12 ਦਿਨਾਂ ਚ ਮਰੀਆਂ 45 ਮੱਝਾਂ, ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ

08/18/2020 9:58:04 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਦੁਆਰਾ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਇਸ ਦਾ ਮਤਲਬ ਇਹ ਨਹੀਂ ਕਿ ਫਸਲ ਦਾ ਮੁੱਲ ਦੁੱਗਣਾ ਹੋਵੇਗਾ ਬਲਕਿ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਹੈ। ਜਿਸ ਵਿਚ ਮੱਛੀ ਪਾਲਣ, ਸ਼ਹਿਦ ਮੱਖੀ ਪਾਲਣ, ਡੇਅਰੀ ਆਦਿ ਸਹਾਇਕ ਧੰਦੇ ਹਨ। ਵੱਡਾ ਸਵਾਲ ਇਹ ਹੈ ਕਿ ਜੇਕਰ ਇਨ੍ਹਾਂ ਸਹਾਇਕ ਧੰਦਿਆਂ ਵਿੱਚ ਵੀ ਕਿਸਾਨਾਂ ਨੂੰ ਮਾਰ ਪੈਂਦੀ ਹੈ ਤਾਂ ਕੀ ਹੋਵੇਗਾ? ਇਸ ਦੀ ਜਿਊਂਦੀ-ਜਾਗਦੀ ਉਦਾਹਰਣ ਹੈ, ਲੁਧਿਆਣੇ ਜ਼ਿਲੇ ਵਿੱਚ ਖੰਨਾ ਨੇੜੇ ਪੈਂਦੇ ਪਿੰਡ ਦਹੇੜੂ ਦੇ ਰਾਓ ਫਾਰਮ ਦੀ। ਇਸ ਫਾਰਮ ਵਿੱਚ ਪਿਛਲੇ 12 ਦਿਨਾਂ ਤੋਂ ਲਗਾਤਾਰ ਮੱਝਾਂ ਮਰ ਰਹੀਆਂ ਹਨ, ਜਿਸ ਨਾਲ ਕਿਸਾਨ ਨੂੰ ਲੱਖਾਂ ਦਾ ਘਾਟਾ ਝੱਲਣਾ ਪੈ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਫ਼ਸਲਾਂ 'ਚ ਉੱਗ ਰਹੇ 'ਨਦੀਨ', ਰੋਕਣ ਲਈ ਕਿਸਾਨ ਜ਼ਰੂਰ ਕਰਨ ਇਹ ਉਪਾਅ

ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਰਾਓ ਫਾਰਮ ਦੇ ਮਾਲਕ ਅਰੁਣਦੀਪ ਸਿੰਘ ਰਾਓ ਨੇ ਦੱਸਿਆ ਕਿ ਉਹ 2009 ਤੋਂ ਡੇਰੀ ਫਾਰਮ ਦਾ ਧੰਦਾ ਕਰ ਰਹੇ ਹਨ। ਉਨ੍ਹਾਂ ਕੋਲ 300 ਦੇ ਕਰੀਬ ਗਾਵਾਂ ਅਤੇ 161 ਮੱਝਾਂ ਹਨ। ਉਨ੍ਹਾਂ ਮੁਤਾਬਿਕ 5 ਅਗਸਤ ਤੋਂ ਹੁਣ ਤੱਕ 45 ਮੱਝਾਂ ਮਰ ਚੁੱਕੀਆਂ ਹਨ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਵੇਰਕਾ ਦੀ ਪ੍ਰੀਮਿਅਮ ਫੀਡ ਲੈ ਕੇ ਆਏ ਸਨ, ਜੋ ਉਨ੍ਹਾਂ ਨੇ ਪਸ਼ੂਆਂ ਨੂੰ 1 ਅਗਸਤ ਤੋਂ ਖਵਾਉਣੀ ਸ਼ੁਰੂ ਕੀਤੀ। 5 ਅਗਸਤ ਨੂੰ ਪਹਿਲੀ ਵਾਰ ਅਚਾਨਕ ਇੱਕ ਮੱਝ ਮਰ ਗਈ ਅਤੇ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ। ਡਾਕਟਰਾਂ ਦੀ ਲਗਾਤਾਰ ਨਿਗਰਾਨੀ ਦੇ ਬਾਵਜੂਦ ਹੁਣ ਵੀ ਮੱਝਾਂ ਮਰ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - ਖੇਤੀਬਾੜੀ ਧੰਦੇ ’ਚ ਖਪਦਾ 'ਡੀਜ਼ਲ' ਅਤੇ ਸਰਕਾਰੀ ਅਣਦੇਖੀ ਦਾ ਸ਼ਿਕਾਰ ਕਿਸਾਨਾਂ ਦੀ ਤਰਾਸਦੀ

ਉਨ੍ਹਾਂ ਕਿਹਾ ਕੇ ਡਾਕਟਰਾਂ ਨੂੰ ਫ਼ਿਲਹਾਲ ਮੱਝਾਂ ਦੇ ਮਰਨ ਦਾ ਅਸਲ ਕਾਰਨ ਨਹੀਂ ਲੱਭਿਆ। ਮੱਝਾਂ ਦੇ ਮਰਨ ਕਾਰਨ ਉਨ੍ਹਾਂ ਦਾ ਬਹੁਤ ਮਾਲੀ ਨੁਕਸਾਨ ਹੋਇਆ, ਕਿਉਂਕਿ ਇਕ ਮੱਝ ਦੀ ਕੀਮਤ ਲਗਭਗ ਇਕ ਲੱਖ ਤੋਂ ਡੇਢ ਲੱਖ ਤੱਕ ਦੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਮੱਝਾਂ ਮਰਨ ਕਾਰਨ ਪਏ ਵੱਡੇ ਘਾਟੇ ਲਈ ਸਹਾਇਤਾ ਕੀਤੀ ਜਾਵੇ। ਜਿਸ ਕਰ ਕੇ ਉਨ੍ਹਾਂ ਦੇ ਨਾਲ-ਨਾਲ ਹੋਰਾਂ ਕਿਸਾਨਾਂ ਨੂੰ ਵੀ ਉਤਸ਼ਾਹ ਮਿਲੇਗਾ। 

ਪੜ੍ਹੋ ਇਹ ਵੀ ਖਬਰ - ਨਿੰਬੂਆਂ ਦੇ ਬੂਟਿਆਂ ਤੋਂ ਡਾਲਰ ਝਾੜਨ ਵਾਲਾ ਕਿਸਾਨ ‘ਬਲਬੀਰ ਸਿੰਘ ਢਿੱਲੋਂ’

ਇਸ ਬਾਰੇ ਗੱਲ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਰੈਕਟਰ ਡਾ.ਨਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਸ਼ੂਆਂ ਦੇ ਚਾਰੇ ਅਤੇ ਫੀਡ ਦਾ ਸੈਂਪਲ ਲੈ ਲਿਆ ਗਿਆ ਹੈ। ਚਾਰੇ ਵਿੱਚ ਨਾਈਟ੍ਰੇਟ ਪੁਆਇਜ਼ਨ ਦੀ ਮਾਤਰਾ +1 ਤੋਂ +3 ਤੱਕ ਜਾਂਚ ਕੀਤੀ ਗਈ। ਅਤੇ ਫੀਡ ਵਿਚ ਐਫਲਾਟੌਕਸਿਨ ਦੀ ਮਾਤਰਾ 99% ਟੈਸਟ ਗਈ, ਜੋ 50% ਤੱਕ ਨਾਰਮਲ ਮੰਨੀ ਗਈ ਹੈ, ਇਸਦਾ ਅਸਰ ਤਾਂ ਹੀ ਪਸ਼ੂਆਂ ਤੇ ਹੁੰਦਾ ਹੈ ਜੇਕਰ ਲੰਬਾ ਸਮਾਂ ਖੁਰਾਕ ਦੇ ਰੂਪ ਵਿੱਚ ਪਸ਼ੂਆਂ ਨੂੰ ਖਵਾਈ ਜਾਵੇ। ਮਰੇ ਹੋਏ ਪਸ਼ੂਆਂ ਦਾ ਵੀ ਪੋਸਟਮਾਰਟਮ ਕੀਤਾ ਗਿਆ ਜਿਸ ਵਿੱਚ ਫਿਲਹਾਲ ਕਿਸੇ ਵੀ ਬਿਮਾਰੀ ਦਾ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਮਸਲੇ ਉੱਪਰ ਉਨ੍ਹਾਂ ਦੇ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ ਅਤੇ ਛੇਤੀ ਹੀ ਕੋਈ ਨਤੀਜਾ ਕੱਢਿਆ ਜਾਵੇਗਾ। 

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

rajwinder kaur

This news is Content Editor rajwinder kaur