ਨਿਰਗੁਣ ਸ਼ਬਦ ਵਿਚਾਰ

09/18/2019 11:14:57 AM

ਨਿਰਗੁਣ ਸ਼ਬਦ ਵਿਚਾਰ
ਚੌਵੀਵੀਂ ਪਉੜੀ

ਤਿਸੁ ਊਚੇ ਕਉ ਜਾਣੈ ਸੋਇ।।

ਅੰਤੁ ਨ ਸਿਫਤੀ ਕਹਣਿ ਨ ਅੰਤੁ।। ਅੰਤੁ ਨ ਕਰਣੈ ਦੇਣਿ ਨ ਅੰਤੁ।। ਅੰਤੁ ਨ ਵੇਖਣਿ ਸੁਣਣਿ ਨ ਅੰਤੁ।। ਅੰਤੁ ਨ ਜਾਪੈ ਕਿਆ ਮਨਿ ਮੰਤੁ।। ਅੰਤੁ ਨ ਜਾਪੈ ਕੀਤਾ ਆਕਾਰੁ।। ਅੰਤੁ ਨ ਜਾਪੈ ਪਾਰਾਵਾਰੁ।। ਅੰਤੁ ਕਾਰਣਿ ਕੇਤੇ ਬਿਲਲਾਹਿ।। ਤਾ ਕੇ ਅੰਤੁ ਨ ਪਾਏ ਜਾਹਿ।। ਏਹੁ ਅੰਤੁ ਨ ਜਾਣੈ ਕੋਇ।। ਬਹੁਤਾ ਕਹੀਐ ਬਹੁਤਾ ਹੋਇ।। ਵਡਾ ਸਾਹਿਬ ਊਚਾ ਥਾਉ।। ਊਚੇ ਉਪਰਿ ਊਚਾ ਨਾਉ।। ਏਵਡੁ ਊਚਾ ਹੋਵੈ ਕੋਇ।। ਤਿਸੁ ਊਚੇ ਕਉ ਜਾਣੈ ਸੋਇ।। ਜੇਵਡੁ ਆਪਿ ਜਾਣੈ ਆਪਿ ਆਪਿ।। ਨਾਨਕ ਨਦਰੀ ਕਰਮੀ ਦਾਤਿ।।੨੪।।

ਇਸ ਪਉੜੀ ਦੀਆਂ ਛੇ ਸ਼ਾਖਾਵਾਂ ਨੇ। ਇਕ ਪੇੜ ਦੀਆਂ ਸ਼ਾਖਾਵਾਂ ਹੁੰਦੀਆਂ ਜਿਵੇਂ ਕਿਸੇ ਸਿਧਾਂਤ ਦੇ ਨੁਕਤੇ ਹੁੰਦੇ ਨੇ ਜਿਵੇਂ। ਛੇ ਨੁਕਤੇ ਨੇ। ਛੇ ਕੋਨ ਨੇ ਕਿਸੇ ਵੀ ਨੁਕਤੇ ਨੂੰ ਸਮਝਣ ਦੇ। ਜਾਵੀਏ ਨੇ। ਛੇ ਤਰੀਕੇ ਨੇ ਕੁੱਝ ਐਕਸਪਲੇਨ ਕਰਨ ਦੇ। ਛੇ ਰਾਹ ਨੇ। ਛੇ ਸੂਰਜ ਨੇ, ਫਲਸਫਈ ਚਮਕ ਮਾਰ ਰਹੇ। ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੂਰਜ ਹੀ ਨੇ। ਰਾਹ ਦਸੇਰੇ ਨੇ। ਮਤ ਵਿਚ ਰਤਨ ਜਵਾਹਰ ਮਾਣਕ ਪੈਦਾ ਕਰਨ ਦੀ ਸ਼ਕਤੀ ਰੱਖਣ ਵਾਲੇ। ਇਨ੍ਹਾਂ ਛੇਆਂ ’ਚ ਜੋ ਇਸ਼ਾਰੇ ਨੇ, ਸੈਨਤਾਂ ਨੇ, ਉਨ੍ਹਾਂ ਦਾ ਨਿੱਕਾ ਜਿਹਾ ਹਵਾਲਾ ਦੇਖਦੇ ਹਾਂ। ਪਹਿਲੇ ਨੁਕਤੇ ’ਚ ਬੰਦੇ ਦੇ ਅੰਤਰ ’ਚ ਪੈਦਾ ਜਗਿਆਸਾ ਹੈ। ਉਸੇ ਜਗਿਆਸਾ ਨੇ ਉਸ ਦਾ ਫਲਸਫੇ ਵੱਲ ਰਾਹ ਖੋਲ੍ਹਣਾ ਹੈ। ਉਹ ਹੈ ਕੀ? ਕੁਦਰਤ ਕੀ ਹੈ? ਕੁਦਰਤ ਦਾ ਵਿਗਾਸ ਕੀ ਹੈ? ਉਹਦੀ ਸਿਫਤ ਕੀ ਹੈ? ਉਹ ਕਿਵੇਂ ਕਰਦਾ ਹੈ? ਰਚਨਾ ਦਾ ਆਧਾਰ ਕੀ ਹੈ? ਕਿਵੇ ਰਚਿਆ ਗਿਆ ਇਹ ਸਾਰਾ ਸੰਸਾਰ? ਕਿਵੇਂ ਉਹ ਦੇ ਰਿਹਾ ਹੈ। ਯੁੱਗਾਂ-ਯੁੱਗਾਂ ਤੋਂ ਦੇ ਰਿਹਾ ਹੈ। ਲੈਣ ਵਾਲਾ ਥੱਕ ਗਿਆ ਹੈ ਪਰ ਉਹਦਾ ਭੰਡਾਰ ਅਮੁੱਕ ਹੈ। ਉਹਦੇ ਦੇਣ ਦਾ ਅੰਤ ਨਹੀਂ। ਵੇਖੀ ਜਾਓ ਜਿੱਥੇ ਤੱਕ ਨਜ਼ਰ ਜਾਂਦੀ ਹੈ। ਅਨੰਤ ਹੈ। ਕੋਈ ਕਿਨਾਰਾ ਨਹੀਂ। ਲੱਖਾਂ ਆਕਾਸ਼ ਨੇ, ਪਾਤਾਲ ਨੇ। ਧਰਤੀਆਂ ਨੇ। ਚੰਦਰਮਾ ਨੇ। ਤਾਰੇ ਨੇ। ਅਨੰਤ। ਅਸੀਮ ਹੈ ਸਭ ਕੁੱਝ। ਉਹਦੇ ਮਨ ਦੀ ਵੀ ਕੋਈ ਥਾਹ ਨਹੀਂ। ਕੋਈ ਅੰਤ ਨਹੀਂ। ਉਹ ਕੀ ਚਾਹੁੰਦਾ ਹੈ? ਉਹ ਕੀ ਕਰ ਦਿੰਦਾ ਹੈ? ਕੋਈ ਅੰਤ ਨਹੀਂ। ਅੰਤੁ ਨ ਸਿਫਤੀ ਕਹਣਿ ਨ ਅੰਤੁ।। ਅੰਤੁ ਨ ਕਰਣੈ ਦੇਣਿ ਨ ਅੰਤੁ।। ਅੰਤੁ ਨ ਵੇਖਣਿ ਸੁਣਣਿ ਨ ਅੰਤੁ।। ਅੰਤੁ ਨ ਜਾਪੈ ਕਿਆ ਮਨਿ ਮੰਤੁ।। ਇਹ ਉਹ ਹੈ ਜਿਸ ਨੂੰ ਕੋਈ ਵੀ ਮਨੁੱਖ ਚਿਤਵਦਾ ਹੈ। ਇਹ ਚਿਤਵਣਾ ਬਹੁਤ ਲਾਜ਼ਮੀ ਹੈ। ਬੰਦੇ ਦੇ ਮਨ ’ਚ ਜਗਿਆਸਾ ਜਾਗੀ ਹੈ। ਗੁਰੂ ਸਾਹਿਬ ਉਸ ਜਗਿਆਸਾ ਨੂੰ ਜਗਾ ਰਹੇ ਨੇ। ਜਾਗ ਰਹੀ ਹੈ। ਇਹ ਦਵੱਲੀ ਖਿੱਚ ਹੈ। ਉਹ ਜਗਾ ਵੀ ਰਹੇ ਨੇ ਖ਼ੁਦ ਉਸ ਅਨੰਤ ਅਨੰਦ ’ਚ ਘੁਲ਼-ਮਿਲ ਵੀ ਰਹੇ ਨੇ। ਉਹ ਕਿਤੇ ਅੰਤਰ ਧਿਆਨ ਹੋ ਕੇ ਉਸ ਦੀ ਸਿਫਤ ਨੂੰ ਮਹਿਸੂਸ ਵੀ ਕਰ ਰਹੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਧੁਰ ਡੂੰਘ ’ਚ ਕਿਤੇ ਨੀਝ ਵੀ ਪਈ ਹੁੰਦੀ ਹੈ। ਇਹ ਇਸ ਬਾਣੀ ਦੀ ਖੂਬਸੂਰਤੀ ਨੂੰ ਹੋਰ ਗਹਿਰਾਈ ਦਿੰਦੀ ਹੈ। ਨੀਝ।

ਦੂਸਰਾ ਨੁਕਤਾ ਫਿਰ ਉਸ ਕੁਦਰਤ ਦਾ ਬਲਿਹਾਰ ਗੁਣ ਹੈ। ਉਹ ਨੂੰ ਸਮਝਿਆ ਗਿਆ ਹੈ। ਇਹ ਜੋ ਅਨੰਤ ਅਕਾਰ ਹੈ, ਕਿਹਦਾ ਕੀਤਾ ਜਾਣਾ ਕਿਵੇਂ ਸੰਭਵ ਹੋਇਆ? ਇਹ ਫਿਰ ਕੁਦਰਤ ਦੇ ਕ੍ਰਿਸ਼ਮੇ ਦੇ ਬਲਿਹਾਰ ਜਾਣ ਵਾਲੀ ਹਾਲਤ ਹੈ। ਕਿਆ ਬਾਤ ਹੈ। ਅਸ਼ਕੇ। ਕੁੱਝ ਅਜਿਹੇ ਹੀ ਭਾਵ ਨੇ। ਤੇਰਾ ਤੂ ਹੀ ਜਾਣੇ। ਕਿਵੇਂ ਆਕਾਰ ਹੋਏ, ਕੋਈ ਪਾਰਾਵਾਰ ਨਹੀਂ। ਸੋਚਿਆ ਵੀ ਨਹੀਂ ਜਾ ਸਕਦਾ। ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਕੋਈ ਸੋਚ ਵੀ ਕਿਵੇਂ ਸਕਦਾ ਹੈ? ਅੰਤੁ ਨ ਜਾਪੈ ਕੀਤਾ ਆਕਾਰੁ ਅੰਤੁ ਨ ਜਾਪੈ ਪਾਰਾਵਾਰੁ ਇਹ ਵੀ ਨੀਝ ਹੀ ਹੈ। ਅੱਖਾਂ ਦੀ ਮੁੰਦਾਵਣੀ ਦੀ ਮਹਿਕ ਤੁਹਾਡੇ ਚੁਫੇਰੇ ਫਿਰ ਜਾਂਦੀ ਹੈ। ਗੁਰੂ ਸਾਹਿਬ ਜਿਵੇਂ ਅੱਖਾਂ ਮੁੰਦੀ ਉਸਦੀ ਸਿਫਤ ਨੂੰ ਨਿਹਾਰ ਰਹੇ ਨੇ। ਉਹਦੇ ਬਲਿਹਾਰ ਜਾ ਰਹੇ ਨੇ।

ਤੀਸਰਾ ਨੁਕਤਾ ਫਿਰ ਮਨੁੱਖੀ ਮਨ ਦੀ ਜਗਿਆਸਾ ਦਾ ਸਿਖਰ ਹੈ। ਪਹਿਲਾਂ ਉਹ ਇਸ ਕੁਦਰਤ ਦੇ ਪਾਸਾਰ ਦੀ ਅਨੰਤਤਾ ਨੂੰ ਸਮਝ ਰਿਹਾ ਹੈ। ਫਿਰ ਉਸ ਦੇ ਅਨੰਤ ਹੋ ਜਾਣ ਦੇ ਕਾਰਜ ਨੂੰ ਸਿਜਦਾ ਕਰਦਾ ਹੈ। ਫਿਰ ਉਹਦੇ ਅੰਤਰ ’ਚ ਕਿਤੇ ਬੈਰਾਗ ਜਾਗਿਆ ਹੈ। ਇਹ ਤੀਸਰੀ ਸਟੇਜ ਹੈ ਜਗਿਆਸਾ ਦੀ। ਬੈਰਾਗ। ਉਹਦੇ ਅੰਤਰ ਕੋਈ ਤੜਪਿਆ ਹੈ। ਸਤਿਗੁਰ ਉਹਦੇ ਵਾਸਤੇ ਸ਼ਬਦ ਇਸਤੇਮਾਲ ਕਰਦੇ ਨੇ ‘ਬਿਲਲਾਹਿ’। ਇਹ ਬਹੁਤ ਪਿਆਰਾ ਸ਼ਬਦ ਹੈ। ਜਦੋਂ ਕੋਈ ਆਪਣੇ ਪ੍ਰੀਤਮ ਲਈ ਤੜਪਦਾ ਹੈ। ਵਿਲਕਦਾ ਹੈ। ਅਜਿਹੀ ਭਾਵਨਾ ਹੀ ਬੰਦੇ ਨੂੰ ਕੁਦਰਤ ਨਾਲ ਜੋੜਦੀ ਹੈ। ਉਹਦੇ ਅੰਤ ਦੀ ਥਾਹ ਪਾਉਣ ਲਈ ਤੜਪ ਬਹੁਤ ਲਾਜ਼ਮੀ ਹੈ। ਉਹ ਤੜਪ ਰਿਹਾ ਹੈ। ਸਤਿਗੁਰ ਨਾਨਕ ਬੰਦੇ ਅੰਦਰ ਤੜਪ ਪੈਦਾ ਕਰ ਰਹੇ ਨੇ। ਕਦੇ ਮਹਿਸੂਸ ਕਰਨਾ ਕਿ ਕਿਵੇਂ ਸ਼ਬਦ ਰਾਹੀਂ ਬੰਦੇ ਅੰਦਰ ਗੁਰੂ ਨਾਨਕ ਦੇਵ ਜੀ ਤੜਪ ਪੈਦਾ ਕਰ ਦਿੰਦੇ ਨੇ। ਬੰਦਾ ਭਾਵੁਕ ਹੋ ਵਹਿ ਤੁਰਦਾ ਹੈ। ਇਹੀ ਤੜਪ ਜਗਾ ਰਹੇ ਨੇ ਉਹ। ਅੰਤੁ ਕਾਰਣਿ ਕੇਤੇ ਬਿਲਲਾਹਿ ਤਾ ਕੇ ਅੰਤੁ ਨ ਪਾਏ ਜਾਹਿ ਪਰ ਫਿਰ ਕੀ ਹੈ ਕਿ ਅੰਤ ਤਾਂ ਪਾਇਆ ਹੀ ਨਹੀਂ ਜਾ ਰਿਹਾ ਪਰ ਇੱਥੇ ਇਹ ਨਹੀਂ ਹੈ ਕਿ ਜੇਕਰ ਪਾਇਆ ਨਹੀਂ ਜਾ ਰਿਹਾ ਤਾਂ ਜੋ ਅਭਿਆਸ ਹੋ ਰਿਹੈ, ਉਹ ਦਾ ਕੋਈ ਅਰਥ ਹੀ ਨਹੀਂ ਹੈ। ਇਹ ਜੋ ਤੜਪ ਗੁਰੂ ਸਾਹਿਬ ਨੇ ਪੈਦਾ ਕੀਤੀ ਹੈ, ਜਦੋਂ ਸਿਖਰ 'ਤੇ ਪਹੁੰਚੇਗੀ ਤਾਂ ਮੁਕਤੀ ਵੱਲ ਵਧੇਗੀ।

ਅਗਾਂਹ ਚੌਥਾ ਨੁਕਤਾ ਉੱਭਰਦਾ ਹੈ। ਕੀ ਮਹਿਸੂਸ ਕਰਦੇ ਹੋ ਕਿ ਜਿੰਨਾ ਵੀ ਕਹਿ ਲਿਆ, ਬਹੁਤ ਕਹਿ ਲਿਆ ਪਰ ਉਹ ਤਾਂ ਉਹਦੇ ਤੋਂ ਵੀ ਅੱਗੇ ਹੈ। ਪਹਿਲਾਂ ਹੀ ਗੁਰੂ ਸਾਹਿਬ ਕਹਿ ਚੁੱਕੇ ਨੇ ਕਿ ਕਹੋਗੇ ਤਾਂ ਪਛਤਾਓਗੇ। ਇਸ ਵਾਸਤੇ ਆਤਮ-ਸਮਰਪਣ ਹੀ ਕਾਫੀ ਹੈ ਪਰ ਆਤਮ-ਸਮਰਪਣ ਕਿਸੇ ਰਸਤੇ ’ਚੋਂ ਲੰਘੇ ਬਗੈਰ ਹੋ ਨਹੀਂ ਸਕਣਾ। ਗੁਰੂ ਸਾਹਿਬ ਇਹ ਛੇ ਰਸਤੇ ਸਮਝਾਉਂਦੇ ਨੇ ਜਿਨ੍ਹਾਂ ਰਾਹੀਂ ਲੰਘਣਾ ਹੈ ਤੇ ਮੰਜ਼ਿਲ ਸਰ ਕਰਨੀ ਹੈ। ਏਹੁ ਅੰਤੁ ਨ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਇ ਇਹਨੂੰ ਨਹੀਂ ਜਾਣ ਸਕਦੇ। ਬਹੁਤਾ ਕਹਿੰਦੇ ਹੋ, ਹੋਰ ਅਗਾਂਹ ਨਜ਼ਰ ਆਉਣ ਲੱਗ ਜਾਂਦਾ ਹੈ। ਇਸ ਅਵਸਥਾ ਤੱਕ ਆਉਣਾ ਹੈ। ਬੌਰੀ ਅਵਸਥਾ। ਪਿਆਸ ਵਾਲੀ ਅਵਸਥਾ। ਮੁੱਕਦੀ ਹੀ ਨਹੀਂ। ਹੌਲੀ-ਹੌਲੀ ਤੁਹਾਡੇ ਅੰਤਰ 'ਚ ਕੁੱਝ ਘਟਿਤ ਹੋਵੇਗਾ। ਤੁਸੀਂ ਇਸ ਅਵਸਥਾ 'ਚ ਹੋਵੋਗੇ ਤਾਂ ਕੋਈ ਬੂਟੀ ਅੰਤਰ ’ਚ ਮੁਸ਼ਕ ਮਚਾਵੇਗੀ। ਕੋਈ ਫੁੱਲ ਖਿੜੇਗਾ ਅੰਤਰ ’ਚ ਕਿਤੇ। ਅੰਤ ਨਹੀਂ ਹੈ। ਬਹੁਤਾ ਕਹਿੰਦੇ ਹਾਂ, ਹੋਰ ਬਹੁਤਾ ਨਿਕਲ ਆਉਂਦੈ।

ਪਾਉੜੀ ਹੋਰ ਗਹਿਰੀ ਅਵਸਥਾ ’ਚ ਉੱਤਰ ਜਾਣ ਵਲ ਇਸ਼ਾਰਾ ਕਰ ਰਹੀ ਹੈ। ਗੁਰੂ ਨਾਨਕ ਦੇਵ ਬਹੁਤ ਗਹਿਰੇ ਉੱਤਰ ਗਏ ਨੇ। ਦੋ ਤਰ੍ਹਾਂ ਸਮਝਣਾ ਹੈ ਇਸ ਪਉੜੀ ਨੂੰ। ਇਕ ਆਪ ਖੁਦ ਇਸ ਅਵਸਥਾ ਦਾ ਅਭਿਆਸ ਕਰਨਾ ਹੈ। ਦੂਸਰਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਇਸ ਅਵਸਥਾ ’ਚ ਉਤਰਦਿਆਂ ਮਹਿਸੂਸ ਕਰਨਾ ਹੈ। ਉਨ੍ਹਾਂ ਦਾ ਜਾਹਰਾ ਰੂਪ ਤੱਕ ਤੁਸੀਂ ਮਹਿਸੂਸ ਕਰ ਸਕਦੇ ਹੋ। ਜ਼ਰਾ ਅੰਤਰ ’ਚ ਉਤਰ ਕੇ ਤਾਂ ਦੇਖੋ। ਅਗਲੀ ਅਵਸਥਾ ਉਸ ਅੱਗੇ ਹਥਿਆਰ ਸੁੱਟ ਦੇਣ ਦੀ ਹੈ। ਇਹ ਕਹਿ ਦੇਣ ਦੀ ਕੀ ਤੂੰ ਹੀ ਜਾਣ ਸਕਨਾ ਏਂ। ਬੱਸ ਸਿਰਫ ਤੇ ਸਿਰਫ ਤੂੰ। ਵਡਾ ਸਾਹਿਬ ਊਚਾ ਥਾਉ ਊਚੇ ਉਪਰਿ ਊਚਾ ਨਾਉ ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕਉ ਜਾਣੈ ਸੋਇ ਉਹ ਵੱਡਾ ਹੈ। ਉਸਦਾ ਸਥਾਨ ਵੱਡਾ ਹੈ। ਹੁਣ ਜਿਹਨੇ ਜਾਣਨਾ ਹੈ, ਉਹ ਓਡਾ ਵੱਡਾ ਹੀ ਹੋਵੇਗਾ ਤਾਂ ਹੀ ਜਾਣ ਸਕਦਾ ਹੈ। ਕੀ ਕੋਈ ਹੋ ਸਕਦਾ ਹੈ ਓਡਾ ਵੱਡਾ? ਹਾਂ। ਹੋ ਸਕਦਾ ਹੈ। ਇਹ ਵੀ ਅਵਸਥਾ ਹੈ ਤੇ ਇਹ ਉਹੀ ਵਿਲੀਨਤਾ ਵਾਲੀ ਅਵਸਥਾ। ਜਿਸਨੂੰ ਸਤਿਗੁਰੂ ਰਵਿਦਾਸ ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ਨਾਲ ਸੰਬੋਧਨ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਅਵਸਥਾ ਵੱਲ ਇਸ਼ਾਰਾ ਕਰ ਰਹੇ ਨੇ। ਉਹੀ ਜਾਣ ਸਕਦਾ ਹੈ। ਹਾਂ ਇਹ ਹੈ ਕਿ ਜਾਣ ਜ਼ਰੂਰ ਸਕਦਾ ਹੈ।

ਆਖਰੀ ਜੋ ਨੁਕਤਾ ਹੈ, ਜੋ ਰਾਹ ਹੈ, ਉਹ ਤੁਹਾਨੂੰ ਸਿਖਰ ’ਤੇ ਲੈ ਗਿਆ ਹੈ। ਤੁਸੀਂ ਸਮਝਣ ਲੱਗ ਪਏ ਹੋ। ਉਹ ਜੇਡਾ ਆਪ ਹੈ, ਆਪ ਹੀ ਜਾਣ ਸਕਦਾ ਹੈ। ਇਹ ਵਿਲੀਨਤਾ ਤੱਕ ਦਾ ਸਫਰ ਹੈ। ਗੁਰੂ ਨਾਨਕ ਦੇਵ ਜੀ ਦੇ ਜਲ 'ਚ ਜਲ ਹੋ ਜਾਣ ਵਾਲਾ ਅਹਿਸਾਸ ਹੈ। ਕੁਦਰਤ ’ਚ ਕੁਦਰਤ ਹੋ ਜਾਣ ਵਾਲਾ। ਜੇਵਡੁ ਆਪਿ ਜਾਣੈ ਆਪਿ ਆਪਿ।। ਨਾਨਕ ਨਦਰੀ ਕਰਮੀ ਦਾਤਿ।।੨੪।। ਅਤੇ ਇਹ ਜੋ ਅਵਸਥਾ ਹੈ, ਇਹ ਫਿਰ ਉਸਦੀ ਨਦਰਿ ਕਰਕੇ ਸੰਭਵ ਹੈ। ਜੇਕਰ ਉਹਦੀ ਮਿਹਰ ਹੋ ਗਈ। ਉਸ ਨੇ ਕਿਤੇ ਦਯਾ ਕਰ ਦਿੱਤੀ। ਫਿਰ ਇਸ ਅਵਸਥਾ ਨੂੰ ਪਾਇਆ ਜਾ ਸਕਦੈ। ਪਰੰਤੂ ਇੱਥੇ ਤੱਕ, ਨਦਰਿ ਤੱਕ, ਪਹੁੰਚਣ ਲਈ ਗੁਰੂ ਸਾਹਿਬ ਇਸ ਪਾਉੜੀ ਰਾਹੀਂ ਬੰਦੇ ਨੂੰ ਐਨ ਕਿਨਾਰੇ ਲੈ ਜਾਂਦੇ ਨੇ, ਜਿੱਥੇ ਨਦਰਿ ਸੰਭਵ ਹੈ। ਉਸ ਮੁਕਾਮ ’ਚ ਜਿੱਥੇ ਨੂਰ ਬਰਸਦਾ ਹੈ। ਅਸੀਂ ਗੁਰੂ ਨਾਨਕ ਦੇਵ ਜੀ ’ਤੇ ਨੂਰ ਬਰਸਦਾ ਮਹਿਸੂਸ ਕਰਨ ਲੱਗਦੇ ਹਾਂ।

-ਦੇਸ ਰਾਜ ਕਾਲੀ

7986702493