ਪੰਜਾਬ ਦੇ ਖੇਤੀ ਟੈਕਨੋਕਰੇਟਸ ਦਾ ਧਰਨਾ ਅੱਜ ਵੀ ਜਾਰੀ, ਰੱਖੜੀ ਵਾਲੇ ਦਿਨ ਅਧਿਕਾਰੀਆਂ ਦੇ ਗੁੱਟ ਰਹੇ ਖਾਲੀ

08/11/2022 6:09:46 PM

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖੇਤੀ ਟੈਕਨੋਕਰੇਟਸ ਨੂੰ ਅਣਗੌਲਿਆਂ ਕਰਨ ਅਤੇ ਪੱਖਪਾਤੀ ਰਵੱਈਏ ਕਾਰਨ ਡਾਇਰੈਕਟਰ ਦਫ਼ਤਰ, ਖੇਤੀ ਭਵਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਿਹਾ ਰੋਸ ਧਰਨਾ ਅੱਜ ਅਠਾਰਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਟੈਕਨੋਕਰੇਟਸ ਦੇ ਗੁੱਟ ਅੱਜ ਰੱਖੜੀਆਂ ਤੋਂ ਸੁੰਨੇ ਰਹੇ ਅਤੇ ਭੈਣਾਂ ਆਪਣੇ ਵੀਰਾਂ ਦੇ ਘਰ ਮੁੜਨ ਦੀ ਉਡੀਕ ਕਰਦੀਆਂ ਰਹੀਆਂ।

ਜਥੇਬੰਦੀ ਦੇ ਪ੍ਰਧਾਨ ਡਾ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਹ ਸਰਕਾਰ ਵੱਲੋਂ ਮਜਬੂਰ ਕੀਤੇ ਜਾਣ ਕਾਰਨ ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਪਰਿਵਾਰ ਤੋਂ ਦੂਰ ਬੈਠੇ ਹਨ, ਜਿਸ ਸਮੇਂ ਲੋਕ ਆਜ਼ਾਦੀ ਦੀ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਕਰ ਰਹੇ ਹਨ, ਉਸ ਸਮੇਂ ਸਾਨੂੰ ਅਣਗੌਲਿਆਂ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦੇਣ ਅਤੇ ਧਰਨੇ ਨੂੰ ਲਮਕਾਈ ਜਾਣ ਕਾਰਨ ਪੰਜਾਬ ਦੇ ਸਮੂਹ ਖੇਤੀ ਟੈਕਨੋਕਰੇਟਸ ਵਿਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਉਹ ਇਨਸਾਫ਼ ਦੀ ਉਮੀਦ ਵਿਚ ਲਗਾਤਾਰ ਸੰਘਰਸ਼ ਕਰਨ ਲਈ ਮਜਬੂਰ ਹਨ।

ਆਮ ਲੋਕਾਂ ਦੀ ਕਹੀ ਜਾਣ ਵਾਲੀ ਸਰਕਾਰ ਅੱਜ ਨਿਯਮਾਂ ਦੇ ਉਲਟ ਕੀਤੀਆਂ ਗਈਆਂ ਹੇਠਲੇ ਕਾਡਰ ਦੀਆਂ ਉਪਰਲੇ ਕਾਡਰ ਵਿੱਚ ਬਦਲੀਆਂ ਦਾ ਕੋਈ ਗੰਭੀਰ ਨੋਟਿਸ ਨਹੀਂ ਲੈ ਰਹੀ। ਵਾਰ-ਵਾਰ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕੀਤੀਆਂ ਬੇਨਤੀਆਂ ਦੇ ਬਾਵਜੂਦ ਇਹ ਗੈਰ ਨਿਯਮਤ ਹੇਠਲੇ ਕਾਡਰ ਤੋਂ ਉੱਪਰਲੇ ਕਾਡਰ ਵਿੱਚ ਕੀਤੀਆਂ ਗਈਆਂ ਬਦਲੀਆਂ ਅਜੇ ਤੱਕ ਰੱਦ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਡਾ.ਸੰਧੂ ਨੇ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਸਖ਼ਤ ਕਸੌਟੀਆਂ 'ਤੇ ਖਰੇ ਉਤਰਨ ਉਪਰੰਤ ਉੱਚ ਯੋਗਤਾ ਪ੍ਰਾਪਤ ਖੇਤੀ ਟੈਕਨੋਕਰੇਟਸ ਵਿਭਾਗ ਵਿਚ ਸੇਵਾਵਾਂ ਲਈ ਭਰਤੀ ਹੁੰਦੇ ਹਨ। ਸਰਕਾਰ ਵੱਲੋਂ ਇਨ੍ਹਾਂ ਦੀਆਂ ਸੇਵਾਵਾਂ ਵਿੱਚ ਹੇਠਲੇ ਕਾਡਰ ਨੂੰ ਰਲਗੱਡ ਕਰਕੇ ਨਿਘਾਰ ਵੱਲ ਲਿਜਾਣ ਅਤੇ ਕਿਸਾਨਾਂ ਕੋਲੋਂ ਖੇਤੀ ਮਾਹਰਾਂ ਦੀਆਂ ਸੇਵਾਵਾਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਸਰਕਾਰ ਵੱਲੋਂ ਯੋਗਤਾ ਟੈਸਟਾਂ ਦੀ ਤਿਆਰੀ ਕਰ ਰਹੇ ਅਤੇ ਯੂਨੀਵਰਸਿਟੀਆਂ ਵਿੱਚ ਉੱਚੀਆਂ ਪੜ੍ਹਾਈਆਂ ਕਰ ਰਹੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਰਿਸਰਚ ਸਕਾਲਰ ਵੀ ਆਪਣੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਪਿਛਲੇ ਪੰਦਰਾਂ ਦਿਨਾਂ ਤੋਂ ਲਗਾਤਾਰ ਧਰਨੇ 'ਤੇ ਬੈਠੇ ਹਨ। ਸਰਕਾਰ ਨੇ ਜੇਕਰ ਵਿੱਦਿਆ ਦਾ ਮੁੱਲ ਹੀ ਨਹੀਂ ਪਾਉਣਾ ਤਾਂ ਯੂਨੀਵਰਸਿਟੀਆਂ/ਕਾਲਜ ਬੰਦ ਕਰ ਦਿੱਤੇ ਜਾਣ ਤਾਂ ਜੋ ਮਹਿੰਗੀਆਂ ਅਤੇ ਉੱਚੀਆਂ ਪੜ੍ਹਾਈਆਂ ਕਰਕੇ ਪੰਜਾਬ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਜਵਾਨੀ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਨੇ ਇਸ ਮਸਲੇ ਦੇ ਫੌਰੀ ਹੱਲ ਲਈ ਮਾਨਯੋਗ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਲਈ ਬੇਨਤੀ ਕੀਤੀ।
 

rajwinder kaur

This news is Content Editor rajwinder kaur