ਕਿਸਾਨਾਂ ਦੀ ਝੋਨੇ ਦੀ ਫਸਲ ਔੜ ਦੀ ਮਾਰ ਹੇਠ ਕਿਸਾਨ ਹੋਏ ਚਿੰਤਤ

08/24/2016 3:28:03 PM

ਜੈਂਤੀਪੁਰ (ਹਰਬੰਸ)- ਕਿਸਾਨਾਂ ਲਈ ਸਾਉਣੀ ਦੀ ਝੋਨਾ ਹੀ ਮੁੱਖ ਫਸਲ ਮੰਨੀ ਜਾਂਦੀ ਹੈ, ਜੋ ਕਿ ਇਹ ਫਸਲ ਖਾਸ ਕਰਕੇ ਕੁਦਰਤ ਅਤੇ ਸਰਕਾਰਾਂ ''ਤੇ ਹੀ ਨਿਰਭਰ ਕਰਦੀ ਹੈ। ਕੁਦਰਤ ਦੀ ਕਰੋਪੀ ਤੋਂ ਬਚੀ ਫਸਲ ਕਈ ਵਾਰ ਸਰਕਾਰਾਂ ਦੀ ਅਣਦੇਖੀ ਕਾਰਨ ਵੀ ਮੰਡੀਆਂ ''ਚ ਰੁਲਦੀ ਆਮ ਵੇਖੀ ਜਾਂਦੀ ਹੈ। ਇਸ ਲਈ ਕਿਸਾਨਾਂ ਦੀ ਹਾੜੀ ਤੇ ਸਾਊਣੀ ਦੀਆਂ ਫਸਲਾਂ ਤੇ ਆਮ ਕਹਾਵਤ ਮਸ਼ਹੂਰ ਹੈ, ''ਖੇਤੀ ਕਰਮਾ ਸੇਤੀ'' ਭਾਵ ਜੇ ਕਿਸਾਨਾਂ ਦੀਆਂ ਫਸਲਾਂ ਚੰਗੇ ਕਰਮ ਕਰਕੇ ਕੁਦਰਤ ਦੀ ਕਰੋਪੀ ਦੀ ਮਾਰ ਤੋਂ ਬਚ ਗਈ ਹੋਵੇ ਅਤੇ ਸਰਕਾਰਾਂ ਨੇ ਮੰਡੀਆਂ ''ਚ ਸਮੇਂ ਸਿਰ ਖਰੀਦ ਲਈ ਜਾਵੇ ਤਾਂ ਕਿਸਾਨਾਂ ਦੀ ਕੀਤੀ ਖੂਨ ਪਸੀਨੇ ਦੀ ਕਮਾਈ ਪੱਲੇ ਪੈ ਜਾਂਦੀ ਹੈ, ਤੇ ਕਿਸਾਨ ਬਾਗੋਬਾਗ ਹੋ ਜਾਂਦੇ ਹਨ। ਕੁਝ ਸਾਲਾਂ ਤੋਂ ਝੋਨੇ ਦੀ ਫਸਲ ਪਾਣੀ ਦੀ ਕਮੀ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਇਸ ਸਾਲ ਵੀ ਝੋਨੇ ਦੀ ਫਸਲ ਔੜ ਦੀ ਮਾਰ ਹੇਠਾਂ ਆਈ ਹੋਈ ਹੈ। ਪਾਣੀ ਦੀ ਘਾਟ ਕਾਰਨ ਪੱਤਾ ਲਪੇਟ ਨੂੰ ਸਿਰ ਨਹੀਂ ਚੁੱਕਣ ਦੇ ਰਹੀ ਹੈ। ਮਹਿੰਗੀਆਂ ਸਪਰੇਆਂ, ਖਾਦਾਂ ਪਾਉਣ ਦੇ ਬਾਵਜੂਦ ਵੀ ਝੋਨਾ ਆਪਣਾਂ ਪੂਰਾ ਰੰਗ ਨਹੀਂ ਫੜ ਰਿਹਾ ਹੈ। ਹੁਣ ਮੀਂਹ ਨਾ ਪੈਣ ਕਾਰਨ ਬਿਜਲੀ ਆਉਣ ਨਾਲ ਮੋਟਰਾਂ ਨਾਲ ਲਗਾਇਆ ਜਾ ਰਿਹਾ ਪਾਣੀ ਵੀ ਪੂਰਾ ਨਹੀਂ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਮਹਿੰਗੇ ਰੇਟਾਂ ਦਾ ਡੀਜ਼ਲ ਫੂਕ ਕੇ ਝੋਨਾਂ ਪਾਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮੀਂਹ ਨਾ ਪੈਣ ਕਾਰਨ ਅਤੇ ਦਿਨੋਂ-ਦਿਨ ਵਧ ਰਹੀ ਔੜ ਕਾਰਨ ਝੋਨੇ ਤੇ ਬਾਸਮਤੀਆਂ ਦਾ ਝਾੜ ਵੀ ਹਦੋਂ ਵਧ ਘੱਟਣ ਦਾ ਕਾਰਨ ਬਣ ਸਕਦਾ ਹੈ। ਇਸ ਸਬੰਧੀ ਕਿਸਾਨ ਗੁਰਦੀਪ ਸਿੰਘ, ਕਾਬਲ ਸਿੰਘ, ਗੁਰਵਿੰਦਰ ਸਿੰਘ, ਚਿਤਰੰਜਨ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਾਲ ਜੁਲਾਈ, ਅਗਸਤ ''ਚ ਮੀਂਹ ਆਉਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਪ੍ਰੰਤੂ ਮੀਂਹ ਨਾ ਆਉਣ ਤੇ ਝੋਨੇ ਦੀ ਫਸਲ ਨੂੰ ਲਗੀਆਂ ਬਿਮਾਰੀਆਂ ਕਾਰਨ ਹੇਠਾਂ ਹੀ ਆ ਰਹੀ ਹੈ ਬੂਟਾ ਨਹੀਂ ਮਾਰ ਰਹੀ ਹੈ, ਜਿਸ ਨਾਲ ਝਾੜ ਘੱਟ ਮਿਲਣ ਦੀ ਚਿੰਤਾ ਲਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਕਮੀ ਕਾਰਨ ਹੋਰ ਫਸਲਾਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਸਾਰੇ ਕਿਸਾਨ ਝੋਨੇ ਫਸਲ ਨੂੰ ਸਿਰੇ ਝੜਾਉਣ ਲਈ ਦੌੜ-ਭੱਜ ''ਚ ਲਗੇ ਹੋਏ ਹਨ, ਭਾਵੇਂ 8 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਪ੍ਰੰਤੂ ਝੋਨੇ ਦੀਆਂ ਫਸਲਾਂ ''ਚ ਪਾਣੀ ਜਮਾਂ ਨਹੀਂ ਹੁੰਦਾ ਹੈ। ਦੂਜਾ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਹੈ, ਲਗਦਾ ਹੈ ਕਿ ਇਸ ਵਾਰੀ ਮਿਹਨਤ ਪੂਰਾ ਪਰਮਾਤਮਾ ਕਿਸਾਨਾਂ ਤੇ ਕਿੰਨਾਂ ਕੁ ਦਿਆਲੂ ਹੁੰਦਾ ਹੈ ਤੇ ਕਿਸਾਨ ਇਸ ਆ ਰਹੀ ਔੜ ਤੇ ਬਿਮਾਰੀਆਂ ਤੇ ਕਿੰਨਾ ਕੁ ਕਾਬੂ ਪਾਉਂਦੇ ਹਨ। ਰੱਬ ਖੈਰ ਕਰੇ ਮੀਂਹ ਆਵੇ ਤੇ ਪੁੱਤਾਂ ਵਾਂਗੂ ਪਾਲੀ ਜਾ ਰਹੀ ਫਸਲ ਖੁਸ਼ੀ-ਖੁਸ਼ੀ ਕਿਸਾਨਾਂ ਦੇ ਘਰ ਪਹੁੰਚੇ ਕਿਸਾਨ ਹਾੜੀ ਦੀ ਫਸਲ ਬੀਜਣ ਲਈ ਤਿਆਰੀ ਫੜ ਸਕਣ।