ਬਰਸਾਤ ਰੁੱਤ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ

06/26/2023 1:08:08 PM

ਕੱਦੂ ਜਾਤੀ ਦੀਆਂ ਸਬਜ਼ੀਆਂ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਖਣਿਜਾਂ ਦਾ ਅਮੀਰ ਸਰੋਤ ਹਨ। ਕੱਦੂ ਜਾਤੀ ਦੇ ਫਲਾਂ ਨੂੰ ਮਠਿਆਈ ਦੇ ਰੂਪ ’ਚ ਜਾਂ ਸਲਾਦ ਵਿਚ, ਅਚਾਰ, ਜੈਮ ਜਾਂ ਕੈਂਡੀ ਵਿਚ ਪਕਾਇਆ ਅਤੇ ਪ੍ਰੋਸੈੱਸ ਕੀਤਾ ਜਾਂਦਾ ਹੈ। ਕਰੇਲੇ ਵਿਚ ਵਿਟਾਮਿਨ ਬਹੁਤ ਮਾਤਰਾ ’ਚ ਹੁੰਦਾ ਹੈ। ਕਰੇਲੇ ਸ਼ੂਗਰ ਦੇ ਮਰੀਜ਼ ਵਾਸਤੇ ਅਤੇ ਖ਼ੂਨ ਦੇ ਦੌਰੇ ਵਾਸਤੇ ਬਹੁਤ ਫ਼ਾਇਦੇਮੰਦ ਹਨ। ਹਲਵਾ ਕੱਦੂ ਦੇ ਬੀਜ, ਮਗਜ਼ ਅਤੇ ਸਨੈਕਸ ਦੇ ਤੌਰ ’ਤੇ ਵਰਤ ਸਕਦੇ ਹਨ। ਬੀਜ ਵਿਚ ਓਮੇਗਾ-6, ਪ੍ਰੋਟੀਨ ਅਤੇ ਤੇਲ ਹੋਣ ਕਾਰਨ ਖੁਰਾਕ ਦਾ ਵਧੀਆ ਸੋਮਾ ਹਨ। ਕੱਦੂ ਜਾਤੀ ਦੀ ਸਬਜ਼ੀ ਹਰ ਤਰ੍ਹਾਂ ਦੀ ਜ਼ਮੀਨ ’ਚ ਉਗਾਈ ਜਾ ਸਕਦੀ ਹੈ ਪਰ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਲਈ ਵਧੇਰੇ ਅਨੁਕੂਲ ਹੈ। ਜੇਕਰ ਕਿਸਾਨ ਵੀਰ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣ ਤਾਂ ਬਰਸਾਤ ਰੁੱਤ ਵਿਚ ਕੱਦੂ ਜਾਤੀ ਦੀ ਸਬਜ਼ੀਆਂ ਦੀ ਸਫਲ ਕਾਸ਼ਤ ਕਰ ਸਕਦੇ ਹਨ।

ਸਿੰਚਾਈ

ਜ਼ਮੀਨ ਦੀ ਕਿਸਮ ਅਤੇ ਮੌਸਮ ਅਨੁਸਾਰ ਸਿੰਚਾਈ ਦੀ ਲੋੜ ਪੈਂਦੀ ਹੈ। ਪਹਿਲਾਂ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਓ।

ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਲਈ ਬਰਸਾਤ ਦੇ ਮੌਸਮ ਦੌਰਾਨ ਸਮੱਸਿਆਵਾਂ ਅਤੇ ਉਨ੍ਹਾਂ ਦਾ ਉਪਾਅ

1. ਨਦੀਨਾਂ ਦੀ ਸਮੱਸਿਆ – ਨਦੀਨ ਅਣਚਾਹੇ ਪੌਦੇ ਹਨ ਜੋ ਮੁੱਖ ਫ਼ਸਲਾਂ ਦੇ ਨਾਲ ਉੱਗ ਜਾਂਦੇ ਹਨ ਜੋ ਬਰਸਾਤ ਦੇ ਮੌਸਮ ਦੌਰਾਨ ਖੀਰੇ ਦੇ ਝਾੜ ਨੂੰ ਘਟਾਉਂਦੇ ਹਨ। ਇਨ੍ਹਾਂ ਕੱਦੂ ਜਾਤੀ ਦੀਆਂ ਫ਼ਸਲਾਂ ਵਿਚ ਨਦੀਨਾਂ ਨੂੰ ਕਾਬੂ ਕਰਨ ਲਈ, ਹੱਥਾਂ ਨਾਲ ਨਦੀਨਾਂ ਅਤੇ ਕੱਦੂ ਜਾਤੀ ਦੀਆਂ ਫ਼ਸਲਾਂ ਵਿਚ ਗੋਡੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

2. ਪੀਲੇ ਧੱਬਿਆਂ ਦਾ ਰੋਗ : ਇਹ ਬਰਸਾਤ ਦੇ ਮੌਸਮ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਮਹੱਤਵਪੂਰਨ ਬਿਮਾਰੀ ਹੈ। ਇਸ ਦੇ ਹਮਲੇ ਕਾਰਨ ਸਭ ਤੋਂ ਪਹਿਲਾਂ ਪੱਤੇ ਦੇ ਹੇਠਲੇ ਪਾਸੇ ਪਾਣੀ ਭਿੱਜੇ ਧੱਬੇ ਦਿਖਾਈ ਦਿੰਦੇ ਹਨ। ਪੱਤੇ ਦੇ ਉਪਰੋਂ ਦੇਖਣ ਤੇ ਇਹ ਧੱਬੇ ਪੀਲੇ ਰੰਗ ਦੇ ਨਜ਼ਰ ਆਉਂਦੇ ਹਨ। ਪੱਤੇ ਦੇ ਹੇਠਾਂ ਸਲੇਟੀ ਰੰਗ ਦਾ ਮਾਦਾ ਪੈਦਾ ਹੋ ਜਾਂਦਾ ਹੈ। ਇਹ ਧੱਬੇ ਵਿਚਕਾਰੋਂ ਭੂਰੇ ਰੰਗ ਵਿਚ ਬਦਲ ਜਾਂਦੇ ਹਨ ਅਤੇ ਇਕ ਦੂਜੇ ਨਾਲ ਮਿਲ ਜਾਂਦੇ ਹਨ। ਪੱਤਾ ਉੱਪਰ ਵੱਲ ਮੁੜ ਜਾਂਦਾ ਹੈ। ਵੇਲਾਂ ਝੁਲਸੀਆਂ ਹੋਈਆਂ ਲੱਗਦੀਆਂ ਹਨ।

ਰੋਕਥਾਮ

ਉ) ਸਰਦੀਆਂ ਵਾਲੀਆਂ ਕੱਦੂ ਜਾਤੀ ਦੀਆਂ ਵੇਲਾਂ ਬਾਅਦ ਵਿਚ ਨਸ਼ਟ ਕਰ ਦਿਓ।

(ਅ) ਭਰਵੀਂ ਸਿੰਚਾਈ ਨਾ ਕਰੋ।

3. ਫਲਾਂ ਦੀ ਗੁਣਵੱਤਾ ਦੀ ਸਮੱਸਿਆ : ਬਰਸਾਤ ਦੇ ਮੌਸਮ ਦੌਰਾਨ ਭਾਰੀਆਂ ਜ਼ਮੀਨਾਂ ਵਿਚ ਪਾਣੀ ਖੜਾ ਹੋਣ ਕਰਕੇ ਕੱਦੂ ਜਾਤੀ ਦੀਆਂ ਸਬਜ਼ੀਆਂ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਜਿਸ ਕਰਕੇ ਫਲਾਂ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਉਨ੍ਹਾਂ ਦਾ ਰੇਟ ਵੀ ਘੱਟ ਮਿਲਦਾ ਹੈ। ਇਸ ਸਮੱਸਿਆ ਦੇ ਹੱਲ ਲਈ ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਟਰੇਲਿੰਗ ਕਰਕੇ ਉਨ੍ਹਾਂ ਨੂੰ ਬਾਂਸਾਂ ਦੇ ਡੰਡਿਆਂ ਦੇ ਨਾਲ ਉੱਤੇ ਚੜਾਇਆ ਜਾਂਦਾ ਹੈ। ਇਸ ਤਕਨੀਕ ਨਾਲ ਬਰਸਾਤੀ ਮੌਸਮ ਵਿਚ ਨਦੀਨ ਵੀ ਘੱਟ ਹੁੰਦਾ ਹੈ ਅਤੇ ਉਨ੍ਹਾਂ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ ਅਤੇ ਮੰਡੀ ਵਿਚ ਰੇਟ ਵੀ ਵਧੀਆ ਮਿਲਦਾ ਹੈ।

ਤੁੜਾਈ

ਕੇਵਲ ਨਰਮ ਅਤੇ ਦਰਮਿਆਨੇ ਆਕਾਰ ਦੇ ਫਲ ਹੀ ਤੋੜੇ।

1. ਹਲਵਾ ਕੱਦੂ ਦਾ ਫਲ ਜਦੋਂ ਬਾਹਰੋਂ ਪੀਲਾ-ਭੂਰਾ ਅਤੇ ਗੁੱਦਾ ਸੁਨਹਿਰੀ ਪੀਲਾ ਹੋਵੇ, ਤੋੜਨ ਲਈ ਤਿਆਰ ਹੁੰਦਾ ਹੈ। ਜ਼ਿਆਦਾ ਦੇਰ ਤੱਕ ਸਟੋਰ ਕਰਨ ਲਈ ਤੁੜਾਈ ਤੋਂ ਪਹਿਲਾਂ ਪਾਣੀ ਘਟਾ ਦਿਓ। ਅਗੇਤਾ ਮੰਡੀਕਰਨ ਕਰਨ ਲਈ ਕੱਚੇ ਫਲ ਵੀ ਤੋੜੇ ਜਾ ਸਕਦੇ ਹਨ।

2. ਘੀਆ-ਕੱਦੂ : ਦਰਮਿਆਨੇ ਆਕਾਰ ਦੇ ਨਰਮ ਅਤੇ ਚਮਕਦਾਰ ਫਲ ਤੁੜਾਈ ਯੋਗ ਹੁੰਦੇ ਹਨ। ਭਰ ਮੌਸਮ ਵਿਚ ਤੁੜਾਈ ਹਰ 3-4 ਦਿਨ ਬਾਅਦ ਕਰਨੀ ਚਾਹੀਦੀ ਹੈ।

3. ਕਰੇਲੇ ਦੇ 1-2 ਸੈਂਟੀਮੀਟਰ ਟੁਕੜਿਆਂ ਨੂੰ 5 ਫ਼ੀਸਦੀ ਨਮਕ ਵਾਲੇ ਉੱਬਲਦੇ ਪਾਣੀ ਵਿਚ ਦੋ ਮਿੰਟ ਤੱਕ ਬਲੀਚ ਕਰਨ ਤੋਂ ਬਾਅਦ ਮਕੈਨੀਕਲ ਟਰੇਅ ਵੀ ਡਰਾਈਅਰ ਵਿਚ ਸੁਕਾਓ। ਫਿਰ ਟੁਕੜਿਆਂ ਨੂੰ 65 ਸੈਂਟੀਗ੍ਰੇਡ ਤਾਪਮਾਨ ਤੇ 2 ਘੰਟੇ, 55 ਸੈਂਟੀਗ੍ਰੇਡ ਤਾਪਮਾਨ ਤੇ 7 ਘੰਟੇ ਅਤੇ 40 ਸੈਂਟੀਗ੍ਰੇਡ ਤਾਪਮਾਨ ਤੇ 3 ਘੰਟੇ ਲਈ ਸੁਕਾਇਆ ਜਾਵੇ ਤਾਂ ਤਿਆਰ ਪ੍ਰੋਡਕਟ ਦੀ ਗੁਣਵੱਤਾ ਬਣੀ ਰਹਿੰਦੀ ਹੈ।

4. ਟੀਂਡੇ ਦੀਆਂ ਛੋਟੀਆਂ ਵੇਲਾਂ ਨੂੰ ਬਹੁਤ ਜਲਦੀ ਛੋਟੇ-ਛੋਟੇ ਫਲ ਲੱਗ ਜਾਂਦੇ ਹਨ। ਇਹ ਫਲ ਮੰਡੀਕਰਨ ਯੋਗ ਨਹੀਂ ਹੁੰਦੇ। ਇਸ ਕਰਕੇ ਇਨ੍ਹਾਂ ਨੂੰ ਜਲਦੀ ਤੋੜ ਦੇਣਾ ਚਾਹੀਦਾ ਹੈ ਤਾਂ ਕਿ ਵੇਲਾਂ ਦਾ ਵਾਧਾ ਹੁੰਦਾ ਰਹੇ। ਇਸ ਤੋਂ ਬਾਅਦ ਵਾਲੇ ਫੁੱਲਾਂ ਦੇ ਮੰਡੀਕਰਨ ਯੋਗ ਫਲ ਬਣਦੇ ਹਨ। ਇਹ ਫਲ ਜਦੋਂ ਨਰਮ ਅਤੇ ਵਾਲਾਂ ਵਾਲੇ ਹੋਣ ਤਾਂ ਤੋੜ ਲੈਣੇ ਚਾਹੀਦੇ ਹਨ।

ਬਾਸਮਤੀ ਦੀਆਂ ਉੱਨਤ ਕਿਸਮਾਂ ਦੀ ਕਾਸ਼ਤ ਕਰੋ

ਕਿਸੇ ਵੀ ਫਸਲ ਦੇ ਚੰਗੇ ਉਤਪਾਦਨ ਲਈ ਕਾਸ਼ਤ ਦੀਆਂ ਉੱਨਤ ਤਕਨੀਕਾਂ ਵਿਚੋਂ, ਕਿਸਮ ਦੀ ਸਹੀ ਚੋਣ ਫ਼ਸਲ ਦੇ ਵਧੀਆ ਝਾੜ ਅਤੇ ਗੁਣਵੱਤਾ ਲਈ ਇਕ ਬੁਨਿਆਦ ਹੁੰਦੀ ਹੈ। ਕਿਸਮ ਦੀ ਚੋਣ ਜ਼ਿਆਦਾ ਮੁਨਾਫਾ ਦੇਣ ਵਾਲਾ ਉਪਰਾਲਾ ਹੈ। ਕਿਸਮਾਂ ਦੀ ਚੋਣ ਆਪਣੀ ਜ਼ਮੀਨ, ਇਲਾਕੇ, ਮੰਡੀਕਰਨ ਅਤੇ ਫਸਲੀ ਚੱਕਰ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬਾਸਮਤੀ ਦੀਆਂ ਕਿਸਮਾਂ ਪੰਜਾਬ ਵਿਚ ਕਾਸ਼ਤ ਲਈ ਸਿਫਾਰਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਕਿਸਮਾਂ ਵਿਚੋਂ ਪੂਸਾ ਬਾਸਮਤੀ 1121 ਇਸ ਸਮੇਂ ਨਿਰਯਾਤ ਲਈ ਜ਼ਿਆਦਾ ਹਰਮਨ ਪਿਆਰਤਾ ਦੇ ਕਾਰਨ ਸਭ ਤੋਂ ਵੱਧ ਪ੍ਰਸਿੱਧ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ 2021 ਦੌਰਾਨ ਬਾਸਮਤੀ ਦੀ ਨਵੀਂ ਕਿਸਮ ਪੰਜਾਬ ਬਾਸਮਤੀ -7 ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਬਾਸਮਤੀ 7 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਪੂਸਾ ਬਾਸਮਤੀ 1121 ਦੇ ਮੁਕਾਬਲੇ 2.5-3.0 ਕੁਇੰਟਲ/ਏਕੜ ਜ਼ਿਆਦਾ ਝਾੜ, ਇਕ ਹਫਤਾ ਅਗੇਤਾਪਣ ਅਤੇ ਝੁਲਸ ਰੋਗ ਨੂੰ ਟਾਕਰਾ ਕਰਨ ਦੀ ਸਮਰੱਥਾ ਸ਼ਾਮਲ ਹੈ। ਪੰਜਾਬ ਬਾਸਮਤੀ 7 ਦੀ ਵਿਸ਼ੇਸ਼ਤਾ ਇਸਦੀ ਰਵਾਇਤੀ ਬਾਸਮਤੀ ਕਿਸਮਾਂ ਵਾਂਗ ਖੁਸ਼ਬੂ ਵੀ ਹੈ। ਪੰਜਾਬ ਬਾਸਮਤੀ 7 ਦਾ ਘੱਟ ਕੱਦ, ਪਰਾਲੀ ਅਤੇ ਸਿੱਧੀ ਬਿਜਾਈ ਅਧੀਨ ਵਧੀਆ ਪ੍ਰਦਰਸ਼ਨ ਇਸਦੇ ਹੋਰ ਗੁਣ ਹਨ।

ਧਿਆਨਯੋਗ ਨੁਕਤੇ : ਬੀਜ ਭਰੋਸੇਯੋਗ ਵਸੀਲੇ ਤੋਂ ਖ਼ਰੀਦੋ ਅਤੇ ਬਿੱਲ ਜ਼ਰੂਰ ਲਓ। ਕਿਸਮਾਂ ਦੀ ਵਿਭਿੰਨਤਾ ਬਰਕਰਾਰ ਰੱਖੋ ਅਤੇ ਨਵੀਂ ਕਿਸਮ ਨੂੰ ਪਹਿਲੇ ਸਾਲ ਥੋੜ੍ਹੇ ਰਕਬੇ ਵਿਚ ਹੀ ਬੀਜਿਆ ਜਾਵੇ। ਬੀਜ ਅਤੇ ਪਨੀਰੀ ਦੀ ਸੋਧ ਨੂੰ ਯਕੀਨੀ ਬਣਾਓ। ਚੰਗੇ ਝਾੜ ਗੁਣਵੱਤਾ ਲਈ ਬਿਜਾਈ/ਲੁਆਈ ਢੁੱਕਵੇਂ ਸਮੇਂ ’ਤੇ ਕਰੋ। ਚੰਗੇ ਝਾੜ ਅਤੇ ਗੁਣਵੱਤਾ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਲੁਆਈ ਤੋਂ ਬਾਅਦ ਪਹਿਲੇ 15 ਦਿਨ ਹੀ ਖੇਤ ਵਿਚ ਪਾਣੀ ਖੜ੍ਹਾ ਕਰੋ। ਬਾਅਦ ਵਿਚ ਪਾਣੀ ਜੀਰਨ ਤੋਂ 2 ਦਿਨ ਪਿੱਛੋਂ ਸਿੰਚਾਈ ਕਰੋ। ਰਸਾਇਣਿਕ ਖਾਦਾਂ ਅਤੇ ਪੈਸਟੀਸਾਈਡਾਂ ਦੀ ਵਰਤੋਂ ਲੋੜ ਮੁਤਾਬਕ ਹੀ ਕੀਤੀ ਜਾਵੇ। ਫਸਲ ਦਾ ਸਮੇਂ-ਸਮੇਂ ’ਤੇ ਨਿਰੀਖਣ ਕਰਦੇ ਰਹੋ। ਲੋੜ ਪੈਣ ਦੇ ਮਾਹਿਰਾਂ ਦੀ ਸਲਾਹ ਜ਼ਰੂਰ ਲਵੋ। ਬਾਸਮਤੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ।

Harnek Seechewal

This news is Content Editor Harnek Seechewal