ਕਰਜ਼ਾ ਮੁਕਤੀ ਅੰਦੋਲਨ ਲਈ ਯੂਨੀਅਨ ਵੱਲੋਂ ਤਿਆਰੀਆਂ ਸ਼ੁਰੂ

07/22/2016 12:26:59 PM

ਬੁਢਲਾਡਾ (ਬਾਂਸਲ)—ਭਾਰਤੀ ਕਿਸਾਨ ਯੂਨੀਅਨ ਵੱਲੋਂ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਨੂੰ ਉਨ੍ਹਾਂ ਦੀ ਛੇਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨਾਂ ਦੌਰਾਨ ਬਲਕਾਰ ਸਿੰਘ ਡਕੌਂਦਾ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਸਾਥੀ ਡਕੌਂਦਾ ਪੀੜਤ ਕਿਸਾਨੀ ਅਤੇ ਹੋਰ ਲੁੱਟੇ-ਪੁੱਟੇ ਜਾਂਦੇ ਕਿਰਤੀ ਲੋਕਾਂ ਦੀ ਮੁਕਤੀ ਲਈ ਆਪਣਾ ਪੂਰਾ ਜੀਵਨ ਸੰਘਰਸ਼ ਕਰਦੇ ਰਹੇ ਅਤੇ 14 ਜੁਲਾਈ 2010 ਨੂੰ ਆਪਣੀ ਜੀਵਨ ਸਾਥਣ ਜਸਵੀਰ ਕੌਰ ਸਮੇਤ ਇਕ ਸੜਕ ਹਾਦਸੇ ''ਚ ਸਦੀਵੀ ਵਿਛੋੜਾ ਦੇ ਗਏ ਸਨ।
ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਢਾਈ ਤੋਂ ਪੰਜ ਏਕੜ ਦੀ ਮਾਲਕੀ ਵਾਲੇ ਛੋਟੇ ਕਿਸਾਨਾਂ ਲਈ ਟਿਊਬਵੈੱਲ ਕੁਨੈਕਸ਼ਨ ਜਿਥੇ ਆਸ ਦੀ ਕਿਰਨ ਲੈ ਕੇ ਆਏ ਸੀ, ਉਥੇ ਹੀ ਕਿਸਾਨਾਂ ਦੀਆਂ ਆਸਾਂ ''ਤੇ ਪਾਣੀ ਫੇਰ ਗਏ ਅਤੇ ਮੌਕੇ ਦੀ ਸਰਕਾਰ ਇਸ ''ਤੇ ਡੂੰਘੀ ਸਿਆਸਤ ਕਰ ਰਹੀ ਹੈ।
ਇਸ ਸਮੇਂ ਕਿਸਾਨਾਂ ਆਗੂਆਂ ਵੱਲੋਂ 26, 27 ਅਤੇ 28 ਜੁਲਾਈ ਨੂੰ ਕਰਜ਼ਾ ਮੁਕਤੀ ਮੋਰਚੇ ਦੌਰਾਨ ਤਿੰਨ ਰੋਜ਼ਾ ਜ਼ਿਲਾ ਪੱਧਰੀ ਸਾਂਝੇ ਧਰਨਿਆਂ ਨੂੰ ਤਨਦੇਹੀ ਨਾਲ ਸਫਲ ਕਰਨ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਛੋਟੇ ਤੇ ਗਰੀਬ ਕਿਸਾਨਾਂ ਦੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ''ਚ ਕੀਤੀ ਜਾ ਰਹੀ ਦੇਰੀ ਲਈ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਮੁੱਖ ਦੋਸ਼ੀ ਕਿਹਾ। ਉਨ੍ਹਾਂ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀਬਾਘਾ, ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਜ਼ਿਲਾ ਵਿੱਤ ਸਕੱਤਰ ਰਾਮਫਲ ਚੱਕ ਅਲੀਸ਼ੇਰ, ਬੰਤ ਸਿੰਘ ਮਾਖਾ, ਇਕਬਾਲ ਸਿੰਘ ਮਾਨਸਾ ਅਤੇ ਭੀਖੀ ਬਲਾਕ ਦੇ ਆਗੂ ਰਾਜ ਅਕਲੀਆ ਆਦਿ ਹਾਜ਼ਰ ਸਨ।