ਘੁੰਮਦਿਆਂ-ਫਿਰਦਿਆਂ ਤੱਕੇ ਬਾਬੇ ਦੀਆਂ ਪੈੜਾਂ ਦੇ ਨਿਸ਼ਾਨ

09/14/2019 11:46:25 AM

ਘੁੰਮਦਿਆਂ-ਫਿਰਦਿਆਂ
ਪ੍ਰਾਚੀਨ ਸਮੇਂ ਦੀ ਦੁਨੀਆ ’ਚ ਜਿਨ੍ਹਾਂ ਦਾ ਨਾਂ ਬਹੁਤ ਵੱਡੇ ਘੁਮੱਕੜਾਂ, ਯਾਤਰੀਆਂ ’ਚ ਆਉਂਦਾ ਹੈ, ਉਹ ਹਨ ‘ਇਬਨ ਬਤੂਤਾ’ ਅਤੇ ਮਾਰਕੋ ਪੋਲੋ। ਇਬਨ ਬਤੂਤਾ ‘ਮਰੱਕੋ’ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੀ 20-22 ਵਰ੍ਹਿਆਂ ਦੀ ਉਮਰ ’ਚ ਘਰੋਂ ਬਾਹਰ ਨਿਕਲਿਆ ਅਤੇ ਉਸ ਸਮੇਂ ਦੀ ਤਕਰੀਬਨ ਅੱਧੀ ਦੁਨੀਆ : ਅਫਰੀਕਾ, ਅਰਬ ਦੇਸ਼, ਤੁਰਕੀ, ਈਰਾਨ, ਅਫਗਾਨਿਸਤਾਨ, ਹਿੰਦੋਸਤਾਨ ਅਤੇ ਚੀਨ, ਜਾਪਾਨ ਆਦਿ ਦੇਸ਼ਾਂ ’ਚ 37 ਸਾਲਾਂ ਤੱਕ ਘੁੰਮਦਾ-ਫਿਰਦਾ ਰਿਹਾ। ਸੰਨ 1325 'ਚ ਸ਼ੁਰੂ ਹੋ ਕੇ ਉਸ ਦੇ ਪੈਰਾਂ ਨੇ 75,000 ਮੀਲ ਭਾਵ 1,20,000 ਕਿਲੋਮੀਟਰ, ਜ਼ਿਆਦਾਤਰ ਪੈਦਲ ਜਾਂ ਘੋੜੇ ਅਤੇ ਕਦੀ ਪਾਣੀ ਦੇ ਜਹਾਜ਼ 'ਚ ਸਫਰ ਕਰਦਾ ਰਿਹਾ। ਮਾਰਕੋ ਪੋਲੋ ਵੀਨਸ ਸ਼ਹਿਰ ’ਚੋਂ ਸੰਨ 1271 ’ਚ ਆਪਣੀ ਚੀਨ-ਹਿੰਦੋਸਤਾਨ ਆਦਿ ਦੀ ਯਾਤਰਾ ’ਤੇ ਨਿਕਲਿਆ ਅਤੇ 24 ਸਾਲ ਤੱਕ ਯਾਤਰਾ ਕਰਦਾ ਰਿਹਾ। ਇਸ ਨੇ ਧਰਤੀ ਦੇ ਤਕਰੀਬਨ 20 ਹਜ਼ਾਰ ਮੀਲ ਨੂੰ ਆਪਣੇ ਪੈਰਾਂ ਨਾਲ ਗਾਹਿਆ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 35 ਹਜ਼ਾਰ ਕਿਲੋਮੀਟਰ ਜ਼ਿਆਦਾਤਰ ਪੈਦਲ ਯਾਤਰਾ ਕੀਤੀ। ਚਾਹੇ ਪੰਜਾਬ ਤੋਂ ਇਲਾਵਾ ਇਸ ਬਾਰੇ ਬਹੁਤਿਆਂ ਨੂੰ ਜਾਣਕਾਰੀ ਨਹੀਂ ਪਰ ਜ਼ਾਹਿਰ ਤੌਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦੇ ਮਹਾਨ ਯਾਤਰੀਆਂ ’ਚੋਂ ਇਕ ਸਨ। ਕੁਝ ਦਿਨ ਮੈਨੂੰ ਪਾਕਿਸਤਾਨ ਦੇ ਇਕ ਖੋਜੀ/ਲੇਖਕ ਹਾਰੁਨ ਖਾਲਿਦ ਦੀ ਲਿਖੀ ਇਕ ਪੁਸਤਕ ‘ਵਾਕਿੰਗ ਵਿਦ ਨਾਨਕ’ ਪੜ੍ਹਨ ਦਾ ਮੌਕਾ ਮਿਲਿਆ, ਜਿਸ ’ਚ ਲੇਖਕ ਨੇ ਬਹੁਤ ਸ਼ਰਧਾ ਅਤੇ ਮਿਹਨਤ ਨਾਲ ਪਾਕਿਸਤਾਨ ਦੇ ਉਨ੍ਹਾਂ ਸਾਰੇ ਛੋਟੇ-ਵੱਡੇ ਸਥਾਨਾਂ, ਗੁਰਦੁਆਰਿਆਂ ਨੂੰ ਲੱਭਦਿਆਂ ਉਨ੍ਹਾਂ ਬਾਰੇ ਲਿਖਿਆ ਹੈ।

ਹਥਲੇ ਲੇਖਾਂ ’ਚ ਮੈਂ ਉਨ੍ਹਾਂ ਸਥਾਨਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦੂਰਗਾਮੀ ਸਥਾਨਾਂ ਦੀ ਮੈਂ ਆਪ ਯਾਤਰਾ ਕੀਤੀ ਹੈ : ਬਗਦਾਦ, ਆਸਾਮ, ਲੱਦਾਖ, ਗੁਜਰਾਤ ਆਦਿ। ਇਹ ਸਾਰੇ ਲੇਖ, ਜਿਵੇਂ ਕਿ ਪਾਠਕ ਵੇਖਣਗੇ, ਯਾਤਰਾ ਦੀਆਂ ਯਾਦਾਂ ਵਾਂਗ ਲਿਖੇ ਗਏ ਹਨ।

ਗੁਰੂਦੋਂਗਮਾਰ

ਸਿੱਕਿਮ ਦੇ ਧੁਰ ਉੱਤਰ 'ਚ, ਜਿਥੋਂ ਤਿੱਬਤ ਦੀ ਸੀਮਾ ਸ਼ੁਰੂ ਹੋ ਜਾਂਦੀ ਹੈ, ਉਥੇ ਗੁਰੂ ਜੀ ਦੀਆਂ ਉਦਾਸੀਆਂ/ਯਾਤਰਾਵਾਂ ਨਾਲ ਜੁੜਿਆ ਹੋਇਆ ਇਕ ਸਥਾਨ ਹੈ ਗੁਰੂਦੋਂਗਮਾਰ। ਇਕ ਵਾਰੀ ਗੁਰੂ ਜੀ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਹੁੰਦਿਆਂ ਇਸ ਪਾਸਿਓਂ ਵਾਪਸ ਆਏ ਸਨ। ਮੈਂ ਬੜੀ ਵਾਰੀ ਯਤਨ ਕੀਤੇ ਉਥੇ ਜਾਣ ਦੇ ਪਰ ਜਾਂ ਤਾਂ ਉਥੇ ਜਾਣ ਦਾ ਪਰਮਿਟ ਨਹੀਂ ਮਿਲਿਆ ਜਾਂ ਰਸਤੇ ’ਚ ਬਰਫਾਂ ਪੈਣ ਲੱਗਦੀਆਂ ਅਤੇ ਵਾਪਸ ਆ ਜਾਣਾ ਪਿਆ। ਉਦੋਂ ਤਕ ਗੁਰੂਦੋਂਗਮਾਰ ਤੱਕ ਸੜਕ ਨਹੀਂ ਸੀ ਬਣੀ। ਇਕ ਵਾਰੀ ਅੱਜ ਤੋਂ ਤਕਰੀਬਨ ਪੰਜ ਕੁ ਸਾਲ ਪਹਿਲਾਂ ਜਦੋਂ ਮੈਨੂੰ ਪਤਾ ਲੱਗਾ ਕਿ ਉਥੋਂ ਤੱਕ ਸੜਕ ਵੀ ਬਣ ਗਈ ਅਤੇ ਯਾਤਰੀਆਂ ਲਈ ਕੁਝ ਸਹੂਲਤਾਂ ਵੀ ਉਪਲੱਬਧ ਹਨ ਤਾਂ ਮੈਂ ਆਪਣੇ ਨਾਲ ਇਕ ਸਾਥੀ ਨੂੰ ਲੈ ਕੇ ਸਿੱਕਿਮ ਦੀ ਰਾਜਧਾਨੀ ਗੰਗਟੋਕ ਪਹੁੰਚ ਜਾਂਦਾ ਹਾਂ।

ਗੰਗਟੋਕ ਤੋਂ ਗੁਰੂਦੋਂਗਮਾਰ 190 ਕਿਲੋਮੀਟਰ ਹੈ। ਪਹਾੜੀ ਰਸਤਾ ਅਤੇ ਸੜਕਾਂ ਖਰਾਬ ਹੋਣ ਕਾਰਣ ਪਹਿਲਾ ਪੜਾਅ ‘ਲਾਚੇਨ’ ਹੈ (121 ਕਿਲੋਮੀਟਰ)। ਟਾਟਾ ਸੂਮੋ ਦੇ ਗੰਗਟੋਕ ਸ਼ਹਿਰ ਲੰਘਣ ਤੋਂ ਬਾਅਦ ਪੰਦਰਾਂ ਕੁ ਕਿਲੋਮੀਟਰ ਤੱਕ ਸੜਕ ਠੀਕ-ਠਾਕ ਹੈ, ਉਸ ਤੋਂ ਬਾਅਦ ਟੋਇਆਂ ਵਾਲੀ। ਇਸ ਦਾ ਕਾਰਣ ਇਹ ਕਿ ਸੜਕ ਨੂੰ ਪੁੱਟ-ਪੁੱਟ ਕੇ ਚੌੜਾ ਕੀਤਾ ਜਾ ਰਿਹਾ ਹੈ।

ਰਸਤੇ ’ਚ ਬਹੁਤ ਸਾਰੀਆਂ ਖੂਬਸੂਰਤ ਆਬਸ਼ਾਰਾਂ ਹਨ। ਗੱਡੀ ਕਈ ਵਾਰੀ ਪਹਾੜਾਂ ਉੱਪਰ ਚੜ੍ਹਦੀ ਅਤੇ ਕਿਸੇ ਦਰਿਆ ਨੂੰ ਪਾਰ ਕਰਨ ਲਈ ਕਈ ਵਾਰੀ ਉਤਰਾਈ ਉਤਰਦੀ ਪੁਲ ਪਾਰ ਕਰਦੀ ਹੈ। ਮੈਂ ਮਨ ਹੀ ਮਨ 'ਚੁੰਗਥਾਂਗ' ਪਹੁੰਚਣ ਦੀ ਉਡੀਕ ਕਰ ਰਿਹਾ ਹਾਂ। ਪੰਜ, ਸਾਢੇ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਤਿੱਬਤ ਜਾਂਦਿਆਂ ਜਾਂ ਵਾਪਸ ਆਉਂਦਿਆਂ ਇਥੇ ਇਕ ਬੋਧ ਵਿਹਾਰ ’ਚ ਠਹਿਰੇ ਸਨ। ਮੇਰੀ ਸੂਚਨਾ ਅਨੁਸਾਰ ਇਥੇ ਇਕ ਗੁਰਦੁਆਰਾ ਵੀ ਹੈ। ਗੁਰੂ ਜੀ ਗੰਗਟੋਕ ਹੋ ਕੇ ਆਏ ਸਨ ਜਾਂ ਕਿਸੇ ਹੋਰ ਪਾਸਿਓਂ? ਸ਼ਾਇਦ ਚੁੰਗਥਾਂਗ ਜਾ ਕੇ ਪਤਾ ਲੱਗ ਜਾਵੇ। ਰਸਤੇ ’ਚ ਇਕ ਚਾਰ-ਪੰਜ ਸੌ ਸਾਲ ਪੁਰਾਣੇ ਖੰਡਰ ਹੋਏ ਰੱਸੀ-ਪੁਲ ਨੂੰ ਵੇਖਦਾ ਹਾਂ। ਮੈਂ ਕਲਪਨਾ ਕਰਨ ਲੱਗਦਾ ਹਾਂ ਕਿ ਗੁਰੂ ਜੀ ਨੇ ਇਸੇ ਪੁਲ ਨੂੰ ਪਾਰ ਕੀਤਾ ਹੋਵੇਗਾ।

ਪੰਜ ਕੁ ਘੰਟੇ (95 ਕਿਲੋਮੀਟਰ) ਬਾਅਦ ‘ਚੁੰਗਥਾਂਗ’ ਦਾ ਕਸਬਾ ਨਜ਼ਰ ਆਉਂਦਾ ਹੈ। ਕਸਬੇ ਦੇ ਵਿਚਕਾਰ ਕਰ ਕੇ ਗੁਰਦੁਆਰੇ ਦਾ ਕਲਸ਼ ਚਮਕਦਾ ਦਿਸਦਾ ਹੈ। ਮੇਰਾ ਇਕ ਮਿੱਤਰ ਪਿਛਲੇ ਸਾਲ ਇਸ ਪਾਸੇ ਆਇਆ ਸੀ ਅਤੇ ਉਸ ਨੇ ਇਥੋਂ ਦੇ ਭਾਈ ਯਾਦਵਿੰਦਰ ਸਿੰਘ ਬਾਰੇ ਦੱਸਦਿਆਂ ਉਸ ਦੀ ਅਤੇ ਗੁਰਦੁਆਰੇ ਦੀ ਬਹੁਤ ਸਿਫਤ ਕੀਤੀ ਸੀ। ਮੇਰਾ ਇਰਾਦਾ ਗੁਰਦੁਆਰੇ ਹੀ ਰੁਕਣ ਦਾ ਬਣਦਾ ਹੈ ਪਰ ਧਰੂ ਭੂਟੀਆ ਦੱਸਦਾ ਹੈ ਕਿ ਜੇ ਇਥੇ ਰੁਕੇ ਤਾਂ ਅਗਲੇ ਦਿਨ ‘ਠੀਕ ਸਮੇਂ’ ਗੁਰੂਦੋਂਗਮਾਰ ਨਹੀਂ ਪਹੁੰਚ ਸਕਦੇ। ਇਸ ਲਈ ‘ਲਾਚੇਨ’ ਪਹੁੰਚ ਕੇ ਰੁਕਣਾ ਹੀ ਠੀਕ ਰਹੇਗਾ ਗੁਰਦੁਆਰਾ ਆਉਂਦੀ ਵਾਰ। ਉਸ ਦਾ ਆਖਿਆ ਮੈਨੂੰ ਦਰੁੱਸਤ ਜਚਦਾ ਹੈ। ਇਸ ਪਾਸੇ ਸੂਰਜ ਛੇਤੀ ਚੜ੍ਹਦਾ ਅਤੇ ਛੇਤੀ ਲੁੱਕ ਜਾਂਦਾ ਹੈ। ਜਦ ਅਸੀਂ ਸਾਢੇ 6 ਵਜੇ ‘ਲਾਚੇਨ’ ਪਹੁੰਚਦੇ ਹਾਂ ਤਦ ਤਕ ਹਨੇਰਾ ਪਸਰ ਚੁੱਕਾ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਲਾਚੇਨ ਦੇ ਬੋਧ ਵਿਹਾਰ ’ਚ ਠਹਿਰੇ ਸਨ। ਇਥੇ ਗੁਰੂ ਨਾਨਕ ਦੇਵ ਜੀ ਨੂੰ ‘ਰਿਮਪੋਜੀ ਨਾਨਕ ਗੁਰੂ’ ਜਾਂ ‘ਨਾਨਕ ਲਾਮਾ’ ਕਰ ਕੇ ਜਾਣਦੇ ਹਨ। ਇਸ ਬੋਧ ਵਿਹਾਰ ’ਚ ਇਕ ਵਸਤਰ, ਇਕ ਕਮੰਡਲ ਅਤੇ ਪੱਥਰ ਦੇ ਇਕ ਟੁਕੜੇ ’ਤੇ ਗੁਰੂ ਜੀ ਦੇ ਪੈਰ ਦੇ ਨਿਸ਼ਾਨ ਪਏ ਹੋਏ ਹਨ।

ਗੁਰੂਦੋਂਗਮਾਰ ਇਥੋਂ 44 ਕਿਲੋਮੀਟਰ ਦੀ ਦੂਰੀ ’ਤੇ ਹੈ। ਟੈਕਸੀ ਚਾਲਕ ਸਾਨੂੰ ਸਵੇਰੇ ਚਾਰ ਵਜੇ ਤਿਆਰ ਹੋਣ ਲਈ ਆਖਦਾ ਹੈ। ਇਸ ਦਾ ਮੁੱਖ ਕਾਰਣ ਇਥੋਂ ਦੀਆਂ ਖਰਾਬ ਸੜਕਾਂ ਹਨ। ਗੰਗਟੋਕ ਤੋਂ ਇਥੋਂ ਤੱਕ (ਅਤੇ ਅੱਗੇ) ਤਿੰਨ ਕਿਸਮ ਦੀਆਂ ਸੜਕਾਂ ਹਨ, ਖਰਾਬ, ਬਹੁਤ ਖਰਾਬ ਅਤੇ ਬੇਹੱਦ ਖਰਾਬ। ਅਸੀਂ ਮੂੰਹ-ਹਨੇਰੇ ਟੈਕਸੀ ’ਚ ਬੈਠ ਕੇ ਗੁਰੂਦੋਂਗਮਾਰ ਲਈ ਤੁਰ ਪੈਂਦੇ ਹਾਂ। ਟੈਕਸੀ ਦੀ ਰਫਤਾਰ 10 ਕਿਲੋਮੀਟਰ ਤੋਂ ਜ਼ਿਆਦਾ ਨਹੀਂ। ਖ਼ਰਾਬ ਸੜਕ ਤੋਂ ਇਲਾਵਾ ਚੜ੍ਹਾਈ ਵੀ ਕਾਫੀ ਹੈ-ਅਸੀਂ 10,000 ਫੁੱਟ ਤੋਂ 17,100 ਫੁੱਟ ਤੱਕ ਜਾਣਾ ਹੈ। ਦੋ ਕੁ ਘੰਟੇ ਬਾਅਦ ਅਸੀਂ ਥਾਗੂ ਨਾਂ ਦੇ ਪਿੰਡ ’ਚ ਰੁਕਦੇ ਹਾਂ। ਗੁਫ਼ਾ ਵਰਗੀ ਇਕ ਥਾਵੇਂ ਨਾਸ਼ਤਾ ਕਰਦੇ ਹਾਂ। ਘਰ ਦੀ ਬਣਾਈ ਚਾਊਮੀਨ ਹੈ। ਢਾਬੇ ਵਾਲਾ ਦੱਸਦਾ ਹੈ ਕਿ ਗੁਰੂਦੋਂਗਮਾਰ ਦਾ ਰਸਤਾ ਹਾਲੇ ਖੁੱਲ੍ਹਿਆ ਨਹੀਂ। ਰਸਤੇ ’ਚ ਸੜਕ ਉੱਤੇ ਬਰਫ ਅਤੇ ਚਿੱਕੜ ਹੈ। ਹੋ ਸਕਦਾ ਹੈ ਸੂਮੋ ਪਾਰ ਕਰ ਜਾਵੇ। ਹੋ ਸਕਦਾ ਨਾ ਵੀ ਕਰੇ। ਹੁਣ ਕੀ ਕਰੀਏ? ਭੂਟੀਆ ਵੀ ਸਾਨੂੰ ਹੌਸਲਾ ਨਹੀਂ ਦਿੰਦਾ। ਚਲੋ ਵੇਖੀ ਜਾਵੇਗੀ। ਜਾ ਕੇ ਵੇਖਦੇ ਹਾਂ। ਅਸੀਂ ਧਰੂ ਭੂਟੀਆ ਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਨੂੰ ਬਰਫਾਂ ਉੱਤੇ ਤੁਰਨ ਦਾ ਤਜਰਬਾ ਹੈ। ਤਿੰਨ-ਚਾਰ ਮੀਲ ਦਾ ਫ਼ਾਸਲਾ (ਜਿਵੇਂ ਕਿ ਉਹ ਦੱਸਦੇ ਹਨ) ਅਸੀਂ ਪੈਦਲ ਕਰ ਲਵਾਂਗੇ।

ਢਾਬੇ ਤੋਂ ਦੋ ਸੋਟੀਆਂ ਚੁੱਕ ਕੇ ਅਸੀਂ ਸੂਮੋ ’ਚ ਆ ਬੈਠਦੇ ਹਾਂ। ਸੂਮੋ ਗੱਡੀ ਹੌਲੀ-ਹੌਲੀ ਚੜ੍ਹਾਈ ਚੜ੍ਹਦੀ, ਮੋੜ ਮੁੜਦੀ ਅੱਗੇ ਵਧਦੀ ਜਾ ਰਹੀ ਹੈ। ਰਸਤੇ 'ਚ ਕਿਤੇ-ਕਿਤੇ ਬਰਫ਼ ਦੇ ਟੁਕੜੇ ਆਉਂਦੇ ਅਤੇ ਗੱਡੀ ਉੱਪਰੋਂ ਲੰਘਦੀ ਜਾਂਦੀ ਹੈ। ਘੰਟੇ ਕੁ ਬਾਅਦ ਸੂਮੋ ਦੇ ਪਹੀਏ ਘੁਰ-ਘੁਰ ਕਰਦਿਆਂ ਇਕੋ ਥਾਵੇਂ ਘੁੰਮਦਿਆਂ ਰੁਕ ਜਾਂਦੇ ਹਨ। ਅੱਗੇ ਕਾਫ਼ੀ ਬਰਫ਼ ਅਤੇ ਚਿੱਕੜ। ਅਸੀਂ ਗੱਡੀ ’ਚੋਂ ਉਤਰ ਕੇ ਅਤੇ ਆਪਣੇ ਚਿਹਰੇ ਮਫ਼ਲਰਾਂ ਨਾਲ ਢਕ ਕੇ ਬਰਫ਼ ਉੱਤੇ ਤੁਰਨ ਲੱਗਦੇ ਹਾਂ। ਚੜ੍ਹਾਈ ਬੇਸ਼ੱਕ ਬਹੁਤੀ ਨਹੀਂ ਪਰ ਆਕਸੀਜਨ ਘੱਟ ਹੋ ਜਾਣ ਕਾਰਣ (ਤਕਰੀਬਨ 16,000 ਫੁੱਟ ਦੀ ਉਚਾਈ) ਸਾਹ ਚੜ੍ਹ ਰਿਹਾ ਹੈ। ਪਿੱਛੇ ਇਕ ਹੋਰ ਗੱਡੀ ਰੁਕਦੀ ਹੈ ਅਤੇ ਸਾਨੂੰ ਤੁਰਦਿਆਂ ਵੇਖ ਉਹ ਵੀ ਗੱਡੀ ’ਚੋਂ ਉਤਰ ਕੇ ਤੁਰਨ ਲੱਗਦੇ ਹਨ। ਤਕਰੀਬਨ ਇਕ ਘੰਟਾ ਬਰਫ਼ 'ਤੇ ਤੁਰਦੇ ਰਹਿਣ ਤੋਂ ਬਾਅਦ ਇਕ ਚੜ੍ਹਾਈ ਚੜ੍ਹਦੇ ਅਤੇ ਵਾਹ! ਸਾਹਮਣੇ ਗੁਰੂਦੋਂਗਮਾਰ ਝੀਲ ਅਤੇ ਝੀਲ ਦੇ ਦੋ ਪਾਸੇ ਉੱਚੀਆਂ-ਉੱਚੀਆਂ ਬਰਫ਼ਾਨੀ ਚੋਟੀਆਂ! ਦੋ ਪਾਸੇ ਖੁੱਲ੍ਹੇ ਮੈਦਾਨ ਜਿਹੇ, ਹਲਕੇ-ਹਲਕੇ ਟਿੱਬਿਆਂ ਵਰਗੇ। ਇਸ ਨੂੰ ਭੂਗੋਲਿਕ ਪੱਧਰ ’ਤੇ ਤਿੱਬਤ ਦੇ ਪਠਾਰ ਕਿਹਾ ਜਾਂਦਾ ਹੈ। ਇਸ ਵੇਲੇ ਅਸੀਂ ਤਿੱਬਤ (ਚੀਨ) ਦੀ ਸਰਹੱਦ ਤੋਂ ਮਸਾਂ ਪੰਜ ਕਿਲੋਮੀਟਰ ਦੂਰ ਹਾਂ। ਕਿਤੇ-ਕਿਤੇ ਯਾਕ (ਤਿੱਬਤ ਦਾ ਇਕ ਪਾਲਤੂ ਪਸ਼ੂ) ਚਰਦੇ ਦਿਸ ਰਹੇ ਹਨ। ਖੱਬੇ ਪਾਸੇ ਗੁਰਦੁਆਰਾ ਦਿਸ ਰਿਹਾ ਹੈ। ਇਹ ਝੀਲ ਦੁਨੀਆ ਦੀਆਂ ਸਭ ਤੋਂ ਉੱਚੀਆਂ ਝੀਲਾਂ 'ਚ ਗਿਣੀ ਜਾਂਦੀ ਹੈ ਤੇ ਸਭ ਤੋਂ ਉੱਚਾ ਗੁਰਦੁਆਰਾ।

ਦ੍ਰਿਸ਼ ਕਹਿ ਰਿਹਾ ਹੈ ਕਿ ਇਥੇ ਬੈਠ ਕੇ ਵੇਖਦੇ ਅਤੇ ਅਾਨੰਦ ਮਾਣਦੇ ਰਹੋ। ਠੰਡੀਆਂ ਸੀਤ ਹਵਾਵਾਂ, ਜਿਵੇਂ ਕਹਿ ਰਹੀਆਂ ਹੋਣ, ਨੱਸ ਜਾਓ ਜਾਂ ਆਪਣੀ ਗੱਡੀ ’ਚ ਜਾ ਬੈਠੋ। ਗੁਰਦੁਆਰੇ ਦਾ ਦਰਵਾਜ਼ਾ ਬੰਦ, ਜਿੰਦਰਾ ਵੱਜਿਆ ਹੋਇਆ। ਉਸੇ ਵੇਲੇ ਸਾਡਾ ਟੈਕਸੀ ਚਾਲਕ ਕਿਸੇ ਨੂੰ ਬੁਲਾ ਲਿਆਉਂਦਾ ਹੈ। ਇਹ ਇਥੋਂ ਦਾ ਭੂਟੀਆ ਗੁਰਦੁਆਰੇ ਦਾ ਰਖਵਾਲਾ ਹੈ। ਬਹੁਤ ਠੰਡ ਹੋਣ ਕਾਰਣ ਇਥੋਂ ਦਾ ਭਾਈ ਚਲਾ ਗਿਆ ਹੈ ਜਾਂ ਕੋਈ ਭਾਈ (ਜ਼ਿਆਦਾ ਦੇਰ ਰਹਿਣ ਵਾਲਾ) ਹੈ ਹੀ ਨਹੀਂ। ਚੌਕੀਦਾਰ ਦੇ ਦਰਵਾਜ਼ਾ ਖੋਲ੍ਹ ਦੇਣ ਤੋਂ ਬਾਅਦ ਮੈਂ ਅੰਦਰ ਜਾਂਦਾ ਹਾਂ। ਗੁਰਦੁਆਰੇ ਦੀ ਬਨਾਵਟ ਬੋਧ ਗੋਂਪਾ ਵਰਗੀ ਹੈ। ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕੰਧਾਂ ’ਤੇ ਬੋਧ ਥਾਂਕਾ ਟੰਗੇ ਹਨ। ਪੁਰਾਣੇ ਸਫ਼ਰਨਾਮਿਆਂ ਅਤੇ ਤਿੱਬਤ ਦੇ ਦਲਾਈਲਾਮਿਆਂ ਬਾਰੇ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਜਦੋਂ ਤਿੱਬਤ (ਲਾਸਾ) ’ਚ ਕੋਈ ਖ਼ਾਸ ਉਤਸਵ ਹੁੰਦਾ ਜਾਂ ਨਵਾਂ ਦਲਾਈਲਾਮਾ ਨਿਯੁਕਤ ਕੀਤਾ ਜਾਂਦਾ ਸੀ ਤਾਂ ਹਿੰਦੋਸਤਾਨ ਤੋਂ ਪ੍ਰਤਿਸ਼ਠਿਤ ਧਾਰਮਿਕ ਵਿਅਕਤੀਆਂ ਨੂੰ ਲਾਸਾ ਆਉਣ ਦਾ ਸੱਦਾ ਭੇਜਿਆ ਜਾਂਦਾ ਸੀ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਗੁਰੂ ਜੀ ਕੋਲ ਲਾਸਾ ਆਉਣ ਦਾ ਸੱਦਾ ਪਹੁੰਚਿਆ ਤਾਂ ਉਨ੍ਹਾਂ ਮਰਦਾਨੇ ਨੂੰ ਬੁਲਾ ਕੇ ਆਖਿਆ, ਚੱਲ ਉੱਠ ਮਰਦਾਨਿਆ, ਤਿਆਰ ਹੋ ਜਾ। ਇਹ ਵੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਕਠਿਨ ਯਾਤਰਾਵਾਂ ਅਤੇ ਵਿਸ਼ੇਸ਼ ਉਤਸਵਾਂ ਲਈ ਕਾਫ਼ਿਲੇ ਚੱਲਦੇ ਹੋਣਗੇ ਅਤੇ ਗੁਰੂ ਜੀ ਇਨ੍ਹਾਂ ਕਾਫ਼ਲਿਆਂ 'ਚ ਹੀ ਸ਼ਾਮਲ ਹੋ ਜਾਂਦੇ ਹੋਣਗੇ। (ਚਲਦਾ)

-ਮਨਮੋਹਨ ਬਾਵਾ

ਫੋਨ : 81307-82551