ਸਮੂਹ ਕਸਟਮ ਹਾਇਰਿੰਗ ਸੈਟਰ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣ ਮਸ਼ੀਨਾਂ

10/05/2020 6:46:07 PM

ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਧੀਨ ਸੂਬੇ ਦੇ ਸਮੂਹ ਮਸ਼ੀਨਰੀ ਸੇਵਾ ਕੇਦਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਛੋਟੇ ਅਤੇ ਸੀਮਾਂਤ ਕਿਸਾਨਾਂ ਪਾਸੋਂ ਮਸ਼ੀਨ ਦਾ ਕਿਰਾਇਆ ਨਾ ਵਸੂਲਦੇ ਹੋਏ ਅਜਿਹੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਮਦਦ ਕਰਨ। ਇਸ ਗੱਲ ਦੀ ਜਾਣਕਾਰੀ ਇੰਜ: ਮਨਮੋਹਣ ਕਾਲੀਆ, ਸੰਯੁਕਤ ਡਾਇਰੈਕਟਰ ਖੇਤੀਬਾੜੀ ਕਮ ਨੋਡਲ ਅਫਸਰ ਕਰਾਪ ਰੈਜੀਡਿਊ ਮੈਨੇਜਮੈਂਟ ਪੰਜਾਬ ਨੇ ਜ਼ਿਲ੍ਹਾ ਜਲੰਧਰ ਅਧੀਨ ਕੰਮ ਕਰ ਰਹੇ ਸਮੂਹ ਕਸਟਮ ਹਾਇਰਿੰਗ ਸੈਟਰਾਂ ਦੇ ਨੁੰਮਾਇਦਿਆਂ ਨੂੰ ਵੈਬੀਨਾਰ ਰਾਹੀਂ ਸੰਬੋਧਨ ਕਰਦਿਆ ਆਖੀ।

ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਦਫਤਰ ਵੱਲੋਂ ਕੀਤੇ ਇਸ ਵੈਬੀਨਾਰ ਵਿੱਚ ਜ਼ਿਲ੍ਹੇ ਦੇ ਸਮੂਹ 750 ਕਸਟਮ ਹਾਇਰਿੰਗ ਸੈਟਰਾਂ ਨੂੰ ਸੰਬੋਧਨ ਕਰਨ ਦਾ ਉਪਰਾਲਾ ਕੀਤਾ ਗਿਆ ਸੀ। ਜਿਸ ਵਿੱਚ ਦੋ ਪੜਾਵਾਂ ਤਹਿਤ ਜਲੰਧਰ ਜ਼ਿਲ੍ਹੇ ਦੇ ਉੱਤਰੀ ਭਾਗ ਅਧੀਨ ਆਉਂਦੇ ਪੰਜ ਬਲਾਕਾਂ ਨੂੰ ਮਿਤੀ: 03 ਅਕਤੂਬਰ ਅਤੇ ਰਹਿੰਦੇ ਦੱਖਣ ਬਲਾਕਾਂ ਨੂੰ ਅੱਜ ਵੈਬੀਨਾਰ ਰਾਹੀਂ ਜਾਗਰੂਕ ਕੀਤਾ ਗਿਆ। ਇਨ੍ਹਾਂ ਵੈਬੀਨਾਰਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ: ਕੁਲਦੀਪ ਸਿੰਘ ਪੰਧੂ, ਜ਼ਿਲ੍ਹਾ ਪ੍ਰਸਾਰ ਮਾਹਿਰ ਡਾ: ਮਨਿੰਦਰ ਸਿੰਘ ਜ਼ਿਲ੍ਹਾ ਮੈਨੇਜਰ ਨਾਬਾਰਡ ਮੈਡਮ ਸਵਿਤਾ ਸਿੰਘ ਤੋਂ ਇਲਾਵਾ ਇੰਜੀਨੀਅਰ ਨਵਦੀਪ ਸਿੰਘ ਨੇ ਸੰਬੋਧਨ ਕੀਤਾ।

ਇੰਜ: ਮਨਮੋਹਣ ਕਾਲੀਆ ਨੇ ਸਰਕਾਰ ਵੱਲੋ ਜਾਰੀ ਇੰਨਫਰਾਸਟਰਕਚਰ ਫੰਡਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਹੂਲਤ ਨਾਲ ਵੱਖ-ਵੱਖ ਮਸ਼ੀਨਰੀ ਸੇਵਾ ਕੇਂਦਰ ਹੋਰ ਮਸ਼ੀਨਰੀ ਪ੍ਰਾਪਤ ਕਰਨ ਲਈ ਬੈਂਕਾਂ ਪਾਸੋ ਕਰਜਾ ਵੀ ਲੈ ਸਕਦੇ ਹਨ। ਸਰਕਾਰੀ ਸਹੂਲਤ ਅਨੁਸਾਰ ਅਜਿਹੇ ਉਦੱਮੀ ਕਿਸਾਨਾਂ ਨੂੰ 3 ਫੀਸਦੀ ਆਮ ਵਿਆਜ ਨਾਲੋਂ ਘੱਟ ਵਿਆਜ ਦਾ ਫਾਇਦਾ ਉੱਠਾ ਸਕਦੇ ਹਨ।

ਵੈਬੀਨਰਾਂ ਵਿੱਚ ਵੱਖ-ਵੱਖ ਮਸ਼ੀਨਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕਿਰਾਏ ਦੀ ਐਡਵਾਇਜ਼ਰੀ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੈਪੀਸੀਡਰ ਟਰੈਕਟਰ ਅਤੇ ਆਪਰੇਟਰ ਸਮੇਤ 1300 ਰੁਪਏ ਪ੍ਰਤੀ ਏਕੜ, 2 ਬੋਟਮ ਆਰ.ਐੱਮ.ਬੀ.ਪਲੋਅ ਲਈ ਸਮੇਤ ਟਰੈਕਟਰ ਅਤੇ ਆਪਰੇਟਰ 1200 ਰੁਪਏ ਪ੍ਰਤੀ ਏਕੜ, 3 ਬੋਟਮ ਲਈ 1500 ਪ੍ਰਤੀ ਏਕੜ, ਐੱਸ.ਐੱਮ.ਐੱਸ ਵਾਲੀ ਕੰਬਾਈਨ ਲਈ ਦੂਜੀ ਕੰਬਾਈਨ ਨਾਲੋਂ 300-500 ਰੁਪੈ ਪ੍ਰਤੀ ਏਕੜ ਵੱਧ ਅਤੇ ਸੁਪਰ ਸੀਡਰ ਮਸ਼ੀਨ ਟਰੈਕਟਰ ਅਤੇ ਆਪਰੇਟਰ ਸਮੇਤ ਰੁਪਏ 1600-2000 ਪ੍ਰਤੀ ਏਕੜ ਮਸ਼ੀਨਰੀ ਸੇਵਾ ਸੈਟਰਾਂ ਨੂੰ ਕਿਸਾਨ ਪਾਸੋ ਪ੍ਰਾਪਤ ਕਰਨੇ ਚਾਹੀਦੇ ਹਨ। ਇਸ ਮੌਕੇ ਵੈਬੀਨਾਰ ਰਾਹੀਂ ਜੁੜੇ ਮਸ਼ੀਨਰੀ ਸੇਵਾ ਕੇਂਦਰਾਂ ਵੱਲੋਂ ਸਵਾਲ ਕੀਤੇ ਗਏ ਅਤੇ ਸੁਝਾਅ ਵੀ ਦਿੱਤੇ ਗਏ। ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਕੇ ਜਿਲ੍ਹੇ ਵਿੱਚ ਤਕਰੀਬਨ 13000 ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲੋ 15000 ਹੈਕਟੇਅਰ ਰਕਬੇ ’ਤੇ ਖੇਤੀ ਕੀਤੀ ਜਾ ਰਹੀਂ ਹੈ।

ਉਨ੍ਹਾਂ ਇਸ ਮੌਕੇ ਜਿੱਥੇ ਸਮੂਹ ਮਸ਼ੀਨਰੀ ਸੇਵਾ ਕੇਂਦਰਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੇ ਅਪੀਲ ਕੀਤੀ ’ਤੇ ਕਿਹਾ ਕੇ ਲੋੜਵੰਦ ਅਤੇ ਛੋਟੇ ਕਿਸਾਨਾਂ ਨੂੰ ਵੱਖ-ਵੱਖ ਪਰਾਲੀ ਸੰਭਾਲ ਲਈ ਮਸ਼ੀਨਾਂ ਖੁੱਲਦਿਲੀ ਨਾਲ ਮੁਹੱਈਆ ਕੀਤੀਆ ਜਾਣ ਤਾਂ ਜੋ ਜ਼ਿਲ੍ਹਾਂ ਜਲੰਧਰ ਵਿੱਚ ਜ਼ੀਰੋ ਬਰਨਿੰਗ ਦੇ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕੇ। ਉਨ੍ਹਾਂ ਵੈਬੀਨਾਰ ਵਿੱਚ ਸ਼ਾਮਲ ਖੇਤੀਬਾੜੀ ਯੂਨੀਵਰਸਿਟੀ, ਨਾਬਾਰਡ ਅਤੇ ਕਿਸਾਨਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਇੰਜ: ਮਨਮੋਹਣ ਕਾਲੀਆ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ।

ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ।

rajwinder kaur

This news is Content Editor rajwinder kaur