ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਲੱਗਭਗ 60 ਕਿਸਾਨ ਹੋਏ ਸ਼ਾਮਲ

07/27/2016 4:24:25 PM

ਕੋਟਕਪੂਰਾ (ਨਰਿੰਦਰ)—ਡਾ.ਬਲਜਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਦੀ ਅਗਵਾਈ ਹੇਠ ਕਿਸਾਨ ਜਾਗ੍ਰਿਤੀ ਮੁਹਿੰਮ ਤਹਿਤ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਇੱਕ ਕੈਂਪ ਲਗਾਇਆ ਗਿਆ, ਜਿਸ ''ਚ 60 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਡਾ. ਕਰਨਜੀਤ ਸਿੰਘ ਗਿੱਲ ਬਲਾਕ ਖੇਤੀਬਾੜੀ ਅਫ਼ਸਰ ਕੋਟਕਪੂਰਾ ਵਲੋਂ ਕਿਸਾਨਾਂ ਨੂੰ ਜ਼ਹਿਰਾਂ ਦੀ ਵਰਤੋਂ ਸਿਫਾਰਿਸ਼ ''ਤੇ ਕਰਨ, ਖੇਤੀ ਸਾਹਿਤ ਪੜ੍ਹਨ, ਆਪਣੇ ਖੇਤੀ ਲਾਗਤ ਖਰਚੇ ਘਟਾਉਣ ਅਤੇ ਕਿਸੇ ਮੁਸ਼ਕਿਲ ਸਮੇਂ ਖੇਤੀ ਮਾਹਿਰ ਨਾਲ ਸੰਪਰਕ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦਾ 1.5 ਪ੍ਰਤੀਸ਼ਤ ਰਕਬਾ ਹੈ, ਪ੍ਰੰਤੂ ਇੱਥੇ ਜ਼ਹਿਰਾਂ ਦੀ ਵਰਤੋਂ ਭਾਰਤ ਦੀ ਕੁੱਲ ਵਰਤੋਂ ਦਾ 18 ਪ੍ਰਤੀਸ਼ਤ ਹੋ ਰਹੀ ਹੈ, ਜਿਸ ਕਾਰਨ ਪੰਜਾਬ ਦੀਆਂ ਜ਼ਮੀਨਾਂ, ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਬੀਮਾਰੀਆਂ ਫ਼ੈਲ ਰਹੀਆਂ ਹਨ। ਇਸ ਮੌਕੇ ਡਾ. ਸੁਰਜੀਤ ਸਿੰਘ ਸੰਧੂ ਏ. ਡੀ. ਓ. ਸਰਾਵਾਂ ਨੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਨਰਮੇ ਅਤੇ ਨਿੰਮ ਤੋਂ ਬਣੀ ਦਵਾਈ ਅਜੈਡੀਰੈਕਟਿਨ ਇੱਕ ਲੀਟਰ ਪ੍ਰਤੀ ਏਕੜ ਸਪਰੇ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਜੇਕਰ ਚਿੱਟੀ ਮੱਖੀ ਵਧਦੀ ਹੈ ਤਾਂ ਈਥਿਆਨ 800 ਮਿ.ਲੀ. ਜਾਂ ਟਰਾਈਜੋਫਾਸ 600 ਮਿ.ਲੀ ਪ੍ਰਤੀ ਏਕੜ ਦੀ ਸਪਰੇ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਝੋਨੇ ਵਿੱਚ ਜ਼ਹਿਰਾਂ ਵਰਤਣ ਤੋਂ ਗੁਰੇਜ਼ ਕਰਨ ਅਤੇ ਕੀੜਿਆਂ ਤੋਂ ਰੋਕਥਾਮ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਬੂਟਾ ਰਾਮ  ਫੀਲਡ ਵਰਕਰ, ਸੁਖਜਿੰਦਰ ਸਿੰਘ ਸਕਾਊਟ, ਮਨਜੀਤ ਸਿੰਘ, ਹਰਵਿੰਦਰ ਸਿੰਘ, ਸਤਨਾਮ ਸਿੰਘ, ਸੁਖਮੰਦਰ ਸਿੰਘ, ਬਲੌਰ ਸਿੰਘ, ਗੁਰਜੰਟ ਸਿੰਘ, ਪਰਮਜੀਤ ਕੌਰ ਅਤੇ ਗੁਰਪਾਲ ਸਿੰਘ ਮੱਤਾ ਵੀ ਹਾਜ਼ਰ ਸਨ।