ਫਸਲਾਂ ਨੂੰ ਬੀਮਾਰੀਆਂ ਤੋਂ ਬਚਾਉਂਦੀਆਂ ਹਨ ਕੀੜੀਆਂ

10/21/2019 10:36:13 AM

ਗੈਜੇਟ ਡੈਸਕ– ਬੂਟਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਪਰ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਕੀੜੀਆਂ ਫਸਲਾਂ ਨੂੰ ਬੀਮਾਰੀਆਂ ਤੋਂ ਬਚਾਉਣ 'ਚ ਕਾਫੀ ਮਦਦਗਾਰ ਹੋ ਸਕਦੀਆਂ ਹਨ। ਕੀੜੀਆਂ ਤੁਰਨ ਵੇਲੇ ਲਗਾਤਾਰ ਇਕ-ਦੂਜੇ ਦੇ ਨੇੜੇ ਸੰਪਰਕ 'ਚ ਰਹਿੰਦੀਆਂ ਹਨ। ਇਸੇ ਦੌਰਾਨ ਉਹ ਆਪਣੇ ਸਰੀਰ ਦੀਆਂ ਗ੍ਰੰਥੀਆਂ (ਗਲੈਂਡਸ) ਵਿਚੋਂ ਐਂਟੀ-ਬਾਇਓਟਿਕ ਦਵਾਈਆਂ ਦਾ ਰਿਸਾਅ ਕਰਦੀਆਂ ਹਨ। ਇਸ ਤੋਂ ਇਲਾਵਾ ਉਹ ਆਪਣੇ ਪੈਰਾਂ ਰਾਹੀਂ ਐਂਟੀ-ਬਾਇਓਟਿਕ ਪੈਦਾ ਕਰਨ ਵਾਲੇ ਫਾਇਦੇਮੰਦ ਬੈਕਟੀਰੀਆ ਦੀ ਖੇਤੀ ਵੀ ਕਰਦੀਆਂ ਹਨ, ਜੋ ਬੂਟਿਆਂ ਵਿਚ ਸਮਾ ਜਾਂਦਾ ਹੈ।

14 ਬੀਮਾਰੀਆਂ ਰੋਕ ਸਕਦੀਆਂ ਹਨ ਕੀੜੀਆਂ
ਯੂਰਪੀ ਦੇਸ਼ ਡੈੱਨਮਾਰਕ ਦੀ ਆਰਹੂਸ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੀੜੀਆਂ ਘੱਟੋ-ਘੱਟ 14 ਬੀਮਾਰੀਆਂ ਨੂੰ ਰੋਕ ਸਕਦੀਆਂ ਹਨ। ਟੈਸਟ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕੀੜੀਆਂ ਦੀ ਮੌਜੂਦਗੀ ਨੇ ਬੀਮਾਰੀਆਂ ਦੇ ਲੈਵਲ ਨੂੰ 59 ਫੀਸਦੀ ਤਕ ਘਟਾ ਦਿੱਤਾ। ਪ੍ਰਮੁੱਖ ਵਿਗਿਆਨੀ ਜੋਆਚਿਮ ਆਫੇਨਬਰਗ ਨੇ ਕਿਹਾ ਕਿ ਅਸੀਂ ਹੁਣ ਤਕ ਨਹੀਂ ਜਾਣਦੇ ਕਿ ਕੀੜੀਆਂ ਬੂਟਿਆਂ ਨੂੰ ਕਿਵੇਂ ਠੀਕ ਕਰਦੀਆਂ ਹਨ ਪਰ ਸਾਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਹੈ ਕਿ ਕੀੜੀਆਂ ਆਪਣਾ ਰਸਤਾ ਲੱਭਣ ਲਈ ਬੂਟਿਆਂ ਦੇ ਨਾਲ-ਨਾਲ ਫੇਰੋਮੋਨ ਦਾ ਰਿਸਾਅ ਕਰਦੀਆਂ ਹਨ ਅਤੇ ਇਨ੍ਹਾਂ ਵਿਚੋਂ ਕੁਝ ਵਿਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ। ਬੂਟਿਆਂ ਦੀਆਂ ਬੀਮਾਰੀਆਂ ਦੇ ਇਲਾਜ ਦਾ ਅਸਰ ਇਨ੍ਹਾਂ ਫੇਰੋਮੋਨਸ ਕਾਰਣ ਹੋ ਸਕਦਾ ਹੈ।