦਾ ਖਰਚਾ ਵੀ ਘਟਦਾ ਹੈ ਅਤੇ ਪਰਿਵਾਰ ਨੂੰ ਪੌਸ਼ਟਿਕ ਭੋਜਨ ਵੀ ਮਿਲਦਾ ਹੈ।
—ਪ੍ਰਕਾਸ਼ ਮਹਲਾ, ਪਰਮਿੰਦਰ ਸਿੰਘ ਸੰਧੂ ਅਤੇ ਮਨਮੋਹਨਜੀਤ ਸਿੰਘ,
ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ