ਪਾਣੀ ਦੇਣ ਨਾਲੋਂ ਝੋਨੇ ਦੀ ਕਰੰਡ ਤੋੜਨ ਨੂੰ ਪਹਿਲ ਦੇਣ ਕਿਸਾਨ : ਖੇਤੀਬਾੜੀ ਮਾਹਿਰ

06/06/2020 9:25:49 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਕਰਕੇ, ਅਗੇਤੀ ਬੀਜੀ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਕਰੰਡ ਹੋਣ ਅਤੇ ਉਸ ਦਾ ਹੱਲ ਕਰਨ ਅਤੇ ਮੀਂਹ ਦਾ ਸਿੱਧੀ ਬੀਜੀ ਫ਼ਸਲ ਦੇ ਫੁਟਾਰਾ ਕਰਨ ਅਤੇ ਬਾਹਰ ਨਿਕਲਣ ਬਾਰੇ ਕਿਸਾਨਾਂ ਵੱਲੋ ਕਾਫੀ ਸੁਆਲ ਆ ਰਹੇ ਹਨ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਮੀਂਹ ਪੈਣ ਕਰਕੇ ਦੂਸਰੀਆ ਫਸਲਾਂ ਦੀ ਤਰਾਂ, ਝੋਨੇ ਦੀ ਫਸਲ ਵੀ ਕਰੰਡ ਹੋ ਸਕਦੀ ਹੈ ਪਰ ਇਸ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ। ਕਰੰਡ ਹੋਏ ਖੇਤਾਂ ਵਿੱਚ ਸਰੀਏ ਵਾਲੀ ਕਰੰਡੀ (ਜਾਲ) ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ। ਜੇਕਰ ਕਰੰਡੀ ਨਾਂ ਮਿਲੇ ਤਾਂ ਕੋਈ ਵੀ ਜ਼ੀਰੋ ਟਿਲ ਡਰਿੱਲ ਨੂੰ ਹੋਛਾ (ਅੱਧਾ ਇੰਚ ਡੂੰਘਾਈ ਤੱਕ) ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਝੋਨਾ ਕਾਫੀ ਬਾਹਰ ਆ ਗਿਆ ਹੈ ਅਤੇ ਕੁਝ ਥਾਵਾਂ ’ਤੇ ਕਰੰਡ ਕਾਰਨ ਬਾਹਰ ਆਉਣ ਤੋਂ ਰੁਕਿਆ ਹੈ, ਉਨ੍ਹਾਂ ਥਾਵਾਂ ਤੇ ਹੱਥ ਨਾਲ ਚੱਲਣ ਵਾਲੀ ਕਰੰਡੀ ਵਰਤ ਕੇ ਕਰੰਡ ਤੋੜੀ ਜਾ ਸਕਦੀ ਹੈ।

ਡਾ. ਭੁੱਲਰ ਨੇ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਝੋਨੇ ਦੀ ਸਿੱਧੀ ਬਿਜਾਈ 1.0 ਤੋਂ 1.5 ਇੰਚ ਡੂੰਘਾਈ ਤੇ ਹੀ ਕੀਤੀ ਜਾਵੇ ਤਾਂ ਕਿ ਮੀਂਹ ਪੈਣ ਦੀ ਸੰਭਾਵਨਾ ਵਾਲੇ ਦਿਨਾਂ ਵਿੱਚ ਵੀ ਝੋਨਾ ਸੌਖਾ ਬਾਹਰ ਆ ਸਕੇ। ਇਸ ਤੋਂ ਜ਼ਿਆਦਾ ਡੂੰਘਾਈ ਤੇ ਝੋਨਾ ਬੀਜਣ ਨਾਲ ਜੇਕਰ ਉਪਰ ਜ਼ਿਆਦਾ ਮੀਂਹ ਪੈ ਜਾਵੇ ਤਾਂ ਬੀਜ ਵਾਲੇ ਸਿਆੜ ਮਿੱਟੀ ਨਾਲ ਭਰਨ ਕਰਕੇ ਝੋਨੇ ਦੇ ਬੀਜ ਦੇ ਬਾਹਰ ਆਉਣ ਵਿੱਚ ਸਮਸਿਆ ਆ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਝੋਨਾ ਕਰੰਡ ਹੋ ਗਿਆ ਹੈ ਉਥੇ ਪਾਣੀ ਦੇਣ ਨਾਲੋਂ ਕਰੰਡ ਤੋੜਨ ਨੂੰ ਤਰਜੀਹ ਦਿਉ, ਕਿਉਂਕਿ ਮੀਂਹ ਪੈਣ ਕਰਕੇ ਸਲਾਭ ਤਾਂ ਖੇਤ ਵਿੱਚ ਪਹਿਲਾਂ ਹੀ ਬਹੁਤ ਹੁੰਦੀ ਹੈ ਅਤੇ ਪਾਣੀ ਦੇਣ ਨਾਲ ਨਦੀਨਾਂ ਦੀ ਸਮੱਸਿਆ ਵੱਧ ਸਕਦੀ ਹੈ। ਪਰ ਜੇ ਕਿਤੇ ਕਰੰਡ ਤੋੜਨ ਵਾਲਾ ਕੋਈ ਵੀ ਬਦਲ ਨਾ ਹੋਵੇ ਤਾਂ, ਸਿਰਫ ਉਨ੍ਹਾਂ ਹਾਲਾਤਾਂ ਵਿੱਚ ਹੀ, ਖੇਤ ਨੂੰ ਹਲਕਾ ਪਾਣੀ ਦੇ ਦਿਓ, ਉਸ ਨਾਲ ਵੀ ਝੋਨਾ ਬਾਹਰ ਆ ਜਾਵੇਗਾ ।

rajwinder kaur

This news is Content Editor rajwinder kaur