ਨਾਨਕਪੰਥੀਆਂ,ਸਿੰਧੀ,ਅਫ਼ਗਾਨੀ ਸਿੱਖਾਂ ਦੇ ਸੰਗ ਤੁਰਦਿਆਂ…

09/09/2019 10:17:22 AM

ਨਾਨਕਪੰਥੀਆਂ,ਸਿੰਧੀ,ਅਫ਼ਗਾਨੀ ਸਿੱਖਾਂ ਦੇ ਸੰਗ ਤੁਰਦਿਆਂ…
ਹਰਪ੍ਰੀਤ ਸਿੰਘ ਕਾਹਲੋਂ,ਆਸ਼ੀਆ ਪੰਜਾਬੀ


ਮੇਰਾ ਮਿੱਤਰ ਕਹਿੰਦਾ ਹੈ ਕਿ ਉਹ ਸਾਰੇ ਤਣੇ ਤੇ ਪੱਤੇ ਜਿੰਨ੍ਹਾਂ ਨੇ ਜੜ੍ਹਾਂ 'ਤੇ ਦਾਅਵਾ ਛੱਡ ਦਿੱਤਾ,ਉਹ ਸਭ ਨਪੱਤਰੇ ਹੋ ਜਾਣਗੇ,ਸੁੱਕ ਜਾਣਗੇ।
ਕਹਾਣੀ ਇੱਥੋਂ ਹੀ ਸ਼ੁਰੂ ਕਰਦੇ ਹਾਂ।ਅਮਰਦੀਪ ਸਿੰਘ ਹੁਣੀ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼,ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ  ਬੰਸਰੀ ਲਾਲ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹਨ।ਬੰਸਰੀ ਲਾਲ ਕਹਿੰਦੇ ਹਨ ਕਿ ਨਾ ਅਸੀਂ ਇੱਥੇ ਦੇ ਹੋਏ ਅਤੇ ਨਾ ਅਸੀਂ ਉੱਥੇ ਦੇ ਹੋਏ। 47 ਦੀ ਵੰਡ ਦੇ ਨਿਸ਼ਾਨ ਨਾਨਕਪੰਥੀਆਂ ਲਈ ਵੀ ਸੁਲਗਦੀ ਜ਼ਮੀਨ ਛੱਡ ਗਏ ਹਨ।ਬੰਸਰੀ ਲਾਲ ਵਰਗੇ ਕਿੰਨੇ ਹੀ ਨਾਨਕਪੰਥੀ ਸਾਂਝੇ ਪੰਜਾਬ ਦੀ ਵੰਡੀ ਧਰਤੀ ਦਾ ਸੰਤਾਪ ਇੱਕ ਹੰਡਾ ਰਹੇ ਹਨ ਅਤੇ ਦੂਜਾ ਪਾਕਿਸਤਾਨ 'ਚ ਘੱਟਗਿਣਤੀਆਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਵੀ ਜ਼ਿੰਦਗੀ ਦਾ ਹਿੱਸਾ ਹੋ ਨਿਬੜੀਆਂ ਹਨ।ਅਜਿਹੇ 'ਚ 1921 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੀ ਸਿੱਖ ਸੰਸਥਾਵਾਂ 'ਚ ਤੈਅ ਕੀਤੀ ਗਈ ਪਛਾਣ 'ਚ ਬੰਸਰੀ ਲਾਲ ਜਹੇ ਨਾਨਕਪੰਥੀ ਕਿਸੇ ਖ਼ਾਕੇ 'ਚ ਨਹੀਂ ਆਉਂਦੇ।ਇਹ ਹਾਲਤ ਬੜੀ ਉਲਝਣ ਭਰੀ ਹੈ ਅਤੇ ਗੁਰੂ ਨਾਨਕ ਦੀਆਂ ਰਾਹਵਾਂ 'ਚ ਸਭ ਜਵਾਬ ਪਏ ਹਨ ਪਰ ਸਮਝੇ ਕੌਣ ?

ਹਾਰੂਨ ਖ਼ਾਲਿਦ ਤੋਂ ਇਕਬਾਲ ਕੇਸਰ ਤੱਕ ਇਸ ਸਾਰੇ ਵਰਤਾਰੇ ਨੂੰ ਬਹੁਤ ਬਾਰੀਕੀ ਨਾਲ ਸਮਝਾਉਂਦੇ ਹਨ।ਇਸੇ ਸਿਲਸਿਲੇ 'ਚ ਇੰਦਰਜੀਤ ਸਿੰਘ ਦੀ ਕਿਤਾਬ 'ਅਫ਼ਗਾਨ ਹਿੰਦੂਜ਼ ਐਂਡ ਸਿੱਖਜ਼-ਹਿਸਟਰੀ ਆਫ ਥਾਊਸੈਂਡ ਈਯਰ' ਬਹੁਤ ਸ਼ਾਨਦਾਰ ਜਾਣਕਾਰੀ ਦਿੰਦੀ  ਹੈ।ਗੁਰੂ ਨਾਨਕ ਦੇਵ ਜੀ ਆਪਣੀ 4 ਉਦਾਸੀਆਂ 'ਚ ਜਿੱਥੇ ਜਿੱਥੇ ਵੀ ਗਏ ਉੱਥੇ ਉਹਨਾਂ ਦੇ ਸਿੱਖ 'ਸਿੱਖ ਫਲਸਫੇ' ਨਾਲ ਜੁੜਦੇ ਗਏ।ਅਫ਼ਗਾਨਿਸਤਾਨ,ਪਾਕਿਸਤਾਨ,ਈਰਾਨ,ਇਰਾਕ ਤੱਕ ਸੈਂਕੜੇ ਕਥਾਵਾਂ ਹਨ ਜੋ ਅੱਜ ਵੀ ਗੁਰੂ ਨਾਨਕ ਸਾਹਿਬ ਨਾਲ ਆਪਣਾ ਰਿਸ਼ਤਾ ਦੱਸਦੀਆਂ ਹਨ।ਭਾਈ ਬਾਲੇ ਦੀ ਜਨਮਸਾਖ਼ੀ ,ਮਿਹਰਬਾਨ ਵਾਲੀ ਸਾਖ਼ੀ,ਸਰੂਪ ਦਾਸ ਭੱਲਾ ਜੋਕਿ ਗੁਰੂ ਅਮਰ ਦਾਸ ਜੀ ਦੀ ਪੀੜ੍ਹੀ ਵਿੱਚੋਂ ਸਨ ਦਾ ਮਹਿਮਾ ਪ੍ਰਕਾਸ਼ (1776) 'ਚ ਅਜਿਹੀਆਂ ਅਣਗਿਣਤ ਕਥਾਵਾਂ ਹਨ।ਇਹਨਾਂ ਥਾਵਾਂ ਦੀ ਅਤੇ  ਇਹਨਾਂ ਬੰਦਿਆਂ ਦੀ ਪਛਾਣ ਕਰਨੀ ਜ਼ਰੂਰੀ ਹੈ।

੫੫੦ ਸਾਲਾਂ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਦੇਵ ਜੀ ਨਾਲ ਮੁਹੱਬਤ ਦੇ ਰਿਸ਼ਤੇ ਦੀ ਕਹਾਣੀ ਜਿੱਥੇ ਜਿੱਥੇ ਵੀ ਜਿਊਂਦੀ ਹੈ ਉਹਨਾਂ ਸਾਰੀਆਂ ਕਹਾਣੀਆਂ ਨੂੰ ਮੁੜ ਤੋਂ ਜੋੜਣਾ ਪਵੇਗਾ।ਨਾਨਕਪੰਥੀਆਂ ਦੇ ਇਸ ਭਾਈਚਾਰੇ ਦੇ ਕਾਰ ਵਿਹਾਰ ਨੂੰ ਆਪਣੇ ਬਣਾਏ ਖ਼ਾਕੇ 'ਚ ਨਾ ਵੇਖਕੇ ਸਮਝਣ ਦੀ ਲੋੜ ਹੈ ਕਿ ਕਿਹੜੇ ਹਲਾਤ 'ਚ ਉਹਨਾਂ ਗੁਰੂ ਨਾਨਕ ਦੇਵ ਜੀ ਨਾਲ ਜੁੜਦਿਆਂ ਰੂਹਾਨੀ ਮੁਹੱਬਤ ਨੂੰ ਹਮੇਸ਼ਾ ਸਿਜਦਾ ਕੀਤਾ।ਇਸ ਮੁਹੱਬਤ 'ਚ ਸਾਂਝੀਵਾਲਤਾ ਹੈ।ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਉਸ ਸਰਵ ਵਿਆਪੀ ਦੀ ਅਰਾਧਨਾ ਕਰੋ ਜਿੰਨ੍ਹੇ ਸਭ ਕੁਝ ਰਚਿਆ।ਉਹਨਾਂ ਦੇ ਫਲਸਫੇ 'ਚ ਸਮਾਨਤਾ ਸੀ,ਜਾਤ-ਪਾਤ ਤੋਂ ਦੂਰ,ਆਰਥਿਕ ਪੈਮਾਨਿਆਂ ਤੋਂ ਦੂਰ,ਕਿਸੇ ਵੀ ਲਿੰਗ ਭੇਦਭਾਵ ਤੋਂ ਦੂਰ ਵਿਚਾਰਾਂ ਦੀ ਅਜਿਹੀ ਰੌਸ਼ਨੀ ਸੀ ਜਿੱਥੇ ਦੱਸਣ ਅਤੇ ਸੁਣਨ ਦੀ ਕਥਾ ਸੀ ਅਤੇ ਇਹਨਾਂ ਕਥਾਵਾਂ ਦੀ ਵਿਰਾਸਤ 'ਚ ਨਾਨਕਪੰਥੀਆਂ ਦੀ ਪਛਾਣ ਕਰਨੀ ਜ਼ਰੂਰੀ ਹੈ।

ਖ਼ੇਤਰ : ਨਾਨਕਪੰਥੀਆਂ ਅਤੇ ਖ਼ਾਲਸਾ ਸਿੱਖ ਦੀ ਅਬਾਦੀ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਕਾਬੁਲ,ਬਲਖ਼,ਬਾਲਾਕੋਟ,ਲਸਬੇਲਾ ਜ਼ਿਲ੍ਹਾ ਬੋਲਚਿਸਤਾਨ,ਅਟਕ(ਪੱਛਮੀ ਪੰਜਾਬ) ਕਵੇਟਾ ਬਲੋਚਿਸਤਾਨ,ਖ਼ੈਬਰ ਪਖ਼ਤੂਨਖ਼ਵਾ,ਪੇਸ਼ਾਵਰ,ਘੋਟਕੀ,ਡੇਹਰਕੀ,ਕਸ਼ਮੋਰ,ਕੰਧਕੋਟ,ਕਰਮਪੁਰ ਤੱਕ ਅਜਿਹੀਆਂ ਕਈ ਥਾਵਾਂ 'ਤੇ ਹੈ।ਇੰਦਰਜੀਤ ਸਿੰਘ ਮੁਤਾਬਕ ਇਤਿਹਾਸ 'ਚ ਅਜਿਹੀ ਸੈਂਕੜੇ ਮਿਸਾਲਾਂ ਹਨ ਜੋ ਇਸ ਖੇਤਰ ਨਾਲ ਸਬੰਧਿਤ ਹਨ।ਮਹਿਮਾ ਪ੍ਰਕਾਸ਼ 'ਚ ਕਾਬਲ ਵਾਲੀ ਮਾਂਈ ਦਾ ਜ਼ਿਕਰ ਹੈ।ਮਾਂਈ ਸੇਵਾ ਨੇ ਗੋਇੰਦਵਾਲ ਸਾਹਿਬ ਬਾਉਲੀ ਦੀ ਸੇਵਾ ਕੀਤੀ ਸੀ ਅਤੇ ਹਵੇਲੀ ਸਾਹਿਬ 'ਚ ਮਾਂਈ ਸੇਵਾ ਦਾ ਸ਼ਿਲਾਲੇਖ ਵੀ ਹੈ।ਬਾਬਾ ਗੰਜ ਬਖ਼ਸ਼ ਉਦਾਸੀ ਸਾਧੂ ਕਾਬਲ ਦੇ ਹੋਏ ਹਨ।ਇਹ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਸਬੰਧਿਤ ਹਨ ਅਤੇ ਇਹਨਾਂ ਦੇ ਪੈਰੋਕਾਰ ਕਾਬਲ 'ਚ ਗੰਜ ਬਖਸ਼ੀਏ ਵੱਜਦੇ ਹਨ।ਮੰਜੀਆਂ ਦੀ ਸਥਾਪਨਾ ਵੇਲੇ ਕਾਬੁਲ ਦੀ ਮੰਜੀ ਬੀਬੀ ਭਾਗੋ ਕੋਲ ਸੀ।ਪੁਲਵਾਮਾ ਤੋਂ ਬਾਅਦ ਬਾਲਾਕੋਟ ਦਾ ਨਾਮ ਬਹੁਤ ਚਰਚਾ 'ਚ ਆਇਆ।ਇਹ ਮਹਾਨ ਕੋਸ਼ ਮੁਤਾਬਕ ਜ਼ਿਲ੍ਹਾ ਹਜ਼ਾਰਾ ਦੀ ਤਹਿਸੀਲ ਮਾਨਸਹੇਰਾ ਦਾ ਪਿੰਡ ਹੈ ਅਤੇ ਇੱਥੇ ਭਾਈ ਬਾਲਾ,ਗੁਰੂ ਨਾਨਕ,ਭਾਈ ਮਰਦਾਨਾ ਦੇ ਨਾਮ 'ਤੇ ਚਸ਼ਮੇ ਵੀ ਹਨ ਅਤੇ ਕੜਾਹ ਪ੍ਰਸ਼ਾਦਿ ਵੀ ਵਰਤਦਾ ਹੈ।ਇਹਨਾਂ ਰਾਹਵਾਂ 'ਚ ਟੋਹੜੀ ਬਾਲਾ ਇਤਿਹਾਸਕ ਥਾਂ ਵੀ ਹੈ ਜਿੱਥੇ  ਭਾਈ ਬਾਲੇ ਨੂੰ ਪਾਣੀ ਮਿਲਿਆ ਸੀ। 

ਇਲਾਹੀ ਪੈਂਡੇ : ਇਹਨਾਂ ਦੇ  ਰਾਹਵਾਂ ਦੇ ਨਿਸ਼ਾਨ ਇੱਥੋਂ ਦੇ ਮੌਜੂਦਾ ਅਤੇ ਇਤਿਹਾਸਕ ਸ਼ਰਧਾ ਦੇ ਅਣਗਿਣਤ ਹਵਾਲੇ ਸਮੇਟੀ ਬੈਠੇ ਹਨ।ਭਾਈ ਗੁਰਦਾਸ ਦੀਆਂ ਵਾਰਾਂ ਤੋਂ ਲੈਕੇ ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤ ਮਾਲਾ (1720 ਦੇ ਨੇੜੇ ਤੇੜੇ ਇੰਦਰਜੀਤ ਸਿੰਘ ਮੁਤਾਬਕ) ਗੁਰਬਿਲਾਸ ਪਾਤਸ਼ਾਹੀ 6 ਵੀਂ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਇਹਨਾਂ ਥਾਵਾਂ ਦੇ ਕਈ ਹਵਾਲੇ ਹਨ।ਜ਼ੁਲਫ਼ੀਕਾਰ ਅਰਦਸਤਾਨੀ ਦੀ ਦਬਿਸਤਾਨ-ਏ-ਮਜ਼ਹਬ 'ਚ ਨਾਨਕਪੰਥੀਆਂ ਬਾਰੇ ਮੁਕੰਮਲ ਵਿਸਥਾਰ ਹੈ।ਬਲਖ਼ ਦੇ ਭਾਈ ਸਾਧ,ਹਕੀਕਤ ਰਾਏ,ਦੀਵਾਨ ਕੌੜਾ ਮੱਲ ਦੇ ਹਵਾਲੇ ਗਵਾਹ ਹਨ ਕਿ ਇੱਥੇ ਸਿੱਖੀ ਦਾ ਜਲਾਲ ਕਿੰਨਾ ਇਤਿਹਾਸਕ ਹੈ।1762 ਈ. ਨੂੰ ਹਰਿਮੰਦਰ ਸਾਹਿਬ ਨੂੰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਢਾਹਿਆ ਸੀ ਤਾਂ ਉਹ ਨਾਨਕਪੰਥੀ ਦੇਸ ਰਾਜ ਹੀ ਸੀ ਜਿੰਨ੍ਹੇ ਦਰਬਾਰ ਸਾਹਿਬ ਦੀ ਮੁੜ ਉਸਾਰੀ ਕਰਵਾਈ।

ਸਿੰਧ-ਬਲੋਚਿਸਤਾਨ : 1931 ਦੀ ਮਰਦਮਸ਼ੁਮਾਰੀ ਮੁਤਾਬਕ ਬਲੋਚਿਸਤਾਨ 'ਚ ਸਿੰਧੀ,ਸਹਿਜਧਾਰੀ ਅਤੇ ਨਾਨਕਪੰਥੀ ਹਿੰਦੂ ਜਿੰਨ੍ਹਾਂ ਵਿੱਚੋਂ ਅਰੋੜਾ,ਗੁਰਖਾ,ਖੱਤਰੀ,ਰਾਜਪੂਤ,ਬ੍ਰਾਹਮਣ ਅਤੇ  ਆਰੀਆ ਸਮਾਜੀ ਹਨ ਦੀ ਵੱਸੋਂ 53681 ਹਿੰਦੂ ਅਤੇ 8425 ਸਿੱਖ ਸਨ। 1941 'ਚ 49227 ਹਿੰਦੂ ਅਤੇ 12044 ਸਿੱਖ ਸਨ। 1998 'ਚ 39000 ਹਿੰਦੂ ਅਤੇ 2017 ਦੀ ਮਰਦਮ ਸ਼ੁਮਾਰੀ ਮੁਤਾਬਕ 74040 ਹਿੰਦੂ ਹਨ।ਇੰਦਰਜੀਤ ਸਿੰਘ ਮੁਤਾਬਕ ਮਰਦਮਸ਼ੁਮਾਰੀ 'ਚ ਜਿਹੜੇ ਹਿੰਦੂ ਮੰਨੇ ਜਾਂਦੇ ਹਨ ਉਹ ਇੱਥੇ  ਦੋਹਰੇ ਵਿਸ਼ਵਾਸ਼ਾਂ ਨਾਲ ਰਹਿੰਦੇ ਹਨ।ਮਰਦਮਸ਼ੁਮਾਰੀ 'ਚ ਸ਼ੁਮਾਰ ਹਿੰਦੂਆਂ ਨੇ ਵੀ ਗੁਰਬਾਣੀ ਪੜ੍ਹਣੀ ਬੰਦ ਨਹੀਂ ਕੀਤੀ।ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਗੁਰਦਿੱਤ ਸਿੰਘ ਰੋਡ,ਮੋਤੀ ਰਾਮ,ਪਟੇਲ,ਤੋਲਾ ਰਾਮ ਅਤੇ ਨੱਥਾ ਸਿੰਘ ਰੋਡ ਨਾਨਕਪੰਥੀਆਂ ਦੇ ਵਜੂਦ ਦੇ ਨਿਸ਼ਾਨ ਹਨ। ਅਮਰਦੀਪ ਸਿੰਘ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼,ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ ਤਸਵੀਰਾਂ ਨਾਲ ਪੂਰੇ ਵਿਸਥਾਰ 'ਚ ਜਾਂਦੇ ਹਨ।ਉਹਨਾਂ ਮੁਤਾਬਕ 1925 ਦੇ ਗੁਰਦੁਆਰਾ ਸੁਧਾਰ ਐਕਟ ਤੋਂ ਬਾਅਦ ਇੱਕ ਨਿਖੇੜਾ ਇਹ ਵੀ ਹੋਇਆ ਕਿ ਖ਼ਾਲਸਾ ਸਿੱਖ ਦੀ ਪਛਾਣ ਜਿੰਨੀ ਸੰਸਥਾ ਦੇ ਰੂਪ 'ਚ ਉੱਭਰੀ ਉਸ 'ਚ ਨਾਨਕਪੰਥੀਆਂ ਦੀ ਪਛਾਣ ਇਸ ਤੋਂ ਬਾਹਰ ਨਿਕਲ ਆਈ। 1947 ਦੀ ਵੰਡ ਨੇ ਇਹਨੂੰ ਹੋਰ ਹੀ ਦਿਸ਼ਾ ਦਿੱਤੀ।ਨਾਨਕਪੰਥੀਆਂ ਦਾ ਇੱਕ ਹਿੱਸਾ ਗੰਗਾ ਜੁਮਨਾ ਦੀ ਹਿੰਦੂ ਤਹਿਜ਼ੀਬ 'ਚ ਯੂਪੀ ਵਾਲੇ ਪਾਸੇ ਜਾਂ ਮੁੰਬਈ ਵੱਲ ਨੂੰ ਪਹੁੰਚਿਆ ਅਤੇ ਦੂਜਾ ਸਿੰਧ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਦੀ ਪੂਰਬੀ ਸਰਹੱਦ 'ਤੇ ਵੱਸਿਆ ਹੈ।ਕਿਸੇ ਵੇਲੇ ਗੁਰੂ ਗ੍ਰੰਥ ਸਾਹਿਬ ਸਿੰਧੀ ਲਿਪੀ 'ਚ ਹੈਦਰਬਾਦ ਤੋਂ ਛਪਦਾ ਸੀ ਹੁਣ ਪੰਜਾਬ ਤੋਂ ਗੁਰਮੁਖੀ ਲਿਪੀ ਵਿੱਚ ਮਿਲਦਾ ਹੈ।


ਸੋ ਇਸ ਸਭ ਨੂੰ ਮਹਿਸੂਸ ਕਰਦਿਆਂ ਇਸ ਨੂੰ ਮਹੁੱਬਤ ਨਾਲ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਵੰਡ 47 ਨੇ ਸੱਭਿਆਚਾਰ ਅਤੇ ਜ਼ੁਬਾਨ ਨੂੰ ਧਾਰਮਿਕ ਖਾਕੇ ਵਿੱਚ ਵੀ ਬੰਨ੍ਹ ਦਿੱਤਾ ਹੈ।

ਅਮਰਦੀਪ ਸਿੰਘ ਦੱਸਦੇ ਹਨ ਕਿ ਇੱਥੇ ਹਿੰਦੂ ਰਵਾਇਤਾਂ ਨਾਲ ਸਿੱਖ ਅਰਦਾਸ ਵੀ ਸ਼ਾਮਲ ਹੈ।ਸਿੰਧ ਵਿੱਚ ਬਹੁਤ ਥਾਵਾਂ 'ਤੇ ਗੁਰਦੁਆਰੇ ਹਨ ਅਤੇ ਨਾਨਕਪੰਥੀਆਂ ਦੀ ਰਵਾਇਤ ਸਿੱਖੀ ਦੀ ਹੈ ਪਰ ਉਹਨਾਂ ਬੰਦਿਆਂ ਦੇ ਵਾਲ ਨਹੀਂ ਅਤੇ ਨਾਂ ਹੀ ਪੱਗ ਬੰਨ੍ਹਦੇ ਹਨ।ਸ਼ਿਕਾਰਪੁਰ ਤੋਂ ਗੋਹਟਕੀ,ਡੇਹਰਕੀ,ਕਸ਼ਮੋਰ,ਕੰਧਕੋਟ,ਕਰਮਪੁਰ ਤੱਕ ਹਰ ਥਾਂ ਗੁਰਦੁਆਰਾ ਹੈ।ਸਿੰਧੀਆਂ ਲਈ ਬਾਬਾ ਨਾਨਕ ਸ਼ਾਹ ਹਨ।ਸਿੰਧ ਦੇ ਇਸ ਮਾਹੌਲ 'ਚ ਗੁਰਦੁਆਰਿਆਂ ਦੀ ਰਵਾਇਤ 'ਚ ਸੂਫ਼ੀ,ਇਸਲਾਮਿਕ,ਹਿੰਦੂ ਅਤੇ ਸਿੱਖ ਵਿਸ਼ਵਾਸ਼ਾਂ ਦੀ ਸਾਂਝੀਵਾਲਤਾ ਅਤੇ ਰਵਾਇਤ ਸਥਾਪਿਤ ਹੈ।ਗੋਹਟਕੀ 'ਚ 40 ਹਜ਼ਾਰ ਨਾਨਕਪੰਥੀ,ਡੇਹਰਕੀ 'ਚ 100 ਪਰਿਵਾਰ,ਕਸ਼ਮੋਰ 'ਚ 20 ਹਜ਼ਾਰ ਨਾਨਕਪੰਥੀ,ਕੰਧਕੋਟ 'ਚ 30 ਹਜ਼ਾਰ ਅਤੇ ਕਰਮਪੁਰ 'ਚ 3500 ਨਾਨਕਪੰਥੀ ਰਹਿੰਦੇ ਹਨ।ਇਹਨੂੰ ਵਿਸਥਾਰ 'ਚ ਅਮਰਦੀਪ ਸਿੰਘ ਦੱਸਦੇ ਹਨ ਕਿ ਗੋਹਟਕੀ 'ਚ 1999 ਦੇ ਸਾਲ 'ਚ ਗੁਰੂ ਰਾਮਦਾਸ ਗੁਰਦੁਆਰਾ 5 ਨਾਨਕਪੰਥੀ ਪਰਿਵਾਰਾਂ ਨੇ ਮਿਲਕੇ ਬਣਾਇਆ ਸੀ ਅਤੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪਰਿਭਾਸ਼ਤ ਕੀਤੀ ਮਰਿਆਦਾ ਨਿਭਾਈ ਜਾਂਦੀ ਹੈ।ਇਸ ਤੋਂ ਇਲਾਵਾ ਭਾਈਚਾਰੇ ਨੇ ਮੁਫਤ ਐਂਬੂਲੈਸ ਸੇਵਾ ਦਾ ਪ੍ਰਬੰਧ ਵੀ ਕੀਤਾ ਹੈ।ਡੇਹਰਕੀ ਵਿਖੇ ਗੁਰਦੁਆਰਾ ਬਾਬਾ ਨਾਨਕ ਸ਼ਾਹ ਹੈ ਜੀਹਨੂੰ ਬਾਬਾ ਹਰੀ ਸਿੰਘ ਨੇ 1986 'ਚ ਆਪਣੇ ਘਰ ਦਾਨ ਕਰਕੇ ਬਣਵਾਇਆ ਸੀ।ਅਮਰਦੀਪ ਸਿੰਘ ਕਹਿੰਦੇ ਹਨ ਕਿ ਇਹ ਗੱਲ ਦਰਜ ਕੀਤੀ ਜਾਵੇ ਕਿ ਕਸ਼ਮੋਰ ਕੰਧਕੋਟ ਤੋਂ ਲੈਕੇ ਇਹਨਾਂ ਥਾਵਾਂ 'ਤੇ ਗੁਰਦੁਆਰੇ  ਆਪਣੇ ਭਾਈਚਾਰੇ ਨੂੰ ਧਿਆਨ 'ਚ ਰੱਖਦਿਆਂ ਵੰਡ ਤੋਂ ਬਾਅਦ ਦੇ ਸਮੇਂ 'ਚ ਬਣੇ ਹਨ।ਇਹ ਇਹਨਾਂ ਨਾਨਕਪੰਥੀਆਂ ਦੀ ਸ਼ਰਧਾ ਅਤੇ ਜਜ਼ਬੇ ਦੀ ਮਿਸਾਲ ਹਨ।

ਅਮਰਦੀਪ ਸਿੰਘ ਸ਼ਿਕਾਰਪੁਰ ਤੋਂ ਦਾਦਾ ਰੇਵਾ ਚੰਦ ਦੇ ਹਵਾਲੇ ਨਾਲ ਮਿਸਾਲ ਰੱਖਦੇ ਹਨ ਕਿ ਇਹ ਹਿੰਦੂ ਸ਼ਹਿਰ ਸੀ ਅਤੇ ਇੱਥੋਂ ਦੇ ਵਸਨੀਕਾਂ ਦਾ ਸਿੱਖੀ ਨਾਲ ਰਿਸ਼ਤਾ ਗੁਰੂਆਂ ਦੇ ਜ਼ਮਾਨੇ ਤੋਂ ਹੈ।ਇੱਥੋਂ ਦੇ ਵਪਾਰੀ ਸਦਾ ਗੁਰੂ ਘਰ ਲਈ ਦਸਵੰਧ ਕੱਢਦੇ ਸਨ।ਸ਼ਿਕਾਰਪੁਰ 'ਚ ਗੁਰਦੁਆਰਾ 2012 'ਚ ਉਸਾਰਿਆ ਗਿਆ।ਸਿੱਖੀ ਦੇ ਅੰਦਰ ਦਾ ਰੂਹਾਨੀ ਚਿੰਤਨ,ਈਮਾਨਦਾਰੀ,ਘਾਲਣਾ ਅਤੇ ਦਸਵੰਧ ਦੇ ਗੁਣਾਂ ਨੇ ਨਾਨਕਪੰਥੀਆਂ ਦੇ ਵਿਸ਼ਵਾਸ਼ ਨੂੰ ਛੂਹਿਆ ਹੈ।ਇੱਥੇ ਗੁਰੂ ਗ੍ਰੰਥ ਸਾਹਿਬ ਦਾ ਉੱਲਥਾ ਸਿੰਧੀ ਜ਼ੁਬਾਨ 'ਚ ਕੀਤਾ ਗਿਆ ਹੈ ਅਤੇ ਹੈਦਰਾਬਾਦ ਸਿੰਧ 'ਚ ਇਹਦੇ 22 ਭਾਗ ਮੁੜ ਛਾਪੇ ਗਏ ਹਨ।ਦਾਦਾ ਰੇਵਾ ਚੰਦ ਮੁਤਾਬਕ ਫਲਸਫੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹਾ ਸਦਾ ਕਰਨ ਦੀ ਲੋੜ ਹੈ।

ਇੱਥੇ ਹੀ ਸ੍ਰੀ ਖ਼ਤ ਵਾਰੀ ਦਰਬਾਰ ਦੀ ਬੜੀ ਮਾਨਤਾ ਹੈ।ਭਾਈ ਘੱਨਈਆ ਸ਼ਿਕਾਰਪੁਰ ਤੋਂ ਸਨ ਅਤੇ ਖ਼ਤ ਵਾਰੋ ਬਾਓ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਜੁੜਦਾ ਹੈ।ਬਾਵਾ ਗੁਰਦਾਸ ਹੁਣਾਂ ਨੂੰ ਗੁਰੂ ਸਾਹਿਬ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹੀ ਸ਼ਿਕਾਰਪੁਰ ਭੇਜਿਆ ਸੀ।ਇੱਥੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਤਾਨ ਬੀੜਾਂ ਸਾਂਭਕੇ ਰੱਖੀਆਂ ਹਨ।ਇੱਥੇ ਹੱਥ ਲਿਖਤ ਸਾਖੀਆਂ ਤੋਂ ਇਲਾਵਾ 1907 ਦੀ ਛਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਹੈ।ਇੰਝ ਨਾਨਕਪੰਥੀਆਂ ਨੇ ਆਪਣੇ ਧਰਮ ਦੇ ਅਦਬ ਅਤੇ ਇਤਿਹਾਸਕ ਸੁਹਜ ਨੂੰ ਵੀ ਸੰਭਾਲਿਆ ਹੈ।ਸੀ੍ਰ ਖ਼ਤ ਵਾਰੀ ਦਰਬਾਰ ਤੋਂ ਬਾਬਾ ਰਾਮਦਾਸ ਵੰਡ ਵੇਲੇ ਭਾਰਤ ਆ ਗਏ ਸਨ ਅਤੇ ਇਸੇ ਨਾਮ ਦਾ ਦੂਜਾ ਦਰਬਾਰ ਹੁਣ ਮੁੰਬਈ 'ਚ ਵੀ ਹੈ।