ਫਸਲਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਲਈ ਲਾਇਆ ਗਿਆ ਕੈਂਪ

08/24/2016 3:43:03 PM

ਭੀਖੀ (ਤਾਇਲ)—ਪਿੰਡ ਮੱਤੀ ਦੇ ਇੱਕ ਕਿਸਾਨ ਦੇ ਖੇਤ ''ਚ ਲਾਈ ਗਈ ਕੁਦਰਤੀ ਖੇਤੀ ਕੈਂਪ ਦੌਰਾਨ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕੁਦਰਤੀ ਖੇਤੀ ਮਾਹਿਰ ਰਾਕੇਸ਼ ਕੁਮਾਰ ਜੀਂਦ, ਜੋਗਿੰਦਰ ਚਹਿਲ ਤੇ ਅਸ਼ੋਕ ਨੰਦਨ ਨੇ ਕਿਹਾ ਕਿ ਕੁਦਰਤੀ ਢੰਗ ਨਾਲ ਖੇਤੀ ਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। 
ਨੈਚੂਰਲ ਫਾਰਮਰਜ਼ ਐਸੋਸੀਏਸ਼ਨ ਵੱਲੋਂ ਮਰਹੂਮ ਡਾ. ਸੁਰਿੰਦਰ ਦਲਾਲ ਕੀਟ ਸਾਖਰਤਾ ਮਿਸ਼ਨ ਤਹਿਤ ਕਿਸਾਨ ਜਗਸੀਰ ਸਿੰਘ ਦੇ ਖੇਤ ''ਚ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਪਿੰਡ ਦੀ ਨਿੰਮ ਵਾਲੀ ਸੱਥ ''ਚ ਕਿਸਾਨਾਂ ਨੂੰ ਫਸਲ ਉਪਰ ਮਿੱਤਰ ਤੇ ਹਾਨੀਕਾਰਕ ਕੀੜਿਆਂ ਦੀ ਜਾਣਕਾਰੀ ਦਿੰਦਿਆਂ ਮਾਹਿਰਾਂ ਨੇ ਦੱਸਿਆ ਕਿ ਨਰਮੇ ਦੀ ਇਸ ਫਸਲ ਉੱਪਰ ਚਿੱਟਾ ਤੇਲਾ 0.35, ਹਰਾ ਤੇਲਾ 0.69 ਤੇ ਥਰਿਪਸ 0.44 ਮਾਤਰਾ ''ਚ ਹੋਣਾ ਵੱਡੀ ਗੱਲ ਹੈ। 
ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਸਪੱਸ਼ਟ ਹੈ ਕਿ ਮਿੱਤਰ ਕੀੜਿਆਂ ਦੇ ਵਾਧੇ ਕਾਰਨ ਇਸ ਖੇਤ ''ਚ ਨਰਮੇ ਦੀ ਫਸਲ ਉਪਰ ਹਾਨੀਕਾਰਕ (ਰਸ ਚੂਸ ਕੀਟਾਣੂ) ਕੀਟਾਂ ਦਾ ਖਾਤਮਾ ਹੋਇਆ ਹੈ ਤੇ ਫਸਲ ਲਹਿ ਲਹਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤ ਵਿਚ ਹੋਰਨਾਂ ਮੁਕਾਬਲੇ ਵਧੇਰੇ ਫਸਲੀ ਝਾੜ ਹੋਣ ਦੀ ਉਮੀਦ ਹੈ ਤੇ ਖਰਚ ਵੀ ਨਾ ਮਾਤਰ ਹੋਇਆ ਹੈ। 
ਐਸੋਸ਼ੀਏਸ਼ਨ ਦੇ ਜ਼ਿਲਾ ਇੰਚਾਰਜ ਜਗਜੀਤ ਸਿੰਘ ਸਮਾਓਂ ਨੇ ਦੱਸਿਆ ਹੈ ਕਿ ਇਸ ਖੇਤ ਦੁਆਲੇ ਵਣ ਵਿਸਥਾਰ ਮੰਡਲ ਬਠਿੰਡਾ ਦੇ ਬਲਾਕ ਅਫ਼ਸਰ ਜਗਸੀਰ ਸਿੰਘ ਦੀ ਅਗਵਾਈ ਹੇਠ ਅਜਿਹੇ ਪੌਦੇ ਲਾਏ ਗਏ ਹਨ ਜਿਨ੍ਹਾਂ ਦਾ ਫਸਲ ਨੂੰ ਭਰਭੂਰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿਚ ਜਿੱਥੇ ਵੀ ਖੇਤ ਪਾਠਸ਼ਾਲਾਵਾਂ ਚੱਲ ਰਹੀਆਂ ਹਨ, ਉਨ੍ਹਾਂ ਖੇਤਾਂ ਵਿਚ ਰਸ ਚੂਸਣ ਕੀੜੇ ਖਤਮ ਹੋ ਗਏ ਹਨ।