ਕੋਵਿਡ-19 ਸੰਕਟ ''ਤੇ ਭਾਰੀ ਪਈ ਕਿਸਾਨਾਂ ਦੀ ਹਿੰਮਤ, ਜਾਣੋ ਕਿਹੜੇ ਸੂਬੇ ’ਚ ਕਿੰਨੀ ਹੋਈ ਸਾਉਣੀ ਫਸਲਾਂ ਦੀ ਬਿਜਾਈ

08/30/2020 6:16:31 PM

ਗੁਰਦਾਸਪੁਰ (ਹਰਮਨਪ੍ਰੀਤ) - ਇਸ ਸਾਲ ਪੂਰੇ ਦੇਸ਼ ਅੰਦਰ ਖੇਤੀਬਾੜੀ ਸਮੇਤ ਸਾਰੇ ਖੇਤਰਾਂ ਵਿਚ ਕੋਵਿਡ-19 ਦੇ ਵੱਡੇ ਅਸਰ ਦੇ ਬਾਵਜੂਦ ਦੇਸ਼ ਦੇ ਕਿਸਾਨਾਂ ਨੇ ਸਾਉਣੀ ਦੀ ਫਸਲਾਂ ਦੀ ਬਿਜਾਈ ਦੇ ਮਾਮਲੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਪ੍ਰਾਪਤੀ ਕੀਤੀ ਹੈ। ਜੇਕਰ ਪੂਰੇ ਦੇਸ਼ ਅੰਦਰ ਪਿਛਲੇ ਸਾਲ 28 ਅਗਸਤ ਤੱਕ ਕਿਸਾਨਾਂ ਵੱਲੋਂ ਵੱਖ-ਵੱਖ ਫਸਲਾਂ ਦੀ ਕੀਤੀ ਗਈ ਬਿਜਾਈ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਦੇਸ਼ ਅੰਦਰ ਖੇਤੀਯੋਗ 1066.44 ਲੱਖ ਹੈਕਟੇਅਰ ਰਕਬੇ ਵਿਚੋਂ ਪਿਛਲੇ ਸਾਲ 1009.98 ਲੱਖ ਹੈਕਟੇਅਰ ਵਿਚ ਸਾਉਣੀ ਵਾਲੀਆਂ ਫਸਲਾਂ ਦੀ ਕਾਸ਼ਤ ਹੋਈ ਸੀ ਜਦੋਂ ਕਿ ਇਸ ਸਾਲ ਇਹ ਰਕਬਾ ਵਧ ਕੇ 1082.22 ਲੱਖ ਹੈਕਟੇਅਰ ਹੋਇਆ ਹੈ। ਇਸ ਦੇ ਚਲਦਿਆਂ ਦੇਸ਼ ਦੇ ਕਿਸਾਨਾਂ ਨੇ ਇਸ ਸਾਲ 72. 24 ਲੱਖ ਹੈਕਟੇਅਰ ਜ਼ਿਆਦਾ ਰਕਬੇ ਵਿਚ ਸਾਉਣੀ ਵਾਲੀਆਂ ਫਸਲਾਂ ਦੀ ਕਾਸ਼ਤ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਸਾਉਣੀ ਵਾਲੀਆਂ ਫਸਲਾਂ ਹੇਠ 7.15 ਫੀਸਦੀ ਜ਼ਿਆਦਾ ਰਕਬਾ ਲਿਆਂਦਾ ਹੈ। 

19 ਸੂਬਿਆਂ 'ਚ ਝੋਨੇ ਹੇਠ ਵਧਿਆ 35.40 ਲੱਖ ਹੈਕਟੇਅਰ ਰਕਬਾ
ਇਸ ਸਾਲ ਪੂਰੇ ਦੇਸ਼ ਅੰਦਰ ਪੈਡੀ ਹੇਠ 389.81 ਲੱਖ ਹੈਕਟੇਅਰ ਰਕਬਾ ਆਇਆ ਹੈ ਜਦੋਂ ਕਿ ਪਿਛਲੇ ਸਾਲ ਇਹ ਰਕਬਾ 354. 41 ਲੱਖ ਹੈਕਟੇਅਰ ਸੀ। ਇਸ ਤਰਾਂ ਇਸ ਸਾਲ ਕਰੀਬ 35. 40 ਲੱਖ ਹੈਕਟੇਅਰ ਜ਼ਿਆਦਾ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਹੈ। ਜੇਕਰ ਵੱਖ-ਵੱਖ ਸੂਬਿਆਂ ਦੀ ਸਥਿਤੀ ਦੇਖੀ ਜਾਵੇ ਤਾਂ ਤੇਲੰਗਾਨਾ ਅਜਿਹਾ ਸੂਬਾ ਹੈ, ਜਿਸ ਵਿਚ 10. 06 ਲੱਖ ਹੈਕਟੇਅਰ ਜ਼ਿਆਦਾ ਬਿਜਾਈ ਹੋਈ ਹੈ ਜਦੋਂਕਿ ਮੱਧ ਪ੍ਰਦੇਸ਼ 'ਚ 5.23, ਬਿਹਾਰ 5.22, ਝਾਰਖੰਡ ਵਿਚ 5.05, ਵੈਸਟ ਬੰਗਾਲ ਵਿਚ 4.04, ਕਰਨਾਕਟਕ ਵਿਚ 2.29, ਉਡੀਸਾ ਵਿਚ 1.26, ਤਾਮਿਲਨਾਡੂ ਵਿਚ 1.12, ਆਂਧਰਾ ਪ੍ਰਦੇਸ਼ ਵਿਚ 0.68, ਮਹਾਂਰਾਸ਼ਟਰ ਵਿਚ 0.65, ਛੱਤੀਸ਼ਗੜ ਵਿਚ 0.46, ਮਨੀਪੁਰ ਵਿਚ 0.35, ਉਤਰਪ੍ਰਦੇਸ਼ 0.31, ਰਾਜਸਥਾਨ ’ਚ 0.26, ਗੁਜਰਾਤ ਵਿਚ 0.18, ਹਰਿਆਣਾ ਵਿਚ 0.18, ਅਸਾਮ ਵਿਚ 0.15, ਕੇਰਲਾ ਵਿਚ 0.01, ਸਿਕਮ ਵਿਚ 0.01 ਵਿਚ ਜ਼ਿਆਦਾ ਬਿਜਾਈ ਹੈ। 

ਪੰਜਾਬ ਸਮੇਤ 4 ਸੂਬਿਆਂ 'ਚ ਘਟਿਆ ਰਕਬਾ
ਇਸ ਤੋਂ ਇਲਾਵਾ ਪੰਜਾਬ ਅੰਦਰ 1.84, ਨਾਗਾਲੈਂਡ ਵਿਚ 0.16, ਤ੍ਰਿਪੁਰਾ ਵਿਚ 0.10 ਅਤੇ ਜੰਮੂ ਕਸ਼ਮੀਰ ਵਿਚ 0.04 ਲੱਖ ਹੈਕਟੇਅਰ ਰਕਬੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਘੱਟ ਬਿਜਾਈ ਹੋਈ ਹੈ। 

ਦੇਸ਼ ਅੰਦਰ ਦਾਲਾਂ ਹੇਠ ਵਧਿਆ 5.91 ਲੱਖ ਹੈਕਟੇਅਰ ਰਕਬਾ
ਦੇਸ਼ ਭਰ ਅੰਦਰ ਦਾਲਾਂ ਦੀ ਬਿਜਾਈ ਦੇ ਮਾਮਲੇ ਵਿਚ ਇਸ ਸਾਲ ਕਿਸਾਨਾਂ ਨੇ ਕਰੀਬ 5.91 ਲੱਖ ਹੈਕਟੇਅਰ ਰਕਬੇ ਵਿਚ ਜ਼ਿਆਦਾ ਬਿਜਾਈ ਕੀਤੀ ਹੈ। ਪਿਛਲੇ ਸਾਲ ਦੇਸ਼ ਅੰਦਰ ਕਰੀਬ 128.65 ਲੱਖ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਬਿਜਾਈ ਹੋਈ ਸੀ ਜਦੋਂ ਕਿ ਇਸ ਸਾਲ ਦੇਸ਼ ਦੇ ਕਿਸਾਨਾਂ ਨੇ 134. 57 ਲੱਖ ਹੈਕਟੇਅਰ ਰਕਬੇ ਵਿਚ ਦਾਲਾਂ ਵਾਲੀਆਂ ਫਸਲਾਂ ਦੀ ਕਾਸ਼ਤ ਕੀਤੀ ਹੈ। ਇਸ ਤਹਿਤ ਕਰਨਾਟਕ ਅੰਦਰ 2.91, ਮਹਾਰਾਸ਼ਟਰ ਅੰਦਰ 2.19, ਤਿਲੰਗਾਨਾ ਅੰਦਰ 1.42, ਛਤੀਸ਼ਗੜ ਵਿਚ 0.64, ਗੁਜਰਾਤ ਅੰਦਰ 0.55, ਉਡੀਸਾ ਵਿਚ 0.27, ਬਿਹਾਰ ਵਿਚ 0.22, ਹਰਿਆਣਾ ਵਿਚ 0.22, ਉਤਰਾਖੰਡ ਵਿਚ 0.01 ਅਤੇ ਵੈਸਟ ਬੰਗਾਲ ਵਿਚ 0.01 ਲੱਖ ਹੈਕਟੇਅਰ ਜ਼ਿਆਦਾ ਰਕਬੇ ਵਿਚ ਦਾਲਾਂ ਦੀ ਬਿਜਾਈ ਜ਼ਿਆਦਾ ਹੋਈ ਹੈ। ਇਸ ਦੇ ਉਲਟ ਮੱਧ ਪ੍ਰਦੇਸ਼ ਵਿਚ 1.51, ਰਾਜਸਥਾਨ ਵਿਚ 0.90, ਉਤਰ ਪ੍ਰਦੇਸ਼ ਵਿਚ 0.12, ਆਂਧਰਾ ਪ੍ਰਦੇਸ਼ ਵਿਚ 0.12, ਨਾਗਾਲੈਂਡ ਵਿਚ 0.07, ਮਨੀਪੁਰ ਵਿਚ 0.03, ਸਿੱਕਮ ਵਿਚ 0.01, ਜੰਮੂ ਕਸ਼ਮੀਰ ਵਿਚ 0.01 ਅਤੇ ਤ੍ਰਿਪੁਰਾ ਵਿਚ 0.01 ਲੱਖ ਹੈਕਟੇਅਰ ਘੱਟ ਰਕਬੇ ਵਿਚ ਦਾਲਾਂ ਵਾਲੀਆਂ ਫਸਲਾਂ ਦੀ ਕਾਸ਼ਤ ਹੋਈ ਹੈ। 

ਵੱਖ ਵੱਖ ਸੂਬਿਆਂ ਅੰਦਰ ਗੰਨੇ ਹੇਠ ਵਧਿਆ ਸਿਰਫ 0.61 ਲੱਖ ਹੈਕਟੇਅਰ ਰਕਬਾ
ਦੇਸ਼ ਅੰਦਰ ਵੱਖ-ਵੱਖ ਸੂਬਿਆਂ ਵਿਚ ਇਸ ਸਾਲ ਗੰਨੇ ਹੇਠ 0.61 ਲੱਖ ਹੈਕਟੇਅਰ ਰਕਬਾ ਵਧਿਆ ਹੈ, ਜਿਸ ਦੇ ਚਲਦਿਆਂ ਇਸ ਸਾਲ ਕਿਸਾਨਾਂ ਵੱਲੋਂ 52.29 ਲੱਖ ਹੈਕਟੇਅਰ ਰਕਬੇ ਵਿਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਇਹ ਰਕਬਾ 51.68 ਲੱਖ ਹੈਕਟੇਅਰ ਸੀ। 

ਨਰਮੇ ਦੀ ਸਥਿਤੀ
ਇਸ ਸਾਲ ਦੇਸ਼ ਅੰਦਰ ਨਰਮੇ ਹੇਠ 3.50 ਲੱਖ ਹੈਕਟੇਅਰ ਰਕਬਾ ਵਧਿਆ ਹੈ, ਜਿਸ ਤਹਿਤ ਇਸ ਸਾਲ 128.41 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਹੈ, ਜਦੋਂ ਕਿ ਪਿਛਲੇ ਸਾਲ 124.90 ਲੱਖ ਹੈਕਟੇਅਰ ਵਿਚ ਨਰਮੇ ਦੀ ਕਾਸ਼ਤ ਹੋਈ ਸੀ। ਇਸ ਸਾਲ ਤੇਲੰਗਾਨਾ ਵਿਚ 6.15, ਪੰਜਾਬ ਅੰਦਰ 0.99, ਕਰਨਾਟਕਾ ਅੰਦਰ 0.96, ਰਾਜਸਥਾਨ ਵਿਚ 0.53, ਹਰਿਆਣਾ ਅੰਦਰ 0.36, ਮੱਧ ਪ੍ਰਦੇਸ਼ ਵਿਚ 0.35 ਅਤੇ ਉਡੀਸਾ ਵਿਚ 0.01 ਲੱਖ ਹੈਕਟੇਅਰ ਜ਼ਿਆਦਾ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ ਜਦੋਂ ਕਿ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਸੂਬਿਆਂ ਵਿਚ ਨਰਮੇ ਹੇਠ ਰਕਬਾ ਪਿਛਲੇ ਸਾਲ ਨਾਲੋਂ ਘੱਟ ਹੋਇਆ ਹੈ।

ਤੇਲ ਬੀਜ ਵਾਲੀਆਂ ਫਸਲਾਂ ਦੀ ਜ਼ਿਆਦਾ ਹੋਈ ਕਾਸ਼ਤ
ਇਸ ਸਾਲ ਦੇਸ਼ ਅੰਦਰ ਤੇਲ ਬੀਜ ਵਾਲੀਆਂ ਫਸਲਾਂ ਹੇਠ 22.30 ਲੱਖ ਹੈਕਟੇਅਰ ਰਕਬਾ ਵਧਿਆ ਹੈ, ਜਿਸ ਦੇ ਚਲਦਿਆਂ ਇਸ ਸਾਲ 193.29 ਲੱਖ ਹੈਕਟੇਅਰ ਰਕਬੇ ਵਿਚ ਤੇਲ ਬੀਜ ਵਾਲੀਆਂ ਫਸਲਾਂ ਦੀ ਕਾਸ਼ਤ ਹੋਈ ਹੈ ਜਦੋਂ ਕਿ ਪਿਛਲੇ ਸਾਲ 170.99 ਲੱਖ ਹੈਕਟੇਅਰ ਰਕਬਾ ਇਨ੍ਹਾਂ ਫਸਲਾਂ ਹੇਠ ਸੀ। ਇਸ ਸਾਲ ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕਾ, ਰਾਜਸਥਾਨ, ਤਾਮਿਲਨਾਡੂ, ਉਡੀਸਾ, ਛਤੀਸ਼ਗੜ, ਪੰਜਾਬ, ਹਰਿਆਣਾ ਤੇ ਪੱਛਮੀ ਬੰਗਾਲ ਵਿਚ ਤੇਲ ਬੀਜ ਵਾਲੀਆਂ ਫਸਲਾਂ ਦੀ ਕਾਸ਼ਤ ਜ਼ਿਆਦਾ ਹੋਈ ਹੈ, ਜਦੋਂ ਕਿ ਤੇਲੰਗਾਨਾ, ਉਤਰ ਪ੍ਰਦੇਸ਼, ਬਿਹਾਰ, ਜੰਮੂ ਕਸ਼ਮੀਰ ਅਤੇ ਝਾਰਖੰਡ ਅਜਿਹੇ ਸੂਬੇ ਹਨ, ਜਿਥੇ ਇਨ੍ਹਾਂ ਫਸਲਾਂ ਹੇਠ ਰਕਬਾ ਘਟਿਆ ਹੈ।

rajwinder kaur

This news is Content Editor rajwinder kaur