ਕਰਤਾਰਪੁਰਿ ਕਰਤਾ ਵਸੈ-4

11/03/2019 9:35:49 AM

ਸੰਨ 2018 ਫਰਵਰੀ ਵਿਚ ਮੈਨੂੰ ਲਾਂਘੇ ਤੋਂ ਅਣਛੋਹੇ ਕਰਤਾਰਪੁਰ ਦਰਸ਼ਨ ਕਰਨ ਦਾ ਸੁਭਾਗ ਮਿਲਿਆ।

ਮੇਰੀ ਕਰਤਾਰਪੁਰ ਦੀ ਯਾਤਰਾ ਅਗੰਮੀ ਸੀ। ਮੇਰੇ ਨਾਲ ਮੇਰਾ ਅਮਰੀਕਾ ਜੰਮਿਆ-ਪਲਿਆ ਨੌਜਵਾਨ ਪੁੱਤਰ ਵੀ ਸੀ। ਅਸੀਂ ਜਿਵੇਂ ਕਿਸੇ ਹੋਰ ਈ ਦੁਨੀਆ ਵਿਚ ਚਲੇ ਗਏ। ਇੰਜ ਜਾਪਿਆ ਅਸੀਂ ਬਾਬਾ ਜੀ ਦੇ ਅੰਗ-ਸੰਗ ਹਾਂ। ਆਸਪਾਸ ਗੂੜ੍ਹੀਆਂ ਸਾਵੀਆਂ ਫ਼ਸਲਾਂ, ਰੁੱਖ, ਪੰਛੀ, ਸੁੱਚੀ ਹਵਾ, ਮਿੱਟੀ ਦੀ ਮਹਿਕ ਸਾਡੇ ਅੰਗ-ਅੰਗ ਪਈ ਸਮਾਂਦੀ ਸੀ। ਬਾਬਾ ਜੀ ਨੇ ਇਸੇ ਥਾਂ ਵੱਲ ਕੇ ਖੇਤੀ ਕੀਤੀ ਅਤੇ ਸੰਗਤ ਜੋੜੀ ਸੀ। ਇਨ੍ਹਾਂ ਹੀ ਖੇਤਾਂ ਦੀ ਮਿੱਟੀ ਨਾਲ਼ ਬਾਬਾ ਜੀ ਮਿੱਟੀ ਹੁੰਦੇ ਹੋਣਗੇ। ਮੈਂ ਨਿੰਵ ਕੇ ਕੱਚੇ ਰਾਹ ਦੀ ਧੂੜ ਮੱਥੇ ਲਾਈ। ਮੇਰੀਆਂ ਅੱਖੀਆਂ ਭਰ ਆਈਆਂ। ਚਹੁੰ ਘੰਟੇ ਮੇਰੇ ਹੰਝੂ ਨਹੀਂ ਸੀ ਰੁਕੇ। ਮੇਰਾ ਪੁੱਤਰ ਜੋ ਭਾਰਤ ਦੇ ਗੁਰਦਵਾਰਿਆਂ ਦੀ ਹਾਲਤ ਦੇਖ-ਦੇਖ ਅੱਕ ਚੁੱਕਿਆ ਸੀ; ਉਹਨੂੰ ਵੀ ਕਰਤਾਰਪੁਰ ਨੇ ਕੀਲ ਲਿਆ-ਉਹਦਾ ਹਾਲ ਵੀ ਮੇਰੇ ਵਾਲਾ ਹੀ ਸੀ। ਇੰਜ ਜਾਪਿਆ ਬਾਬਾ ਜੀ ਦਾ ਹੱਥ ਸਾਡੇ ਸਿਰ 'ਤੇ ਟਿਕਿਆ ਹੈ।

ਗੁਰਦੁਆਰੇ ਵਾਲਿਆਂ ਕੁਝ ਏਕੜ ਖ਼ਰੀਦ ਕੇ ਦੇਸੀ (ਆਰਗੈਨਿਕ) ਖੇਤੀ ਕਰ ਰੱਖੀ ਸੀ। ਓਹੀ ਅੰਨ, ਸਬਜ਼ੀ, ਦਾਲ ਗੁਰਦੁਆਰੇ ਦੇ ਲੰਗਰ ਵਿਚ ਪੱਕਦੀ ਸੀ। ਖੇਤਾਂ ਵਿਚ ਭਉਂਦਿਆਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ ਦੀ ਮਹਿਮਾ ਨਜ਼ਰ ਆਂਵਦੀ ਸੇ।

ਈਸਾਈ ਲਾਂਗਰੀ ਦੇ ਹੱਥਾਂ ਦਾ ਪੱਕਿਆ ਲੰਗਰ ਅਸਾਂ ਪੰਗਤ ਵਿਚ ਬਹਿ ਕੇ ਛਕਿਆ। ਨਾਲ਼ ਮੁਸਲਮਾਨ ਸੰਗਤੀਏ ਵੀ ਸਨ। ਏਨਾ ਸਵਾਦ ਅਤੇ ਵਿਸਮਾਦ ਅਸਾਂ ਨੂੰ ਪਹਿਲੀ ਵਾਰ ਨਸੀਬ ਹੋਇਆ। ਫੇਰ ਗੁਰਦੁਆਰੇ ਦੇ ਭਾਈ ਜੀ ਤੇ ਇਨ੍ਹਾਂ ਦੀ ਪਤਨੀ ਨੇ ਸਾਨੂੰ ਕਮਾਦ 'ਚੋਂ ਗੰਨੇ ਭੰਨ ਕੇ ਚੂਪਣ ਲਈ ਦਿੱਤੇ। ਰਸ ਨਿਰਾ ਅੰਮ੍ਰਿਤ ਸੀ।

ਫੇਰ ਨਵੰਬਰ 2018 ਵਿਚ ਕਰਤਾਰਪੁਰ ਦੇ ਲਾਂਘੇ ਦੀਆਂ ਖ਼ਬਰਾਂ ਨਾਲ ਦੁਨੀਆ ਭਰ ਦੀ ਨਾਨਕ ਨਾਮਲੇਵਾ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸਰਕਾਰਾਂ ਦਾ ਕੀਤਾ ਸਿਰ-ਮੱਥੇ। ਪਰ ਕਰਤਾਰਪੁਰ ਵਿਚ ਫ਼ਾਈਵ ਸਟਾਰ ਹੋਟਲ ਖੋਲ੍ਹਣ ਅਤੇ ਟੂਰਿਜ਼ਮ ਦੇ ਨਾਂ 'ਤੇ ਅੰਨ੍ਹੇਵਾਹ ਬਿਨਾਂ ਸੋਚ ਕੇ ਬਣਾਈਆਂ ਪਲੈਨਾਂ ਤੇ ਫ਼ਿਲਮ ਵਿਚ ਦਿਖਾਏ ਮਾਡਲਾਂ ਨੂੰ ਵੇਖ ਸੁਣ ਕੇ ਮੇਰਾ ਚਾਅ ਮੱਠਾ ਪੈ ਗਿਆ। ਮੈਨੂੰ ਇਸ ਗੱਲ ਦੀ ਚਿੰਤਾ ਲੈ ਬੈਠੀ ਕਿ ਸਰਕਾਰ ਕਰਤਾਰਪੁਰ ਦੀ ਰੂਹਾਨੀ ਦਿਖ ਵੀ ਨਨਕਾਣੇ ਤੇ ਚੜ੍ਹਦੇ ਪੰਜਾਬ ਦੇ ਹੋਰ ਗੁਰਦਵਾਰਿਆਂ ਵਾਲੀ ਹੀ ਨਾ ਬਣਾ ਦੇਵੇ।

ਕਾਰ ਸੇਵਾ ਦੇ ਨਾਂ 'ਤੇ ਪੂਰਬੀ ਪੰਜਾਬ ਵਿਚ ਸਾਡੀ ਵਿਰਾਸਤ ਰੋਲ ਕੇ ਥਾਂ-ਥਾਂ ਸੰਗਮਰਮਰ ਅਤੇ ਸ਼ੀਸ਼ਾ ਥੱਪ ਦਿੱਤਾ ਗਿਆ ਹੈ। ਸਦੀਆਂ ਪਹਿਲਾਂ ਬਣੇ ਕੰਧ ਚਿਤਰਾਂ 'ਤੇ ਸਫ਼ੈਦੀ ਫੇਰ ਦਿੱਤੀ ਗਈ ਹੈ। ਤਵਾਰੀਖ਼ੀ ਰੁੱਖ ਵੱਢ ਦਿੱਤੇ ਗਏ ਨੇ, ਖੇਤਾਂ ਤੇ ਬਣਾਂ ਨੂੰ ਪੱਥਰ ਹੇਠ ਦੱਬ ਦਿੱਤਾ ਗਿਆ ਏ। ਪਾਕਿਸਤਾਨ ਵਿਚ ਥੋੜ੍ਹਾ ਬਚਾਅ ਹੋ ਗਿਆ ਹੈ, ਕਿਉਂਕਿ 'ਕਾਰਸੇਵਾ' ਵਾਲੇ ਇਥੇ ਪੂਰੀ ਤਰ੍ਹਾਂ ਪੁੱਜ ਨਹੀਂ ਸਕੇ। ਪਰ ਇਥੇ ਵੀ ਗੁਰਦੁਆਰਾ ਡੇਰਾ ਸਾਹਿਬ, ਬਾਲ ਲੀਲਾ, ਤੰਬੂ ਸਾਹਿਬ ਤੇ ਸਿੰਘ-ਸਿੰਘਣੀਆਂ ਵਿਚ ਬਣਾਉਟੀ ਸਜਾਵਟ ਦਾ ਕਹਿਰ ਝੁੱਲਣਾ ਸ਼ੁਰੂ ਹੋ ਗਿਆ ਏ।

ਮੈਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਤੋਂ ਲੈ ਕੇ ਵਜ਼ੀਰੇ ਆਲਾ ਪੰਜਾਬ ਨੂੰ; ਫ਼ੌਜੀ ਜਰਨੈਲ ਤੋਂ ਲੈ ਕੇ ਗਵਰਨਰ ਪੰਜਾਬ ਨੂੰ ਕਈ ਚਿੱਠੀਆਂ ਲਿਖੀਆਂ। ਕਈ ਅਖ਼ਬਾਰਾਂ ਵਿਚ ਲੇਖ ਲਿਖੇ। ਕੈਨੇਡਾ ਫੇਰੀ 'ਤੇ ਆਏ ਗਵਰਨਰ ਪੰਜਾਬ ਨੂੰ ਮੈਂ ਆਪ-ਆਪਣੀ ਟੀਮ ਨਾਲ ਜਾ ਕੇ ਮਿਲ਼ੀ।

ਸੋਸ਼ਲ ਮੀਡੀਆ 'ਤੇ ਦਸਤਖ਼ਤੀ ਮੁਹਿੰਮ ਚਲਾਈ।

ਮੇਰੇ ਆਖੇ ਦਾ ਦੁਨੀਆ ਭਰ ਦੇ ਸੈਂਕੜੇ ਪਾਠਕਾਂ ਨੇ ਹੁੰਗਾਰਾ ਭਰਿਆ। ਆਨਲਾਈਨ ਪਟੀਸ਼ਨ ਤੇ 18,000 ਤੋਂ ਵੱਧ ਨਾਨਕ ਨਾਮ ਲੇਵਾ ਸੰਗਤ ਨੇ ਹਮਾਇਤ ਕੀਤੀ। ਨਵਜੋਤ ਸਿੰਘ ਸਿੱਧੂ ਨੇ ਮੇਰੀ ਗੁਜ਼ਾਰਿਸ਼ ਮੰਨ ਕੇ ਇਮਰਾਨ ਖ਼ਾਨ ਸਾਹਿਬ ਨੂੰ ਖ਼ਤ ਲਿਖਿਆ। ਇਕ ਸਾਲ ਵਿਚ ਸਾਡੇ ਕੋਲ਼ੋਂ ਜੋ ਸਰਿਆ, ਅਸੀਂ ਕੀਤਾ। ਪਰ ਸਾਡੀ ਕਿਸੇ ਨੇ ਨਾ ਸੁਣੀ।

ਅਸੀਂ ਪਾਕਿਸਤਾਨੀ ਸਰਕਾਰ ਨੂੰ ਦੁਹਾਈ ਦਿੱਤੀ ਕਿ ਰੱਬ ਦੇ ਵਾਸਤੇ ਕਰਤਾਰਪੁਰ ਨੂੰ ਕਰਤਾਰਪੁਰ ਹੀ ਰੱਖਣਾ, ਇਹਨੂੰ ਚੜ੍ਹਦੇ ਪੰਜਾਬ ਦੇ ਸੈਂਕੜੇ ਗੁਰਦੁਆਰਿਆਂ ਵਾਂਗ ਚਿੱਟੇ ਪੱਥਰ ਦਾ ਜੰਗਲ ਨਾ ਬਣਾ ਦੇਣਾ।

ਅਸੀਂ ਗੁਜ਼ਾਰਿਸ਼ ਕੀਤੀ ਕਿ:

1.
ਵਿਰਾਸਤੀ ਪਿੰਡ ਕਰਤਾਰਪੁਰ ਦੀ ਦਿੱਖ ਓਵੇਂ ਦੀ ਹੀ ਹੋਵੇ, ਜਿਵੇਂ ਕਿ ਬਾਬੇ ਨਾਨਕ ਦੇ ਵੇਲੇ ਹੋਈ ਹੋਵੇਗੀ। ਕੁਦਰਤ ਦੇ ਵਾਸੇ ਵਾਸਤੇ ਗੁਰਦੁਆਰੇ ਦੁਆਲ਼ੇ ਸੌ ਏਕੜ ਖੇਤਾਂ ਵਿਚ ਪਹਿਲਾਂ ਵਾਂਗ ਹੀ ਦੇਸੀ ਖੇਤੀ ਹੁੰਦੀ ਰਹੇ। ਇਕ ਸੌ ਏਕੜ 'ਚੋਂ ਅੱਧੀ ਜ਼ਮੀਨ ਵਿਚ ਫਲ਼ਾਂ ਦਾ ਬਾਗ਼ ਹੋਵੇ। ਆਲ਼ੇ-ਦੁਆਲ਼ੇ ਵਣ ਲਾ ਦਿੱਤਾ ਜਾਵੇ, ਜਿੱਥੇ ਦੇਸੀ ਰੁੱਖ ਲਾਏ ਜਾਣ। ਇਸ ਨਾਲ਼ ਸਾਫ਼ ਪੌਣ-ਪਾਣੀ ਦਾ, ਪੰਛੀਆਂ-ਪੰਖੇਰੂਆਂ ਦਾ ਵਾਸਾ ਹੋਵੇ, ਜਿਵੇਂ ਗੁਰੂ ਜੀ ਵੇਲੇ ਹੁੰਦਾ ਸੀ।

2. ਗੁਰਦੁਆਰੇ ਦਾ ਹੁਣ ਵਾਲਾ ਭਵਨ ਅਤੇ ਵਿਹੜਾ ਵੀ ਇੰਜ ਦਾ ਹੀ ਰੱਖਿਆ ਜਾਵੇ। ਵਿਰਾਸਤੀ ਮਾਹਿਰਾਂ ਦੀ ਸਲਾਹ ਨਾਲ਼ ਗੁਰੂ ਜੀ ਨਾਲ਼ ਜੁੜੀਆਂ ਥਾਵਾਂ ਮੁੜ ਉਸਾਰੀਆਂ ਜਾਵਣ ਅਤੇ ਉਨ੍ਹਾਂ ਨੂੰ ਦਰਬਾਰ ਸਾਹਿਬ, ਤੇ ਨਾਲ ਦੀ ਖੂਹੀ ਨਾਲ਼ ਪੈਦਲ ਡੰਡੀ ਨਾਲ਼ ਜੋੜਿਆ ਜਾਵੇ। ਨਵੀਂ ਉਸਾਰੀ ਦੀ ਦਿੱਖ ਗੁਰੂ ਜੀ ਦੇ ਵੇਲੇ ਵਾਲ਼ੀ ਹੋਵੇ; ਅੱਜ ਦੇ ਚਿੱਟੇ ਪੱਥਰ ਦੀ ਦਿੱਖ ਨਹੀਂ। ਜ਼ਰੂਰੀ ਰਿਹਾਇਸ਼ੀ ਇਮਾਰਤਾਂ ਦਰਬਾਰ ਸਾਹਿਬ ਤੋਂ ਚੋਖੀ ਦੂਰ,ਖੇਤਾਂ ਦੇ ਬਾਹਰਵਾਰ ਹੋਣ।

3. ਆਵਾਜਾਈ ਵਧੇਰੇ ਪੈਦਲ ਵਾਲੀ ਰੱਖੀ ਜਾਵੇ। ਸਿਰਫ਼ ਬਜ਼ੁਰਗਾਂ ਅਤੇ ਲੋੜਵੰਦ ਸੰਗਤ ਨੂੰ ਢੋਣ ਲਈ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਹੋਣ। ਕਰਤਾਰਪੁਰ ਪਿੰਡ ਵਿਚ ਕੋਈ ਆਪਣੀ ਮੋਟਰ-ਕਾਰ ਨਾ ਲਿਆ ਸਕੇ। ਪਲਾਸਟਿਕ ਬੈਗਾਂ, ਸ਼ਾਪਰਾਂ, ਬੋਤਲਾਂ 'ਤੇ ਸਖ਼ਤ ਰੋਕ ਲੱਗੇ।

4. ਪਿੰਡ ਵਿਚ ਗੁਰੂ ਦੇ ਵੇਲੇ ਤੇ ਪੰਜਾਬ ਦੀ ਜੱਦੀ ਕਲਾ, ਖਾਣ-ਪੀਣ ਤੇ ਸੰਗੀਤ ਨੂੰ ਮੁੜ ਉਸਾਰਿਆ ਜਾਵੇ। ਰਾਗੀਆਂ ਢਾਡੀਆਂ-ਰਬਾਬੀਆਂ, ਕਵੀਸ਼ਰਾਂ ਨੂੰ ਤਰਜੀਹ ਦਿੱਤੀ ਜਾਵੇ।

5. ਬਾਬੇ ਨਾਨਕ, ਭਾਈ ਮਰਦਾਨੇ ਅਤੇ ਬੇਬੇ ਨਾਨਕੀ ਦੀ ਯਾਦ ਵਿਚ ਯੂਨੀਵਰਸਿਟੀ ਉਸਾਰੀ ਜਾਵੇ; ਜੋ ਵਾਤਾਵਰਣ, ਦੇਸੀ ਖੇਤੀ, ਸੰਗੀਤ, ਗੁਰਬਾਣੀ, ਪੁਰਾਤਨ ਕਲਾ ਤੇ ਅਦਬ ਦੀ ਤਾਮੀਲ ਦੁਨੀਆ ਭਰ ਦੇ ਸਿਖਿਆਰਥੀਆਂ ਨੂੰ ਦੇ । ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੁਲਕਾਂ ਨੂੰ ਬਾਬੇ ਨਾਨਕ ਦੇ ਫ਼ਲਸਫ਼ੇ ਤੇ ਇਸ ਧਰਤੀ ਨਾਲ਼ ਜੋੜੇ।

ਮੇਰੇ ਵਰਗੀ ਲੱਖਾਂ ਲੋਕਾਂ ਦੀ ਸੰਗਤ ਦੀ ਇਹ ਪੁਕਾਰ ਕੋਈ ਪਾਕਿਸਤਾਨ ਸਰਕਾਰ ਦੇ ਕੰਨੀਂ ਪਾ ਦੇਵੇ ਅਤੇ ਗੁਰੂ ਬਾਬਾ ਨਾਨਕ ਦਾ ਕਰਤਾਰਪੁਰ ਉਸੀ ਤਰ੍ਹਾਂ ਸਿਰਜਿਆ ਜਾਵੇ, ਜਿਵੇਂ ਕਿ ਉਨ੍ਹਾਂ ਨੇ ਸੋਚਿਆ ਅਤੇ ਸਾਜਿਆ ਸੀ। ਹਾਲੇ ਵੀ ਸਮਾਂ ਏ -ਦੂਜੇ ਪੜਾਅ ਨੂੰ ਸੋਚ-ਸਮਝ ਕੇ ਆਰੰਭਿਆ ਜਾਵੇ।

ਆਵਣ ਵਾਲ਼ੀਆਂ ਪੀੜ੍ਹੀਆਂ ਕਰਤਾਰਪੁਰ ਦੀ ਇਸ ਜਿਊਂਦੀ-ਜਾਗਦੀ ਮਿੱਟੀ ਨਾਲ਼ ਹੀ ਜੁੜਨਗੀਆਂ; ਚਿੱਟੇ ਪੱਥਰ ਹੇਠ ਤੇ ਦੁਨੀਆ ਦੀ ਹੋਰ ਬਹੁਤ ਸਾਰੀ ਮਿੱਟੀ ਦੱਬੀ ਪਈ ਏ।

(ਬਾਲ-ਸਾਹਿਤਕਾਰ ਗੁਰਮੀਤ ਕੌਰ ਐਟਲਾਂਟਾ (ਅਮਰੀਕਾ) ਤੇ ਟੋਰੋਂਟੋ (ਕਨੇਡਾ) ਰਹਿੰਦੀ ਏ।)

-ਗੁਰਮੀਤ ਕੌਰ

Baljeet Kaur

This news is Content Editor Baljeet Kaur