ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

10/17/2019 4:06:00 PM

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
(ਕਿਸ਼ਤ ਤੇਈਵੀਂ)

ਜਗਯੋਪਵੀਤ ਸੰਸਕਾਰ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੁਣ ਤੱਕ ਦੇ ਬਿਆਨ ਕੀਤੇ ਗਏ ਜੀਵਨ-ਇਤਿਹਾਸ ਅਤੇ ਗੁਰਮਤਿ ਦੀ “ਗੁਰੁ ਪਰਮੇਸਰ ਏਕੋ ਜਾਣ” ਦੀ ਤੇਜੱਸਵੀ ਅੰਤਰ-ਸੂਝ ਅਨੁਸਾਰ ਇਹ ਗੱਲ ਬਿਲਕੁਲ ਠੋਸ ਅਤੇ ਸਪੱਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਪ੍ਰਕਾਸ਼ਮਾਨ ਹੋਣ ਅਥਵਾ ਜਨਮ ਤੋਂ ਹੀ ਗੁਰੂ ਸਨ, ਪਰਮੇਸਰ ਦਾ ਰੂਪ ਸਨ। ਉਨ੍ਹਾਂ ਦੀ ਹਰ ਗੱਲ ਜਨਮ ਤੋਂ ਹੀ ਵਿਸ਼ੇਸ਼, ਅਸਾਧਾਰਣ ਅਤੇ ਅਸਚਰਜਮਈ ਸੀ। ਅਵਤਾਰੀ ਪੁਰਸ਼ ਹੋਣ ਕਾਰਣ, ਮਾਤਲੋਕ ਵਿਚ ਆਮਦ ਤੋਂ ਹੀ ਉਹ ਗਿਆਨਵਾਨ ਸਨ। ਚਾਨਣ ਦੇ ਮੁਨਾਰੇ ਸਨ। ਸਰਬ ਕਲਾ ਸਮਰੱਥ ਸਨ। ਸਰਬ ਗੁਣ ਸੰਪੰਨ ਸਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੀ ਵੱਡ—ਸਮਰੱਥਾ ਅਰਥਾਤ ਪੈਗ਼ੰਬਰੀ ਅਜ਼ਮਤ ਨੂੰ, ਸਬੰਧਤ ਸਾਰੇ “ਏਵਡੁ ਊਚਾ ਹੋਵੈ ਕੋਇ।। ਤਿਸੁ ਊਚੇ ਕਉ ਜਾਣੈ ਸੋਇ।।” ਅਰਥਾਤ ਆਪੋ ਆਪਣੀ ਸੂਝ, ਸਮਰੱਥਾ ਅਤੇ ਸੀਮਾ ਮੁਤਾਬਕ, ਕੋਈ ਤੁਰੰਤ ਅਤੇ ਕੋਈ ਕੁੱਝ ਅਰਸੇ ਬਾਅਦ ਜਾਣ ਸਕੇ ਜਦੋਂ ਕਿ ਕੁੱਝ ਇਕ ਪਿਤਾ ਮਹਿਤਾ ਕਾਲੂ ਜੀ ਵਰਗੇ, ਪਿਛਲੇ ਜਨਮ ਵਿਚ ਕੀਤੀ ਵੱਡੀ ਤਪੱਸਿਆ ਦੇ ਹੁੰਦਿਆਂ, ਮਤਿ ’ਤੇ ਪਏ ਪਰਦੇ, ਮਾਇਆ ਦੇ ਪ੍ਰਚੰਡ ਅਸਰ ਅਤੇ ਆਪਣੀ ਬਦਕਿਸਮਤੀ ਕਾਰਣ, ਜਾਣਨੋਂ ਖੁੰਝ ਵੀ ਗਏ।

ਗੁਰੂ ਨਾਨਕ ਸਾਹਿਬ ਦੇ ਪ੍ਰਗਟ ਜਾਂ ਪ੍ਰਕਾਸ਼ਮਾਨ ਹੋਣ ਦੇ ਸਮੇਂ ਤੋਂ ਹੀ ਪਰਮਾਤਮਾ ਦਾ ਰੂਪ, ਅਵਤਾਰੀ ਪੁਰਸ਼ ਅਤੇ ਗੁਰੂ (ਹਨੇਰੇ ਤੋਂ ਚਾਨਣ ਵੱਲ ਲੈ ਜਾਣ ਵਾਲਾ) ਹੋਣ ਦੀ ਸਾਡੀ ਉਪਰੋਕਤ ਧਾਰਨਾ ਨੂੰ, ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 23ਵੀਂ ਅਤੇ 27ਵੀਂ ਪਉੜੀ ਵਿਚ ਦਰਜ ਨਿਮਨ ਲਿਖਤ ਸਤਰਾਂ ਭਲੀਭਾਂਤ ਪੁਸ਼ਟ ਕਰਦੀਆਂ ਹਨ :

“ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗਿ ਮਾਹਿ ਪਠਾਇਆ।

ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾ ਪੀਲਾਇਆ।

ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ।...

ਕਲਿ ਤਾਰਣਿ ਗੁਰੁ ਨਾਨਕੁ ਆਇਆ।”

ਅਤੇ

“ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।...

ਗੁਰਮੁਖਿ ਕਲਿ ਵਿਚਿ ਪਰਗਟੁ ਹੋਆ।”

ਸਾਡੇ ਰੱਬ ਅਤੇ ਧਰਮ ਕੇਂਦਰਿਤ ਪਰੰਪਰਕ ਭਾਰਤੀ/ਪੰਜਾਬੀ ਸਮਾਜ ਅੰਦਰ ਇਕ ਆਮ ਪ੍ਰਚਲਿਤ ਲੋਕ-ਧਾਰਨਾ ਇਹ ਹੈ ਕਿ ਹਰ ਬਾਰ੍ਹਾਂ ਵਰ੍ਹੇ ਬਾਅਦ ਮਨੁੱਖੀ ਜੀਵਨ ਵਿਚ ਬਦਲਾਓ ਦੀ ਸੰਭਾਵਨਾ ਬੜੀ ਪ੍ਰਬਲ ਹੁੰਦੀ ਹੈ। ਕੀਮਤੀ ਅਖਾਣ ਹੈ ਕਿ ਬਾਰ੍ਹੀਂ ਵਰ੍ਹੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਇਸ ਲੋਕ-ਸੱਚ ਨੂੰ ਮੁੱਖ ਰੱਖਦਿਆਂ ਜਿਥੇ ਹਰ ਮਨੁੱਖ ਆਪਣੇ ਮਨ ਅੰਦਰ ਇਹ ਹਾਰਦਿਕ ਇੱਛਾ, ਆਸ਼ਾ ਅਤੇ ਵਿਸ਼ਵਾਸ ਰੱਖਦਾ ਹੈ ਕਿ ਕਦੇ ਨਾ ਕਦੇ ਤਾਂ ਉਸ ਦੇ ਵੀ ਦਿਨ ਫਿਰਨਗੇ, ਉਥੇ ਉਹ ਚੰਗੇ ਦਿਨਾਂ ਦੀ ਆਮਦ ਅਤੇ ਬਦਲਾਓ ਦੀ ਆਸ ’ਚ ਨਿਰੰਤਰ ਯਤਨਸ਼ੀਲ ਰਹਿੰਦਿਆਂ ਅਨੇਕ ਪ੍ਰਕਾਰ ਦੇ ਆਹਰ-ਪਾਹਰ, ਧਾਰਮਿਕ-ਸੱਭਿਆਚਾਰਕ ਸੰਸਕਾਰ ਆਦਿ ਵੀ ਕਰਦਾ ਹੈ।

ਪਿਤਾ ਮਹਿਤਾ ਕਾਲੂ ਜੀ ਨੇ ਪੁੱਤਰ ਨਾਨਕ ਨੂੰ ਆਹਰੇ ਲਾਈ ਰੱਖਣ ਲਈ, ਭਾਵੇਂ ਮੱਝਾਂ-ਗਾਵਾਂ ਚਾਰਨ ਦੇ ਕੰਮ ਲਾਇਆ ਹੋਇਆ ਸੀ ਪਰ ਇਹ ਉਨ੍ਹਾਂ ਵੱਲੋਂ ਵਿਉਂਤਿਆ ਗਿਆ ਇਕ ਅਣਸਰਦਾ ਅਤੇ ਆਰਜ਼ੀ ਕੰਮਚਲਾਊ ਪ੍ਰਬੰਧ ਸੀ। ਉਹ ਇਸ ਕੰਮ ਤੋਂ ਸੰਤੁਸ਼ਟ ਅਤੇ ਖ਼ੁਸ਼ ਨਹੀਂ ਸਨ। ਉਨ੍ਹਾਂ ਦੇ ਮਨ ਦੀ ਰੀਝ ਇਹ ਸੀ ਕਿ ਉਨ੍ਹਾਂ ਦਾ ਪੁੱਤਰ ਜਾਂ ਤਾਂ ਕਿਸੇ ਹੋਰ ਚੰਗੇ, ਵੱਡੇ ਅਤੇ ਪੱਕੇ ਕਾਰੋਬਾਰ ਨੂੰ ਹੱਥ ਪਾਵੇ ਅਤੇ ਜਾਂ ਫਿਰ ਸਰਕਾਰੇ-ਦਰਬਾਰੇ ਕੋਈ ਵੱਡੀ ਨੌਕਰੀ ਕਰੇ।

ਇਹ ਵੇਖਦਿਆਂ ਕਿ ਪੁੱਤਰ ਨਾਨਕ ਹੁਣ ਬਚਪਨ ਤੋਂ ਜਵਾਨੀ ਵਿਚ ਪੈਰ ਰੱਖ ਰਿਹਾ ਹੈ ਤਾਂ ਪਿਤਾ ਮਹਿਤਾ ਕਾਲੂ ਜੀ ਦੇ ਮਨ ਵਿਚ ਖ਼ਿਆਲ ਆਇਆ ਕਿ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਕਿਸੇ ਚੰਗੇ ਕਾਰ-ਵਿਹਾਰ, ਵਿਉਪਾਰ ਜਾਂ ਨੌਕਰੀ ਆਦਿ ਲਈ ਘਰੋਂ ਬਾਹਰ ਭੇਜਾਂ, ਸਮੇਂ ਦੀ ਲੋੜ, ਸਮਾਜਿਕ ਦਸਤੂਰ, ਉਮਰ ਦੇ ਤਕਾਜ਼ੇ ਅਤੇ ਕੁਲ ਦੀ ਪ੍ਰਚਲਿਤ ਰੀਤ ਅਨੁਸਾਰ ਕਿਉਂ ਨਾ ਇਸ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰ ਲਈ ਜਾਵੇ। ਉਮਰ ਦੇ ਇਸ ਬੇਹੱਦ ਊਰਜਾਵਾਨ ਅਤੇ ਸੁਨਹਿਰੀ ਪੜਾਅ ’ਤੇ ਚੰਗੀ ਸੀਰਤਿ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਸੂਰਤਿ (ਬਾਹਰੀ ਸਰੀਰਕ ਦਿੱਖ) ਪੱਖੋਂ ਵੀ ਬਹੁਤ ਸੁੰਦਰ, ਲੰਮੇ-ਉੱਚੇ ਅਤੇ ਮਜ਼ਬੂਤ ਡੀਲ-ਡੌਲ ਵਾਲੇ ਸਨ। ਮੁੱਛ ਫੁੱਟਣੀ ਆਰੰਭ ਹੋ ਗਈ ਸੀ। ਜਵਾਨ ਹੋ ਰਹੇ ਪੁੱਤਰ ਦਾ ਅੱਗੇ ਜਾ ਕੇ ਵਿਆਹ ਵੀ ਕਰਨਾ ਸੀ। ਸੋ ਇਨ੍ਹਾਂ ਸਾਰੇ ਪੱਖਾਂ ਨੂੰ ਮੁੱਖ ਰੱਖਦਿਆਂ, ਮਹਿਤਾ ਕਾਲੂ ਜੀ ਨੇ ਆਪਣੇ ਕੁਲ-ਪ੍ਰੋਹਿਤ ਪੰਡਤ ਹਰਿਦਿਆਲ ਜੀ ਨਾਲ ਸਲਾਹ ਕਰ ਕੇ ਜੰਞੂ ਪਾਉਣ ਦੀ ਰਸਮ ਅਦਾ (ਜਗਯੋਪਵੀਤ ਸੰਸਕਾਰ) ਕਰਨ ਦਾ ਦਿਨ ਨਿਸ਼ਚਿਤ ਕਰ ਦਿੱਤਾ।

ਇਸ ਪਵਿੱਤਰ ਸਮਾਜਿਕ-ਧਾਰਮਿਕ ਅਨੁਸ਼ਠਾਨ (ਸੰਸਕਾਰ) ਸਮੇਂ ਹਾਜ਼ਰ ਹੋਣ ਲਈ ਸਭ ਅੰਗਾਂ-ਸਾਕਾਂ, ਸੱਜਣਾਂ-ਮਿੱਤਰਾਂ, ਬਰਾਦਰੀ-ਭਾਈਚਾਰੇ ਦੇ ਲੋਕਾਂ ਅਤੇ ਆਂਢੀਆਂ-ਗੁਆਂਢੀਆਂ ਨੂੰ ਬੜੇ ਚਾਵਾਂ ਨਾਲ ਸੱਦੇ ਭੇਜੇ ਗਏ। ਖੱਤਰੀਆਂ ਦੀ ਰੀਤ ਅਨੁਸਾਰ ਯੱਗ, ਪੂਜਾ-ਪਾਠ, ਹਵਨ ਅਤੇ ਲੰਗਰ ਆਦਿ ਲਈ ਲੋੜੀਂਦਾ ਸਾਰਾ ਸਾਜ਼ੋ-ਸਮਾਨ, ਸਮੱਗਰੀ, ਘਿਓ, ਰਸਦਾਂ ਆਦਿ ਇਕੱਤਰਿਤ ਕੀਤਾ ਗਿਆ। ਮਿੱਥੇ ਦਿਨ ’ਤੇ ਪੰਡਤਾਂ ਸਹਿਤ ਸਭ ਅੰਗ-ਸਾਕ, ਸੱਜਣ-ਬੇਲੀ, ਬਰਾਦਰੀ-ਭਾਈਚਾਰੇ ਦੇ ਲੋਕ ਅਤੇ ਆਂਢੀ-ਗੁਆਂਢੀ ਆ ਜੁੜੇ। ਮੁੱਢਲੀਆਂ ਰਸਮਾਂ, ਹਵਨ-ਯੱਗ, ਪੂਜਾ-ਪਾਠ ਅਤੇ ਹੋਰ ਸਭ ਲੋੜੀਂਦੀਆਂ ਤਿਆਰੀਆਂ ਕਰਨ ਉਪਰੰਤ ਪੰਡਤਾਂ ਦੇ ਮੋਹਰੀ ਅਤੇ ਬੇਦੀਆਂ ਦੇ ਕੁਲ-ਪ੍ਰੋਹਿਤ, ਪੰਡਤ ਹਰਿਦਿਆਲ ਜੀ ਨੇ, ਜਨੇਊ ਪਾਉਣ ਦੀ ਰਸਮ ਅਦਾ ਕਰਨ ਲਈ, ਗੁਰੂ ਨਾਨਕ ਸਾਹਿਬ ਨੂੰ ਪਿਆਰ ਸਹਿਤ ਪਾਸ ਬੁਲਾਇਆ ਅਤੇ ਆਪਣੇ ਸਾਹਮਣੇ ਬਿਠਾ ਲਿਆ।

ਪੋਰਹਿਤ ਹਰਿਦਿਆਲ ਜੀ ਨੇ ਹੱਥ ਵਿਚ ਜੰਞੂ ਫੜ ਕੇ ਜਿਵੇਂ ਹੀ ਇਸ ਨੂੰ ਗੁਰੂ ਨਾਨਕ ਸਾਹਿਬ ਦੇ ਮੋਢਿਆਂ ਦੇ ਉੱਤੋਂ ਦੀ ਵਲਾਉਣ ਲਈ ਹੱਥ ਉਤਾਂਹ ਚੁੱਕਿਆ, ਗੁਰੂ ਨਾਨਕ ਸਾਹਿਬ ਨੇ ਬੜੀ ਹੈਰਾਨੀ ਭਰੀ ਮਾਸੂਮੀਅਤ ਨਾਲ ਉਨ੍ਹਾਂ ਦੀ ਬਾਂਹ ਫੜ ਲਈ ਅਤੇ ਬਚਨ ਕੀਤਾ- ਪ੍ਰੋਹਿਤ ਜੀ! ਇਹ ਕੀ ਪਏ ਕਰਦੇ ਹੋ? ਪ੍ਰੋਹਿਤ ਹਰਿਦਿਆਲ ਜੀ ਨੇ ਸਮਝਾਉਣਾ ਕੀਤਾ, ਪੁੱਤਰ ਨਾਨਕ ਜੀ! ਤੁਹਾਡੀ ਖੱਤਰੀ ਕੁਲ ਦੀ ਰੀਤ ਨਿਭਾਉਂਦਿਆਂ, ਮੈਂ ਤੁਹਾਨੂੰ ਜਨੇਊ ਪਹਿਨਾਉਣ ਲੱਗਾ ਹਾਂ। ਹਾਂ-ਪੱਖਤਾ, ਸ਼ਾਇਸ਼ਤਗੀ ਅਤੇ ਭੋਲੇਪਣ ਨਾਲ ਲਬਰੇਜ਼ ਵਿਵੇਕਸ਼ੀਲ ਨਾਨਕ ਸਾਹਿਬ ਨੇ ਪੁੱਛਣਾ ਕੀਤਾ, ਪ੍ਰੋਹਿਤ ਜੀ! ਤੁਸੀਂ ਮੈਨੂੰ ਜੀ ਸਦਕੇ ਜਨੇਊ ਪਹਿਨਾਓ ਪਰ ਕ੍ਰਿਪਾ ਕਰ ਕੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਪਈ ਇਸ ਨੂੰ ਪਹਿਨਣ ਦਾ ਕੀ ਧਰਮ, ਅਰਥ, ਗੌਰਵ, ਲਾਹਾ ਅਤੇ ਪ੍ਰਯੋਜਨ ਹੈ ਅਤੇ ਜੇਕਰ ਮੈਂ ਇਸ ਨੂੰ ਨਾ ਪਹਿਨਣਾ ਚਾਹਾਂ ਤਾਂ ਇਸ ਨਾਲ ਮੈਨੂੰ ਕੀ ਹਾਨੀ ਹੋਵੇਗੀ? ਮੇਰਾ ਕੀ ਹਰਜ ਹੋਵੇਗਾ?

ਪ੍ਰੋਹਿਤ ਹਰਿਦਿਆਲ ਜੀ ਨੇ ਸਮਝਾਇਆ, ਪਿਆਰੇ ਨਾਨਕ! ਬ੍ਰਾਹਮਣਾਂ ਵਾਂਗ ਤੁਸੀਂ ਵੀ ਕਿਉਂਕਿ ਉੱਚ ਕੁਲ/ਜਾਤੀ ਦੇ ਖੱਤਰੀ (ਕਸ਼ੱਤਰੀ) ਹੋ, ਇਸ ਲਈ ਇਹ ਰਸਮ ਤੁਹਾਨੂੰ ਆਪਣੀ ਜਾਤੀ ਵਿਚ ਸਨਮਾਨਿਤ ਕਰੇਗੀ। ਜਨੇਊ ਪਹਿਨਣ ਨਾਲ ਤੁਸੀਂ ਪਵਿੱਤਰ ਅਤੇ ਆਪਣਾ ਖੱਤਰੀਆਂ ਵਾਲਾ ਧਰਮ-ਕਰਮ ਨਿਭਾਉਣ ਦੇ ਅਧਿਕਾਰੀ ਵੀ ਹੋ ਜਾਓਗੇ। ਇਹ ਇਕ ਪ੍ਰਕਾਰ ਨਾਲ ਤੁਹਾਡਾ ਨਵਾਂ ਜਨਮ ਹੋਵੇਗਾ। (ਚਲਦਾ... )

-ਜਗਜੀਵਨ ਸਿੰਘ (ਡਾ.)

ਫੋਨ: 99143—01328