ਕਣਕ ਦੀ ਫਸਲ ''ਤੇ ਚਿੱਟੇ ਤੇ ਕਾਲੇ ਤੇਲੇ ਦਾ ਹਮਲਾ, ਕਿਸਾਨਾ ਨੇ ਵਿਭਾਗ ਤੋਂ ਫ੍ਰੀ ਸਪ੍ਰੇਅ ਦੀ ਕੀਤੀ ਮੰਗ

02/21/2017 4:02:00 PM

ਜਲਾਲਾਬਾਦ (ਬੰਟੀ)- ਕਣਕ ਦੀ ਫਸਲ ''ਤੇ ਕਾਲੇ-ਚਿੱਟੇ ਤੇਲੇ ਦੇ ਹਮਲੇ ਤੋਂ ਕਿਸਾਨਾਂ ਦੇ ਚਿਹਰੇ ''ਤੇ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਹੈ, ਜਲਾਲਾਬਾਦ ਹਲਕਾ ਬਾਰਡਰ ਏਰੀਆ ਹੋਣ ਕਰਕੇ ਕਿਸਾਨਾਂ ਨੂੰ ਕਦੀ ਤਾਂ ਦਰਿਆ ਦੇ ਪਾਣੀ ਕਾਰਨ ਫਸਲਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ ਤੇ ਕਦੀ ਬਿਜਲੀ ਦੀ ਕਮੀ ਤੇ ਉਤੋਂ ਮਹਿੰਗੀਆਂ-2 ਸਪ੍ਰੇਆਂ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਕਣਕ ਦੀ ਫਸਲ ਨੂੰ ਚਿੱਟੇ ਤੇ ਕਾਲੇ ਤੇਲੇ ਦੀ ਮਾਰ ਝੱਲਣੀ ਪੈ ਰਹੀ ਹੈ। ਜਲਾਲਾਬਾਦ ਦੇ ਨਜ਼ਦੀਕੀ ਪਿੰਡ ਰੁਮ ਵਾਲਾ ਦੇ ਕਿਸਾਨ ਪਵਨ ਕੰਬੋਜ ਤੇ ਮੁੰਛੀ ਰਾਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਹੁਕਮ ਕਰ ਰਹੀ ਹੈ ਕਿ ਸਪ੍ਰੇਅ ਦੀ ਘੱਟ ਵਰਤੋਂ ਕਰੋ, ਪਰ ਇਸ ਬਿਮਾਰੀ ਦੇ ਚਲਦਿਆਂ ਕਿਸਾਨਾਂ ਨੂੰ ਸਪ੍ਰੇਅ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਕਾਰਨ ਫਸਲ ਦੇ ਸਿੱਟੇ ਵੀ ਕਮਜ਼ੋਰ ਹੋ ਜਾਂਦੇ ਹਨ ਤੇ ਝਾੜ ''ਤੇ ਵੀ ਕਾਫੀ ਫਰਕ ਪਏਗਾ। ਉਨ੍ਹਾਂ ਕਿਹਾ ਕਿ ਕਿੱਥੇ ਪ੍ਰਤੀ ਏਕੜ 55 ਮਣ ਦੇ ਕਰੀਬ ਫਸਲ ਹੁੰਦੀ ਸੀ ਪਰ ਬਿਮਾਰੀ ਦੇ ਚਲਦਿਆਂ ਪ੍ਰਤੀ ਏਕੜ 35 ਤੋਂ 40 ਮਣ ਬੜੀ ਮੁਸ਼ਕਲ ਨਾਲ ਹੋਵੇਗੀ, ਜਿਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਨੇ ਸਬੰਧਤ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਇਸ ਬਿਮਾਰੀ ਲਈ ਉਨ੍ਹਾਂ ਨੂੰ ਫ੍ਰੀ ਸਪ੍ਰੇਅ ਦਿੱਤੀ ਜਾਵੇ ਤੇ ਫਸਲ ਦਾ ਝਾੜ ਘੱਟਣ ''ਤੇ ਮੁਆਵਜ਼ਾ ਦਿੱਤਾ ਜਾਵੇ। 
ਜਿਕਰਯੋਗ ਹੈ ਕਿ ਕਿਸਾਨਾਂ ਦਾ ਕਹਿਣਾ ਸੀ ਕਿ ਸਬੰਧਤ ਵਿਭਾਗ ਬੀਤੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਪਿੰਡ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਹੀ ਆਇਆ।
ਇਸ ਸਬੰਧੀ ਜਦ ਖੇਤੀਬਾੜੀ ਦੇ ਅਫਸਰ ਸਰਵਨ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਬਿਮਾਰੀ ਕਣਕ ਨੂੰ ਨਹੀ ਲੱਗੀ ਹੈ ਤੇ ਕਿਸਾਨ ਆਪਣੀ ਫਸਲ ਦਾ ਸਰਵੇਖਣ ਕਰਾਏ ਬਿਨ੍ਹਾਂ ਧੜਾ-ਧੜ ਸਪ੍ਰੈਆਂ ਨਾ ਕਰਨ ਤੇ ਜੇ ਉਨ੍ਹਾਂ ਦੀ ਫਸਲ ''ਚ ਜੇ ਤੇਲੇ ਦਾ ਪ੍ਰਤੀ ਬੂਟਾ 5 ਤੋਂ ਵੱਧ ਹਨ ਤਾਂ ਉਹ ਸਲਾਹ ਲੇ ਕੇ ਸਪ੍ਰੈਅ ਕਰ ਸਕਦੈ ਹਨ, ਅੰਤ ''ਚ ਉਨ੍ਹਾਂ ਕੋਲੋਂ ਪਿਛਲੇ ਲੰਮੇਂ ਸਮੇਂ ਤੋਂ ਜਾਗਰੂਕ ਕੈਂਪ ਨਾ ਲਗਾਏ ਜਾਣ ''ਤੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਚੋਣਾ ਚੱਲ ਰਹੀਆਂ ਸਨ ਤੇ ਬਲਾਕ ਦਾ ਏਰੀਆ ਵੀ ਵੱਢਾ ਹੋਣ ਕਾਰਨ ਕਈ ਵਾਰ ਸਾਰੇ ਪਿੰਡਾਂ ''ਚ ਨਹੀ ਪਹੁੰਚਿਆ ਜਾਂਦਾ, ਬਾਕੀ ਲਗਾਤਾਰ ਉਨ੍ਹਾਂ ਵਲੋਂ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ।