27 ਸਤੰਬਰ ਨੂੰ ਬਰਨਾਲਾ ਵਿਖੇ ਹੋ ਰਹੇ ਸਮਾਗਮਾਂ ''ਚ ਕਿਸਾਨ ਮਜ਼ਦੂਰ ਨੌਜਵਾਨਾਂ ਦੀ ਹੋਵੇਗੀ ਭਰਵੀਂ ਸ਼ਮੂਲੀਅਤ

09/25/2016 2:23:33 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—27 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਦਿਨ ਵੇਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜਾ ਜਸ਼ਨਾਂ ਸੰਬੰਧੀ ਕੀਤੀ ਜਾ ਰਹੀ ''ਰੰਗ ਦੇ ਬਸੰਤੀ ਕਾਨਫਰੰਸ'' ਅਤੇ ਰਾਤ ਨੂੰ ਪਲਸ ਮੰਚ ਦੇ ਸੱਦੇ ''ਤੇ ਉੱਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਬਰਸੀ ਮੌਕੇ ਹਰ ਸਾਲ ਵਾਂਗ ''ਇਨਕਲਾਬੀ ਰੰਗ ਮੰਚ ਦਿਹਾੜਾ'' ਦੇ ਸਮਾਗਮਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। 

ਇਹ ਜਾਣਕਾਰੀ ਦਿੰਦਿਆਂ ਦੋਨਾਂ ਜੱਥੇਬੰਦੀਆਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਇੱਥੇ ਜਾਰੀ ਕੀਤੇ ਸਾਂਝੇ ਬਿਆਨ ''ਚ ਦੱਸਿਆ ਗਿਆ ਹੈ ਕਿ ਇਸ ਫੈਸਲੇ ਮੁਤਾਬਕ ਪਿੰਡ ਮੀਟਿੰਗਾਂ, ਰੈਲੀਆਂ, ਜਾਗੋ ਮਾਰਚ, ਢੋਲ ਮਾਰਚ ਆਦਿ ਵੱਡੀ ਪੱਧਰ ''ਤੇ ਕੀਤੇ ਜਾ ਰਹੇ ਹਨ। ਹਜ਼ਾਰਾਂ ਦੀ ਗਿਣਤੀ ''ਚ ਕੰਧ ਪੋਸਟਰ ਲਾਏ ਜਾ ਰਹੇ ਹਨ ਅਤੇ ਹੱਥ-ਪਰਚੇ ਵੰਡੇ ਜਾ ਰਹੇ ਹਨ। ਜਨਤਕ ਜਮਹੂਰੀ ਜਥੇਬੰਦੀਆਂ ਦੇ 7 ਚੋਟੀ ਆਗੂਆਂ ''ਤੇ ਅਧਾਰਿਤ ''ਰੰਗ ਦੇ ਬਸੰਤੀ ਕਾਨਫਰੰਸ'' ਤਿਆਰੀ ਕਮੇਟੀ ਦੇ ਸੱਦੇ ''ਤੇ ਕੀਤੀ ਜਾ ਰਹੀ ਇਸ ਕਾਨਫਰੰਸ ਦਾ ਮਕਸਦ ਨੌਜਵਾਨਾਂ ''ਚ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਆਦਰਸ਼ਾਂ ਨੂੰ ਉਭਾਰਨਾ ਅਤੇ ਸੰਗਰਾਮੀ ਲੋਕ-ਲਹਿਰ ਉੱਪਰ ਉਸਦੇ ਸਾਮਰਾਜ-ਵਿਰੋਧੀ ਵਿਚਾਰਾਂ ਦੀ ਰੰਗਤ ਹੋਰ ਗੂੜ੍ਹੀ ਕਰਨਾ ਮਿਥਿਆ ਗਿਆ ਹੈ। ਬਿਆਨ ਅਨੁਸਾਰ ਕਿਸਾਨ-ਮਜ਼ਦੂਰ ਨੌਜਵਾਨ ਮੁੰਡੇ ਤੇ ਕੁੜੀਆਂ ਸ਼ਹੀਦੇ-ਆਜ਼ਮ ਦੀ ਸੋਚ ਦਾ ਚਿੰਨ੍ਹ ਬਣ ਚੁੱਕੇ ਬਸੰਤੀ ਰੰਗ ਦੀਆਂ ਪੱਗਾਂ/ਪਟਕੇ ਤੇ ਚੁੰਨੀਆਂ ਸਿਰਾਂ ''ਤੇ ਸਜਾ ਕੇ ਹਜ਼ਾਰਾਂ ਦੀ ਤਦਾਦ ''ਚ ਕਾਨਫਰੰਸ ਵਿੱਚ ਵਹੀਰਾਂ ਘੱਤ ਕੇ ਆਉਣਗੇ। ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਰਾਤ ਦੇ ਬਰਸੀ ਸਮਾਗਮ ਵਿੱਚ ਵੀ ਭਾਰੀ ਗਿਣਤੀ ''ਚ ਸ਼ਾਮਲ ਹੋਣਗੇ। ਰਾਤ ਦੇ 12 ਵਜੇ 28 ਸਤੰਬਰ ਦੀ ਸ਼ੁਰੂਆਤ ਮੌਕੇ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਲਈ ਉਸਦੀ ਸੋਚ ਵਾਲੇ ਨਾਹਰਿਆਂ ਨਾਲ ਆਕਾਸ਼ ਗੂੰਜੇਗਾ ਅਤੇ ਅਤਿਸ਼ਬਾਜ਼ੀਆਂ ਨਾਲ ਜਗਮਗ-ਜਗਮਗ ਕਰੇਗਾ।