ਮਾਨਸੂਨ 'ਚ ਦੇਰੀ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 'ਤੇ ਦਿਸਿਆ ਅਸਰ

06/24/2023 2:31:40 PM

ਨਵੀਂ ਦਿੱਲੀ- ਦੱਖਣ-ਪੱਛਮੀ ਮਾਨਸੂਨ ਦੀ ਹੌਲੀ ਰਫਤਾਰ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 'ਤੇ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। 23 ਜੂਨ ਨੂੰ ਖ਼ਤਮ ਹਫ਼ਤੇ 'ਚ ਉੜਦ, ਅਰਹਰ, ਸੋਇਆਬੀਨ ਅਤੇ ਚੌਲ ਦੇ ਰਕਬੇ 'ਚ ਗਿਰਾਵਟ ਦਰਜ ਕੀਤੀ ਗਈ ਹੈ। ਖੇਤੀਬਾੜੀ ਮੰਤਰਾਲਾ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਸਾਉਣੀ ਦੇ ਸੀਜ਼ਨ ਵਿਚ 23 ਜੂਨ ਤੱਕ ਫਸਲਾਂ ਲਈ ਬੀਜਿਆ ਗਿਆ ਕੁੱਲ ਰਕਬਾ 4.5 ਪ੍ਰਤੀਸ਼ਤ ਦੀ ਗਿਰਾਵਟ ਨਾਲ 129.52 ਲੱਖ ਹੈਕਟੇਅਰ ਹੋ ਗਿਆ ਹੈ, ਜੋ ਕਿ ਪਿਛਲੇ ਸਾਲ ਇਸੇ ਮਿਆਦ ਵਿੱਚ 135.64 ਲੱਖ ਹੈਕਟੇਅਰ ਸੀ। ਇਸ ਦੇ ਨਾਲ ਹੀ ਝੋਨੇ ਦਾ ਰਕਬਾ 34.6 ਫੀਸਦੀ ਘਟ ਕੇ 10.77 ਲੱਖ ਹੈਕਟੇਅਰ ਰਹਿ ਗਿਆ ਹੈ, ਜਦਕਿ ਤੇਲ ਬੀਜ ਫਸਲਾਂ ਦਾ ਰਕਬਾ 3.3 ਫੀਸਦੀ ਘਟ ਕੇ 9.21 ਲੱਖ ਹੈਕਟੇਅਰ ਰਹਿ ਗਿਆ ਹੈ। 

ਹਾਲਾਂਕਿ, ਵਪਾਰੀਆਂ ਅਤੇ ਬਾਜ਼ਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਬਿਜਾਈ ਸਹੀ ਸਮੇਂ 'ਤੇ ਹੁੰਦੀ ਹੈ ਉਦੋਂ ਤਕ ਕਿਸੇ ਵੀ ਤਰ੍ਹਾਂ ਦੀ ਦੇਰੀ ਦਾ ਪੈਦਾਵਾਰ 'ਤੇ ਪ੍ਰਭਾਵ ਪੈਣ ਦਾ ਖਦਸ਼ਾ ਨਹੀਂ ਹੈ। ਜੁਲਾਈ ਅਤੇ ਅਗਸਤ 'ਚ ਹੋਣ ਵਾਲੀ ਬਾਰਿਸ਼ ਫਸਲਾਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਸਮੇਂ 'ਤੇ ਚੰਗੀ ਅਤੇ ਵੱਧ ਬਾਰਿਸ਼ ਹੋਣਾ ਵੀ ਕਾਫੀ ਮਾਇਨੇ ਰੱਖਦਾ ਹੈ। 

ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਇਸਨੂੰ ਲੈ ਕੇ ਉਮੀਦ ਜਗਾਈ ਹੈ। ਮੌਸਮ ਵਿਭਾਗ ਨੇ ਆਪਣੀ 23 ਜੂਨ ਦੀ ਭਵਿੱਖਬਾਣੀ 'ਚ ਕਿਹਾ ਹੈ ਕਿ ਅਗਲੇ ਦੋ ਦਿਨਾਂ ਦੌਰਾਨ ਛੱਤੀਸਗੜ੍ਹ ਦੇ ਕੁਝ ਹੋਰ ਇਲਾਕਿਆਂ, ਬਿਹਾਰ ਅਤੇ ਝਾਰਖੰਡ ਦੇ ਬਚੇ ਇਲਾਕਿਆਂ, ਪੂਰਬੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ, ਉਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਇਲਾਕਿਆਂ 'ਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਮਹਾਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਦੇ ਕੁਝ ਹੋਰ ਹਿੱਸਿਆਂ 'ਚ ਵੀ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਚੰਗੇ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 5 ਦਿਨਾਂ 'ਚ ਪੂਰਬੀ ਮੱਧ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਇਲਾਕਿਆਂ 'ਚ ਵੀ ਭਾਰੀ ਤੋਂ ਲੈ ਕੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 

ਕੇਂਦਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ (ਐੱਨ.ਐੱਫ.ਐੱਸ.ਐੱਮ.) ਦੇ ਨਾਲ ਇੰਟਰਨੈਸ਼ਨਲ ਕ੍ਰਾਪਸ ਰਿਸਰਚ ਇੰਸਟੀਚਿਊਟ ਫਾਰ ਦਿ ਸੈਮੀ ਐਰਿਡ ਟ੍ਰਾਪਿਕਸ ਦੇ ਵਿਗਿਆਨੀ ਅਰਹਰ ਦੀ ਪੈਦਾਵਾਰ ਵਧਾਉਣ ਲਈ ਦੇਸ਼ ਭਰ 'ਚ ਇਕ ਮਹੱਤਵਪੂਰਨ ਯੋਜਨਾ ਬਣਾ ਰਹੇ ਹਨ। ਵਿਗਿਆਨੀਆਂ ਦਾ ਦਾਅਵਾ ਹੈ ਕਿ ਪ੍ਰਾਜੈਕਟ ਕਾਰਨ ਦੇਸ਼ ਭਰ 'ਚ ਅਰਹਰ ਦੀ ਪੈਦਾਵਾਰ 30 ਫੀਸਦੀ ਤਕ ਵੱਧ ਸਕਦੀ ਹੈ।

Rakesh

This news is Content Editor Rakesh