ਕਿਸਾਨਾਂ ਨੂੰ ਟੀਕਾਕਰਨ ਮੁਹਿੰਮ ਨਾਲ ਜੋੜਨ ਲਈ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਵਿਸ਼ੇਸ਼ ਮੀਟਿੰਗ

01/27/2022 8:48:40 PM

ਡਿਪਟੀ ਕਮਿਸ਼ਨਰ ਜਲੰਧਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵੱਲੋਂ ਪਿੰਡਾ ਵਿੱਚ ਟੀਕਾਕਰਨ ਮੁਹਿੰਮ ਵਿੱਚ ਕਿਸਾਨਾਂ ਨੂੰ ਜੋੜਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵੱਲੋਂ ਜ਼ਿਲ੍ਹਾ ਭਰ ਦੇ ਸਮੂਹ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਜਾਗਰੂਕਤਾ ਕੈਂਪਾਂ, ਵਟਸਐਪ ਗਰੁੱਪਾਂ ਅਤੇ ਨਿੱਜੀ ਤੌਰ ’ਤੇ ਟੀਕਾਕਰਨ ਲਈ ਪ੍ਰੇਰਿਤ ਕਰਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਏ ਜਾ ਰਹੇ ਵਿਸ਼ੇਸ਼ ਟੀਕਾਕਰਨ ਕੈਂਪਾਂ ਵਿੱਚ ਕਿਸਾਨਾਂ ਨੂੰ ਸ਼ਾਮਲ ਕਰਨ ਲਈ ਉਪਰਾਲੇ ਕਰਨ। 

ਡਾ.ਸਿੰਘ ਨੇ ਹਾਜ਼ਿਰ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਭਰ ਵਿੱਚ ਖਾਦ, ਬੀਜ਼ ਅਤੇ ਦਵਾਈਆਂ ਦੇ ਵਿਕਰੇਤਾਵਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਦੱਸਣ ਕਿ ਇਸ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਮੀਟਿੰਗ ਦੌਰਾਨ ਟੀਕਾਕਰਨ ਲਈ ਵਿਸ਼ੇਸ਼ ਉਦਮਾਂ ਦੇ ਨਾਲ-ਨਾਲ ਵਿਭਾਗ ਵੱਲੋਂ ਕੀਤੇ ਜਾ ਰਹੇ ਕਿਸਾਨ ਹਿੱਤੂ ਉਪਰਾਲੀਆਂ ਬਾਰੇ ਚਰਚਾ ਕੀਤੀ ਗਈ। ਡਾ.ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਇਲੈਕਸ਼ਨਾਂ ਦੇ ਮੱਦੇਨਜ਼ਰ ਜ਼ਿਲ੍ਹਾ ਭਰ ਵਿੱਚ ਇੱਨਪੁੱਟਸ ਦੀ ਸਪਲਾਈ ’ਤੇ ਨਜ਼ਰ ਰੱਖਣ ਬਾਰੇ ਕਿਹਾ ਅਤੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਉਪਰਾਲੇ ਕਰਨੇ ਯਕੀਨੀ ਬਣਾਉਣ ਦੀ ਹਦਾਇਤ ਕੀਤੀ। 

ਉਨ੍ਹਾਂ ਕਿਹਾ ਕਿ ਕਿਸੇ ਕਿਸਾਨ ਨੂੰ ਖਾਦ ਵਾਜਿਬ ਰੇਟ ’ਤੇ ਮੁੱਹਇਆ ਹੋਣ ਦੇ ਨਾਲ-ਨਾਲ ਕਿਸੇ ਹੋਰ ਜਬਰੀ ਹੋਰ ਕਿਸੇ ਸ਼ੈ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ। ਇਸ ਸੰਦਰਭ ਵਿੱਚ ਸਮੁੱਚੇ ਜ਼ਿਲ੍ਹੇ ਵਿੱਚ ਪੂਰੀ ਚੌਕਸੀ ਰੱਖਦੇ ਹੋਏ ਲੋੜ ਪੈਣ ਅਤੇ ਜਿੱਥੇ ਐਕਟ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇ, ਉੱਥੇ ਕਿਸਾਨਾਂ ਨੂੰ ਇਨ੍ਹਾਂ ਵਸਤਾਂ ਦੀ ਸ਼ਿਫਾਰਿਸ਼ਾਂ ਅਨੁਸਾਰ ਵਰਤੋਂ ਕਰਨ ਦੇ ਨਾਲ ਇਨ੍ਹਾਂ ਦੀ ਖਰੀਦ ਬਕਾਇਦਾ ਬਿੱਲ ਰਾਹੀਂ ਕਰਨ ਲਈ ਪ੍ਰੇਰਿਆ ਜਾਵੇ। 

ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਯੂਰੀਆ ਖਾਦ ਦੀ ਸਿਫਾਰਿਸ਼ਾਂ ਅਨੁਸਾਰ ਵਰਤੋਂ ਕਰਨ ਲਈ ਪ੍ਰੇਰਦੇ ਹੋਏ ਕਣਕ ਦੀ ਫ਼ਸਲ ’ਤੇ ਪੀਲੀ ਕੁੰਗੀ ਦੀ ਰੋਕਥਾਮ ਅਤੇ ਹਮਲੇ ਪ੍ਰਤੀ ਸਰਵੈਲੇਂਸ ਅਤੇ ਮੌਨੀਟਰਿੰਗ ਕਰਦੇ ਹੋਏ ਮੁਹਿੰਮ ਚਲਾਈ ਜਾਵੇ। ਮੀਟਿੰਗ ਵਿੱਚ ਖੇਤੀਬਾੜੀ ਅਫ਼ਸਰ ਡਾ.ਨਰੇਸ਼ ਕੁਮਾਰ ਗੁਲਾਟੀ, ਡਾ.ਗੁਰਮੀਤ ਸਿੰਘ ਰਿਆੜ, ਡਾ. ਹਰਪ੍ਰੀਤ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ.ਗੁਰਿੰਦਰਜੀਤ ਸਿੰਘ, ਡਾ.ਸੁਰਜੀਤ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਹਾਜ਼ਰ ਸਨ। 


ਡਾ.ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।

rajwinder kaur

This news is Content Editor rajwinder kaur