ਵਿਦਿਆ ਦੇ ਮੰਦਰ ’ਚ ਹੱਥੀਂ ਕਿਰਤ ਕਰਨ ਦੀ ਵਿਲੱਖਣ ਮਿਸਾਲ, ‘ਧੀਆਂ’ਦੇ ਜਜ਼ਬੇ ਨੂੰ ਸਲਾਮ

07/28/2020 11:02:10 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਜ਼ਿਲਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਵਿਖੇ ਕਰੀਬ 44 ਸਾਲਾਂ ਤੋਂ ਸਿਖਿਆ ਦੇ ਖੇਤਰ ’ਚ ਨਿਵੇਕਲੇ ਮੀਲ ਪੱਥਰ ਸਥਾਪਿਤ ਕਰਦੇ ਆ ਰਹੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਨੇ ਹਜ਼ਾਰਾਂ ਕੁੜੀਆਂ ਨੂੰ ਤਾਲੀਮ ਦੇ ਕੇ ਜ਼ਿੰਦਗੀ ’ਚ ਸਫਲਤਾ ਦਾ ਰਾਹ ਦਰਸਾਇਆ ਹੈ। ਉਸ ਦੇ ਨਾਲ ਹੀ ਇਸ ਕਾਲਜ ਵਲੋਂ ਵਿਦਿਆਰਥਣਾਂ ਦੇ ਮਨਾਂ ’ਚ ਹੱਥੀਂ ਕਿਰਤ ਕਰਨ ਅਤੇ ਮਿਹਨਤ ਕਰਨ ਦਾ ਜਜ਼ਬਾ ਭਰਨ ਲਈ ਉਨ੍ਹਾਂ ਨੂੰ ਖੇਤੀਬਾੜੀ ਦੇ ਕੰਮ ਨਾਲ ਜੋੜਨ ਦਾ ਵਿਲੱਖਣ ਕਾਰਜ ਵੀ ਕੀਤਾ ਜਾ ਰਿਹਾ ਹੈ। ‘ਜਗ ਬਾਣੀ’ ਵਲੋਂ ਇਸ ਕਾਲਜ ਦੇ ਕੀਤੇ ਗਏ ਦੌਰਾਨ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦਾ ਛੁਪਿਆ ਹੋਇਆ ਅਹਿਮ ਪਹਿਲੂ ਸਾਹਮਣੇ ਆਇਆ ਹੈ ਕਿ ਜਿਸ ਤਰ੍ਹਾਂ ਇਸ ਕਾਲਜ ਦੀਆਂ ਵਿਦਿਆਰਥਣਾਂ ਖੁਦ ਅਧਿਆਪਕ ਬਣ ਹੇਠਲੀਆਂ ਕਲਾਸਾਂ ਦੀਆਂ ਵਿਦਿਆਰਥਣਾਂ ਨੂੰ ਪੜ੍ਹਾਉਂਦੀਆਂ ਹਨ। ਉਸੇ ਤਰਜ਼ ’ਤੇ ਇਨ੍ਹਾਂ ਵਿਦਿਆਰਥਣਾਂ ਵੱਲੋਂ ਖੁਦ ਕਣਕ, ਝੋਨੇ, ਸਬਜ਼ੀਆਂ, ਗੰਨੇ ਤੇ ਦਾਲਾਂ ਆਦਿ ਦੀ ਕਾਸ਼ਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ -  ਮਨੁੱਖੀ ਜ਼ਿੰਦਗੀ ਲਈ ਸੇਧ ਦਾ ਕੇਂਦਰੀ ਧੁਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

ਕੀ ਹਨ ਕਾਲਜ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ?
ਇਸ ਕਾਲਜ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ 1976 ਵਿਚ ਸ਼ੁਰੂ ਕੀਤੇ ਇਸ ਕਾਲਜ ਵਿਚ ਕਰੀਬ 3500 ਵਿਦਿਆਰਥਾਂ ਸਿਖਿਆ ਲੈ ਰਹੀਆਂ ਹਨ, ਜਿਨ੍ਹਾਂ ਵੱਲੋਂ ਖੁਦ ਪੜ੍ਹਾਈ ਕੀਤੀ ਜਾਂਦੀ ਅਤੇ ਹੇਠਲੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਪੜ੍ਹਾਇਆ ਵੀ ਜਾਂਦਾ ਹੈ। ਉਨ੍ਹਾ ਕਿਹਾ ਕਿ ਪੂਰੀ ਤਰ੍ਹਾ ਨਕਲ ਰਹਿਤ ਇਸ ਕਾਲਜ ਵਿਚ ਬੱਚਿਆਂ ਦੀ ਫੀਸ ਲੈਣ ਦੀ ਬਜਾਏ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ ’ਤੇ ਵਜੀਫੇ ਦਿੱਤੇ ਜਾਂਦੇ ਹਨ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਇਸ ਕਾਲਜ ਨੇ ਪਿਛਲੇ ਕਰੀਬ ਪੰਜ ਸਾਲਾਂ ਤੋਂ 100 ਫੀਸਦੀ ਨਤੀਜੇ ਲਿਆ ਕੇ ਮਿਸਾਲ ਪੈਦਾ ਕੀਤੀ ਹੈ ਅਤੇ ਨਾਲ ਹੀ 10 ਫੀਸਦੀ ਵਿਦਿਆਰਥਣਾਂ ਮੈਰਿਟ ਵਿਚ ਆ ਰਹੀਆਂ ਹਨ। ਏਨਾ ਹੀ ਨਹੀਂ 60 ਫੀਸਦੀ ਤੋਂ ਜ਼ਿਆਦਾ ਵਿਦਿਆਰਥਣਾਂ ਪਹਿਲੇ ਦਰਜੇ ਵਿਚ ਪਾਸ ਹੁੰਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਸਿਖਿਆ ਦੇ ਖੇਤਰ ਵਿਚ ਇਹ ਕਾਲਜ ਪੂਰੇ ਪੰਜਾਬ ਅੰਦਰ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਪਰ ਇਸ ਸੰਸਥਾ ਵਲੋਂ ਵਿਦਿਆਰਥਣਾਂ ਨੂੰ ਖੇਤੀਬਾੜੀ ਦੇ ਕੰਮ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਆਪਣੇ ਆਪ ਵਿਚ ਬੇਮਿਸਾਲ ਹਨ।

ਪੜ੍ਹੋ ਇਹ ਵੀ ਖਬਰ -  ਕੋਰੋਨਾ ਕਾਲ 'ਚ ਜਾਣੋ ਫ਼ਲ-ਸਬਜ਼ੀਆਂ ਨੂੰ ਕਿਵੇਂ ਕਰੀਏ ਸਾਫ਼

ਵਿਦਿਆਰਥਣਾਂ ਵਲੋਂ ਖੁਦ ਕੀਤਾ ਜਾਂਦੈ ਖੇਤੀਬਾੜੀ ਦਾ ਕੰਮ
ਪ੍ਰਿੰਸੀਪਲ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੇ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨ ਪੀੜ੍ਹਾ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾਈ ਜਾਵੇ ਤੇ ਸਿਰਫ ਅਕਾਦਮਿਕ ਸਿਖਿਆ ਦੇਣ ਤੱਕ ਸੀਮਤ ਰਹਿਣ ਦੀ ਬਜਾਏ ਉਨ੍ਹਾਂ ਨੂੰ ਜੀਵਨ ਜਾਂਚ ਸਿਖਾਈ ਜਾਵੇ। ਇਸ ਤਹਿਤ ਉਨ੍ਹਾਂ ਨੇ ਸ਼ੁਰੂ ਤੋਂ ਹੀ ਵਿਦਿਆਰਥਣਾਂ ਵਿਚ ਆਤਮਵਿਸ਼ਵਾਸ਼ ਪੈਦਾ ਕਰਨ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਨੇ ਕਾਲਜ ਦੇ ਹੋਸਟਲ ਵਿਚ ਵਰਤਿਆ ਜਾਣ ਵਾਲਾ ਰਾਸ਼ਨ, ਦਾਲਾਂ, ਸਬਜੀਆਂ ਆਦਿ ਕਾਲਜ ਦੇ ਖੇਤਾਂ ਵਿਚ ਪੈਦਾ ਕਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ।

ਪੜ੍ਹੋ ਇਹ ਵੀ ਖਬਰ -  ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ

ਵਿਦਿਆਰਥਣਾਂ ਸਮੇਂ-ਸਮੇਂ ’ਤੇ ਇਸ ਕਾਰਜ ਨੂੰ ਬਾਖੂਬੀ ਨੇਪਰੇ ਚੜ੍ਹਾਉਂਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਕੋਸ਼ਿਸ਼ ਕਰ ਕਰ ਰਹੇ ਹਨ ਕਿ ਖੇਤੀਬਾੜੀ ਦੇ ਇਸ ਕੰਮ ਨੂੰ ਹੋਰ ਵੱਡੇ ਪੱਧਰ ’ਤੇ ਲਿਜਾ ਕੇ ਕਾਲਜ ਦੇ ਫਾਰਮ ਵਿਚ ਹਲਦੀ ਤਿਆਰ ਕਰਨ ਦਾ ਪਲਾਂਟ ਲਗਾਇਆ ਜਾਵੇ ਅਤੇ ਨਾਲ ਹੀ ਲਸਣ, ਮਿਰਚਾਂ, ਪਿਆਜ ਆਦਿ ਦੀ ਕਾਸ਼ਤ ਵੱਡੇ ਪੱਧਰ ’ਤੇ ਕੀਤੀ ਜਾਵੇ। ਇਸ ਨਾਲ ਵਿਦਿਆਰਥਣਾਂ ਆਪਣੀ ਪੜ੍ਹਾਈ ਕਰਨ ਦੇ ਨਾਲ-ਨਾਲ ਇਨ੍ਹਾਂ ਫਸਲਾਂ ਦੀ ਆਮਦਨ ਨੂੰ ਹੋਰਾਂ ਵਿਦਿਆਰਥਣਾਂ ਵਿਚ ਵੰਡ ਕੇ ਪਰਿਵਾਰਾਂ ਦੀ ਕਮਾਈ ਜਾ ਸਾਧਨ ਵੀ ਪੈਦਾ ਕੀਤਾ ਜਾ ਸਕੇ।

ਕਾਲਜ ਅੰਦਰ ਚਲ ਰਹੇ ਹਨ ਖੇਤੀਬਾੜੀ ਨਾਲ ਸਬੰਧਤ ਕਈ ਪ੍ਰਾਜੈਕਟ
ਪ੍ਰਿੰਸੀਪਲ ਵਿਰਕ ਨੇ ਦੱਸਿਆ ਕਿ ਖੇਤੀਬਾੜੀ ਦੇ ਕੰਮ ਤੱਕ ਸੀਮਤ ਰਹਿਣ ਦੇ ਨਾਲ-ਨਾਲ ਉਨ੍ਹਾਂ ਨੇਪਸ਼ੂ ਵੀ ਰੱਖੇ ਹਨ ਤੇ ਨਾਲ ਹੀ ਗੋਬਰ ਗੈਸ ਪਲਾਂਟ ਲਗਾਇਆ ਹੋਇਆ ਹੈ। ਜਿਸ ਨਾਲ ਵਿਦਿਆਰਥਣਾਂ ਵੱਲੋਂ ਖਾਣਾ ਕੀਤਾ ਜਾਂਦਾ ਹੈ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਖਾਦ ਦੇ ਰੂਪ ਵਿਚ ਵਰਤ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਇਸ ਪੂਰੇ ਪ੍ਰਾਜੈਕਟ ਵਿਚ ਉਹ ਕਿਸੇ ਵੀ ਚੀਜ਼ ਨੂੰ ਵਿਅਰਥ ਨਹੀਂ ਜਾਣ ਦਿੰਦੇ ਅਤੇ ਕੁਦਰਤ ਨੂੰ ਪਿਆਰ ਕਰਦੇ ਹੋਏ ਜਿਥੇ ਰਸਾਇਣਿਕ ਖਾਦਾਂ ਦਵਾਈਆਂ ਦੀ ਵਰਤੋਂ ਗੁਰੇਜ਼ ਕਰਦੇ ਹਨ, ਉਸ ਦੇ ਨਾਲ ਮਿੱਟੀ, ਹਵਾ ਤੇ ਪਾਣੀ ਦੀ ਸ਼ੁੱਧਤਾ ਬਚਾਈ ਰੱਖਣ ਲਈ ਹਰ ਯੋਗ ਉਪਰਾਲਾ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਰਵਾਇਤੀ ਫ਼ਸਲਾਂ ਦੀ ਥਾਂ ਬਾਗ਼ਬਾਨੀ ਅਪਣਾ ਕਿਸਾਨ ਵਧਾ ਸਕਦੇ ਹਨ ਆਪਣੀ ਆਮਦਨ

ਪਸ਼ੂ ਪਾਲਣ ਸਬੰਧੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲਾ
ਪ੍ਰਿੰਸੀਪਲ ਨੇ ਦੱਸਿਆ ਕਿ ਜੇਕਰ ਲੋਕ ਘਰਾਂ ਵਿਚ ਦੁਧਾਰੂ ਪਸ਼ੂ ਰੱਖਣ ਤਾਂ ਦੁੱਧ ਦੀ ਸਮੱਸਿਆ ਵੱਡੇ ਪੱਧਰ ’ਤੇ ਹੱਲ ਹੋ ਸਕਦੀ ਹੈ। ਪਰ ਕਈ ਲੋਕ ਪਸ਼ੂ ਰੱਖਣੇ ਤਾਂ ਚਾਹੁੰਦੇ ਹਨ, ਪਰ ਉਨਾਂ ਕੋਲ ਚਾਰਾ ਬੀਜਣ ਲਈ ਜ਼ਮੀਨ ਹੀ ਨਹੀਂ ਹੁੰਦੀ। ਇਸ ਲਈ ਉਨ੍ਹਾਂ ਨੇ ਆਪਣੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਹ ਸਹੂਲਤ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਮਾਪੇ ਆਪਣੇ ਘਰਾਂ ਵਿਚ ਪਸ਼ੂ ਰੱਖਣਾ ਚਾਹੁਣ ਤਾਂ ਉਨਾਂ ਨੂੰ ਕਾਲਜ ਵੱਲੋਂ ਮੁਫਤ ਪੱਠੇ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖਬਰ - ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ

rajwinder kaur

This news is Content Editor rajwinder kaur