ਖੇਤੀਬਾੜੀ ਵਿਭਾਗ ਵੱਲੋਂ ਖੋਟੇ ਵਿਖੇ ਮਿੱਟੀ ਸਿਹਤ ਦਿਵਸ ਸਮਾਗਮ ਆਯੋਜਿਤ

12/15/2016 4:56:42 PM

ਨਿਹਾਲ ਸਿੰਘ ਵਾਲਾ ( ਬਾਵਾ/ਜਗਸੀਰ)—ਬਲਾਕ ਖੇਤੀਬਾੜੀ ਦਫਤਰ ਨਿਹਾਲ ਸਿੰਘ ਵਾਲਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਮੋਗਾ ਪਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਰਛਪਾਲ ਸਿੰਘ ਦੀ ਅਗਵਾਈ ਵਿਚ ਪਿੰਡ ਖੋਟੇ ਵਿਖੇ ਮਿੱਟੀ ਸਿਹਤ ਦਿਵਸ ਮਨਾਇਆ ਗਿਆ । 

ਇਸ ਕੈਂਪ ਵਿਚ ਡਾ. ਜਰਨੈਲ ਸਿੰਘ ਬਲਾਕ ਖੇਤੀਬਾੜੀ ਅਫਸਰ ਬਾਘਾ ਪੁਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਹਾੜੀ ਦੀਆਂ ਫਸਲਾਂ ਵਿਚ ਨਦੀਨਾਂ, ਬਿਮਾਰੀਆਂ ਦੀ ਸੁਚੱਜੀ ਰੋਕਥਾਮ ਆਦਿ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਤਰਨਜੀਤ ਸਿੰਘ ਰੰਧਾਵਾ ਨੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਨੁਕਤੇ ਸਾਝੇ ਕੀਤੇ। ਉਨ੍ਹਾਂ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਦੀ ਵਰਤੋਂ ਤੇ ਜ਼ੋਰ ਦਿੱਤਾ ਤਾਂ ਜੋ ਮਿੱਟੀ ਵਿਚ ਜੈਵਿਕ ਖਾਦਾਂ ਵਧਾਈਆਂ ਜਾ ਸਕਣ ਅਤੇ ਮਿੱਟੀ ਦੇ ਪੌਸ਼ਟਿਕ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਖੇਤੀ ਵਿਕਾਸ ਅਫਸਰ ਡਾ. ਸੁਖਰਾਜ ਕੌਰ ਦਿਉਲ ਮਿੱਟੀ ਪਾਣੀ ਪਰਖ ਲੈਬਾਰਟਰੀ ਮੋਗਾ ਨੇ ਮਿੱਟੀ ਪਾਣੀ ਟੈਸਟ ਕਰਵਾਉਣ ਦੀ ਮਹੱਤਤਾ ਅਤੇ ਢੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਡਾ. ਨਵਦੀਪ ਜੌੜਾ ਖੇਤੀ ਵਿਕਾਸ ਅਫਸਰ ਬਾਘਾਪੁਰਾਣਾ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕਰਨ ''ਤੇ ਜ਼ੋਰ ਦਿੱਤਾ। ਕੈਂਪ ਦੌਰਾਨ ਕਿਸਾਨਾਂ ਦੇ ਪਾਣੀ ਦੇ ਸੈਂਪਲ ਟੈਸਟ ਕਰਕੇ ਮੌਕੇ ''ਤੇ ਹੀ ਰਿਪੋਰਟਾਂ ਦਿੱਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ, ਸਮੂਹ ਸਟਾਫ ਖੇਤੀਬਾੜੀ ਵਿਭਾਗ, ਖੇਤੀਬਾੜੀ ਉਪ ਨਿਰੀਖਕ ਸ਼ਾਮਲ ਸਨ।